Nabaz-e-punjab.com

ਪੰਜਾਬ ਪੁਲੀਸ ਨੇ ਹਥਿਆਰਾਂ ਸਮੇਤ ਪਠਾਨਕੋਟ ਤੋਂ ਦਬੋਚਿਆ ਲਸ਼ਕਰ-ਏ-ਤੋਇਬਾ ਦਾ ਤੀਜਾ ਕਾਰਕੁਨ

ਆਪਣੇ ਸਾਥੀਆਂ ਦੀ ਗ੍ਰਿਫਤਾਰੀ ਪਿੱਛੋਂ ਬਚਕੇ ਕਸ਼ਮੀਰ ਭੱਜਣ ਦੀ ਕੋਸਿ਼ਸ਼ ਕਰ ਰਿਹਾ ਸੀ ਜਾਵੇਦ: ਡੀ.ਜੀ.ਪੀ.

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਜੂਨ:
ਕਸ਼ਮੀਰ ਵਾਦੀ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸਿ਼ਸ਼ ਕਰਨ ਵਾਲੇ , ਜੰਮੂ ਕਸ਼ਮੀਰ ਨਾਲ ਸਬੰਧਤ ਦੋ ਲਸ਼ਕਰ-ਏ-ਤੋਇਬਾ ਦੇ ਕਾਰਕੁਨ ਆਮਿਰ ਹੁਸੈਨ ਵਾਨੀ ਅਤੇ ਵਸੀਮ ਹਸਨ ਵਾਨੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ, ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਤੀਜੇ ਸਾਥੀ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ, ਜਦੋਂ ਉਹ ਕਸ਼ਮੀਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਤੀਜੇ ਸ਼ੱਕੀ ਅੱਤਵਾਦੀ ਦੀ ਪਛਾਣ ਜਾਵੇਦ ਅਹਿਮਦ ਭੱਟ (29 ਸਾਲ) ਪੁੱਤਰ ਗੁਲਾਮ ਅਹਿਮਦ ਭੱਟ ਵਾਸੀ ਪਿੰਡ ਸ਼ਰਮਲ, ਜਿ਼ਲ੍ਹਾ. ਸ਼ੋਪੀਆਂ (ਜੰਮੂ ਕਸ਼ਮੀਰ) ਵਜੋਂ ਹੋਈ ਹੈ। ਪਠਾਨਕੋਟ ਪੁਲਿਸ ਦੁਆਰਾ ਉਸ ਨੂੰ ਅੰਮ੍ਰਿਤਸਰ-ਜੰਮੂ ਹਾਈਵੇਅ `ਤੇ ਧੋਬੜਾ ਪੁਲ, ਪਠਾਨਕੋਟ ਤੋਂ ਉਸਦੇ ਟਰੱਕ ਨੰਬਰ ਜੇ.ਕੇ.-22- 8711 ਸਮੇਤ ਰੋਕਿਆ ਗਿਆ ਅਤੇ ਗ੍ਰਿਫਤਾਰ ਕਰ ਲਿਆ, ਜਦੋਂ ਉਹ ਆਪਣੇ ਸਾਥੀਆਂ ਗ੍ਰਿਫਤਾਰੀ ਦੀ ਜਾਣਕਾਰੀ ਮਿਲਣ`ਤੇ ਵਾਦੀ ਵੱਲ ਭੱਜਣ ਦੀ ਕੋਸਿ਼ਸ਼ ਕਰ ਰਿਹਾ ਸੀ।
ਡੀਜੀਪੀ ਦਿਨਕਰ ਗੁਪਤਾ ਅਨੁਸਾਰ, ਜਾਵੇਦ ਉਸੇ ਹੀ ਪਿੰਡ ਦਾ ਰਹਿਣ ਵਾਲਾ ਹੈ, ਜਿੱਥੇ ਦੇ ਪਹਿਲਾਂ ਫੜੇ ਲਸ਼ਕਰ ਦੇ ਦੋ ਹੋਰ ਕਾਰਕੁਨ ਹਨ, ਅਤੇ ਇਹ ਉਨ੍ਹਾਂ ਦਾ ਬਚਪਨ ਦਾ ਦੋਸਤ ਹੈ। ਇਹ ਤਿਕੜੀ ਪਿਛਲੇ 2-3 ਸਾਲਾਂ ਤੋਂ ਇਕੱਠੇ ਟਰਾਂਸਪੋਰਟ ਦਾ ਕਾਰੋਬਾਰ ਕਰ ਰਹੀ ਸੀ ਅਤੇ ਉਹ ਦਿੱਲੀ, ਅੰਮ੍ਰਿਤਸਰ ਅਤੇ ਜਲੰਧਰ ਆਉਣ ਜਾਣ ਲੱਗਿਆ ਰਹਿੰਦਾ ਸੀ। ਜੰਮੂ-ਕਸ਼ਮੀਰ ਦੇ ਹੋਮਗਾਰਡ ਜਵਾਨ ਆਰਿਫ ਅਹਿਮਦ ਭੱਟ, ਦਾ ਭਰਾ ਜਾਵੇਦ , ਖੁਦ 2012 ਵਿੱਚ ਯੂਨਿਟ ਦੁਆਰਾ ਚੁਣਿਆ ਗਿਆ ਸੀ ਪਰ ਬਾਅਦ ਵਿੱਚ ਇਸਨੇ ਨੌਕਰੀ ਛੱਡ ਦਿੱਤੀ ਸੀ।
ਜਾਵੇਦ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਹੈ ਕਿ ਉਹ ਦੂਸਰੇ ਸਾਥੀਆਂ ਆਮਿਰ ਅਤੇ ਵਸੀਮ ਦੇ ਨਾਲ ਕਸ਼ਮੀ ਘਾਟੀ ਤੋਂ ਅੰਮ੍ਰਿਤਸਰ ਆਇਆ ਸੀ, ਫਲ ਅਤੇ ਸਬਜ਼ੀਆਂ ਲਿਆਉਣ ਦੀ ਆੜ ਵਿਚ ਹਥਿਆਰਾਂ ਦੀ ਖੇਪ ਇਕੱਠੀ ਕਰਨ ਲਈ ਉਹ ਦੋ ਟਰੱਕਾਂ ਵਿਚ ਆਏ ਸਨ ਅਤੇ 11 ਜੂਨ ਨੂੰ ਵੱਲਾ ਰੋਡ ਦੇ ਕੋਲੋਂ ਖੇਪ ਚੁੱਕ ਕੇ , ਆਮਿਰ ਅਤੇ ਵਸੀਮ ਨੇ ਜਾਵੇਦ ਨੂੰ ਅੰਮ੍ਰਿਤਸਰ ਵਿੱਚ ਪਿੱਛੇ ਰਹਿਣ ਲਈ ਕਿਹਾ ਸੀ ਤਾਂ ਜੋ ਕਿ ਲਸ਼ਕਰ ਦੇ ਇਸ਼ਫਾਕ ਅਹਿਮਦ ਡਾਰ ਉਰਫ ਬਸ਼ੀਰ ਅਹਿਮਦ ਖਾਨ ਦੇ ਨਿਰਦੇਸ਼ਾਂ ਤੇ ਅੰਮ੍ਰਿਤਸਰ ਵਿੱਚ ਰਹਿ ਕੇ ਹਥਿਆਰਾਂ ਦੇ ਵਪਾਰੀ ਨਾਲ ਸੰਪਰਕ ਬਣਾਇਆ ਜਾ ਸਕੇ।
ਡੀਜੀਪੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਅੱਤਵਾਦੀਆਂ ਦੇ ਪੰਜਾਬ, ਜੰਮੂ ਤੇ ਕਸ਼ਮੀਰ ਵਿਚ ਮੌਜੂਦ ਹੋਰ ਕੜੀਆਂ ਤੇ ਸਬੰਧਾਂ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਪਾਕਿਸਤਾਨ ਅਧਾਰਤ ਅੱਤਵਾਦੀਆਂ ਦੇ ਸਮਰਥਨ ਵਾਲੇ ਵਿਸ਼ਾਲ ਅੱਤਵਾਦੀ ਨੈੱਟਵਰਕ ਦਾ ਹਿੱਸਾ ਦੱਸਿਆ ਹੈ।ਸ੍ਰੀ ਗੁਪਤਾ ਨੇ ਕਿਹਾ ਕਿ ਪ੍ਰਾਪਤ ਖੁਫੀਆ ਜਾਣਕਾਰੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਕਿ ਦੀ ਏਜੰਸੀ ਆਈਐਸਆਈ, ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਪੰਜਾਬ ਅਤੇ ਕਸ਼ਮੀਰ ਦੀ ਸਰਹੱਦ ਤੋਂ ਹਥਿਆਰਾਂ ਦੀ ਖੇਪ ਅਤੇ ਘੁਸਪੈਠ ਕਰਨ ਵਾਲੇ ਅੱਤਵਾਦੀ ਭੇਜ਼ ਰਿਹਾ ਹੈ।
ਇਸ ਤੋਂ ਪਹਿਲਾਂ, 25 ਅਪ੍ਰੈਲ, 2020 ਨੂੰ, ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਦੇ ਇਕ ਹੋਰ ਨੌਜਵਾਨ, ਹਿਲਾਲ ਅਹਿਮਦ ਵਾਗੇ, ਜੋ ਕਿ ਮਾਰੇ ਗਏ ਹਿਜ਼ਬੁਲ ਮੁਜਾਹਾਦੀਨ ਦੇ ਕਮਾਂਡਰ ਰਿਆਜ਼ ਅਹਿਮਦ ਨਾਇਕੂ ਦੇ ਨਿਰਦੇਸ਼ਾਂ `ਤੇ, ਅੰਮ੍ਰਿਤਸਰ ਤੋਂ ਨਸ਼ੀਲੇ ਪਦਾਰਥ ਲੈਣ ਲਈ ਆਇਆ ਸੀ, ਨੂੰ ਗ੍ਰਿਫਤਾਰ ਕੀਤਾ ਸੀ। ਉਸ ਕੇਸ ਵਿੱਚ ਵੀ, ਹਿਲਾਲ ਅਹਿਮਦ ਨੇ ਇੱਕ ਟਰੱਕ ਦੀ ਵਰਤੋਂ ਨਸ਼ੇ ਦੇ ਪੈਸੇ ਫੜਨ ਲਈ ਕੀਤੀ ਸੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…