
ਦਸਵੀਂ ਦੇ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੋਮਵਾਰ ਨੂੰ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ। ਜਿਸ ਵਿੱਚ ਭਾਈ ਰਣਜੀਤ ਸਿੰਘ ਅਤੇ ਬਠਿੰਡਾ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਢਾਡੀ ਜਥਿਆਂ ਨੇ ਭਾਈ ਬਚਿੱਤਰ ਸਿੰਘ ਵੱਲੋਂ ਦੇਸ਼ ਕੌਮ ਅਤੇ ਧਰਮ ਬਚਾਉਣ ਖਾਤਰ ਮੁਗਲ ਹਕੂਮਤ ਨਾਲ ਜੰਗ ਲੜਦੇ ਸਮੇਂ ਖੂੰਨੀ ਹਾਥੀ ਨਾਲ ਮੁਕਾਬਲਾ ਕਰਨ ਦਾ ਪੂਰਾ ਪ੍ਰਸੰਗ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਸੁਣਾਇਆ। ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਇਲਾਹੀ ਬਾਣੀ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਹਰਜੀਤ ਸਿੰਘ ਹਰਮਨ ਸ਼ਾਹਬਾਦ ਮਾਰਕੰਡਾ ਨੇ ਆਪਣੇ ਪ੍ਰਵਚਨਾਂ ਰਾਹੀਂ ਤਿਲਕ ਜੰਝੂ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਤੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਬਾਰੇ ਦੱਸਿਆ।
ਇਸ ਮੌਕੇ ਸ਼੍ਰੋਮਣੀ ਪ੍ਰਚਾਰਕ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ, ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ, ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬੀਬੀ ਰਵਿੰਦਰ ਕੌਰ ਖਾਲਸਾ, ਬੀਬੀ ਹਰਜਿੰਦਰ ਕੌਰ, ਭਾਈ ਸੁਰਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਹਰਬਖ਼ਸ਼ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵੱਲੋਂ ਸਾਰੇ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਗੰਨੇ ਦੇ ਰਸ ਦੀ ਛਬੀਲ, ਖੀਰ, ਜਲੇਬੀਆਂ ਅਤੇ ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਿਆ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਅਸਥਾਨ ਤੇ ਆਉਣ ਵਾਲੀ ਮਿਤੀ 15 ਦਸੰਬਰ ਨੂੰ ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੂਜੇ ਸਾਹਿਬਜਾਦੇ ਬਾਬਾ ‚ਜ਼ੋਰਾਵਰ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੁਰਵਕ ਮਨਾਇਆ ਜਾਵੇਗਾ। ਇਸ ਦਿਨ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਇਸ ਉਪਰੰਤ ਉੱਚ ਕੋਟੀ ਦੇ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ, ਸੰਤ ਵਿਦਵਾਨ ਸੰਗਤਾਂ ਨੂੰ ਸਾਰਾ ਦਿਨ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ।