ਈਟੀਟੀ ਅਧਿਆਪਕਾਂ ਵੱਲੋਂ ਆਪ ਸਰਕਾਰ ਦਾ ਪਿੱਟ ਸਿਆਪਾ, ਡੀਈਓ ਨੂੰ ਦਿੱਤਾ ਆਖ਼ਰੀ ਮੰਗ ਪੱਤਰ

ਅਨਾਮਲੀ, ਬਕਾਏ ਤੇ ਹੋਰ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਮੰਗ

ਅਧਿਆਪਕ ਮਸਲੇ ਹੱਲ ਨਾ ਹੋਣ ’ਤੇ ਸਿੱਖਿਆ ਅਫ਼ਸਰਾਂ ਦਾ ਘਿਰਾਓ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਈਟੀਟੀ ਅਧਿਆਪਕਾਂ ਨੇ ਪੰਜਾਬ ਭਰ ਵਿੱਚ ‘ਆਪ’ ਸਰਕਾਰ ਦਾ ਪਿੱਟ ਸਿਆਪਾ ਕਰਕੇ ਮੁਹਾਲੀ ਸਮੇਤ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਆਖ਼ਰੀ ਮੰਗ ਪੱਤਰ ਦੇ ਕੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕੀਤੇ ਗਏ ਤਾਂ ਜਥੇਬੰਦੀ ਵੱਲੋਂ ਸਿੱਖਿਆ ਅਫ਼ਸਰਾਂ ਦਾ ਘਿਰਾਓ ਕਰਕੇ ਲੜੀਵਾਰ ਸੰਘਰਸ਼ ਵਿੱਢੇ ਜਾਣਗੇ। ਜਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਦੱਸਿਆ ਕਿ ਤਨਖ਼ਾਹ-ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਅਨਾਮਲੀ ਬਣੀ ਹੋਈ ਹੈ, ਜਿਸ ਨੂੰ ਦੂਰ ਕਰਨ ਲਈ ਅਧਿਕਾਰੀ ਟਾਲ-ਮਟੋਲ ਕਰ ਰਹੇ ਹਨ।
ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਨੇ ਕਿਹਾ ਕਿ ਕਈ ਜ਼ਿਲਿਆਂ ਵਿੱਚ ਹਾਲੇ ਤੱਕ ਤਨਖ਼ਾਹ-ਕਮਿਸ਼ਨ ਦੀ ਰਿਪੋਰਟ ਦੇ ਬਕਾਏ ਵੀ ਨਹੀਂ ਦਿੱਤੇ ਜਾ ਰਹੇ, ਜਦੋਂਕਿ ਕਈ ਬਲਾਕਾਂ ਵਿੱਚ ਬਕਾਏ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਬਦਲੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਛੁੱਟੀਆਂ ਦੌਰਾਨ ਨਿਭਾਈਆਂ ਡਿਊਟੀਆਂ ਦੀ ਕਮਾਈ ਛੁੱਟੀ ਦੀ ਐਂਟਰੀ ਵੀ ਨਹੀਂ ਕੀਤੀ ਜਾ ਰਹੀ। ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ ਅਤੇ ਓਂਕਾਰ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਸਰਕਾਰ ਦੇ ਚਾਰ ਮਹੀਨੇ ਦੇ ਕਾਰਜਕਾਲ ਤੋਂ ਬੇਹੱਦ ਨਿਰਾਸ਼ ਹਨ।
ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਨੇ ਕਿਹਾ ਕਿ ਹੁਣ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਆਖ਼ਰੀ ਮੰਗ ਪੱਤਰ ਦਿੱਤੇ ਜਾ ਰਹੇ ਹਨ। ਜੇਕਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਫੌਰੀ ਨਾ ਮੰਨੀਆਂ ਗਈਆਂ ਤਾਂ ਪੰਜਾਬ ਵਿੱਚ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਈ ਬਲਾਕਾਂ ਵਿੱਚ ਦਫ਼ਤਰੀ ਕਰਮਚਾਰੀ ਅਧਿਆਪਕਾਂ ਦੇ ਕੰਮਾਂ ਵਿੱਚ ਅੜਿੱਕਾ ਬਣੇ ਹੋਏ ਹਨ ਅਤੇ ਜਾਣਬੁੱਝ ਕੇ ਉਨ੍ਹਾਂ ਨੂੰ ਅਣਗੌਲਿਆ ਕਰ ਰਹੇ ਹਨ।
ਇਸ ਮੌਕੇ ਸੂਬਾ ਸਕੱਤਰ ਜਨਰਲ ਬੂਟਾ ਸਿੰਘ ਮੋਗਾ, ਸੂਬਾਈ ਆਗੂ ਜਸਵਿੰਦਰ ਬਰਗਾੜੀ ਫਰੀਦਕੋਟ, ਕੁਲਵਿੰਦਰ ਸਿੰਘ ਜਹਾਂਗੀਰ ਸੰਗਰੂਰ, ਸ਼ਿਵਰਾਜ ਸਿੰਘ ਜਲੰਧਰ, ਸੰਪੂਰਨ ਵਿਰਕ ਫਿਰੋਜ਼ਪੁਰ, ਵਿਪਨ ਲੋਟਾ ਫਿਰੋਜ਼ਪੁਰ, ਅਨੂਪ ਸ਼ਰਮਾ ਪਟਿਆਲਾ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਜਗਤਾਰ ਸਿੰਘ ਮਨੈਲਾ ਫਤਹਿਗੜ੍ਹ ਸਾਹਿਬ, ਸਾਹਿਬ ਰਾਜਾ ਕੋਹਲੀ ਫਾਜ਼ਿਲਕਾ, ਸੋਮਨਾਥ ਹੁਸ਼ਿਆਰਪੁਰ, ਬਲਵੀਰ ਸਿੰਘ ਮੁਹਾਲੀ, ਚਰਨਜੀਤ ਸਿੰਘ ਵਿਛੋਆ ਅੰਮ੍ਰਿਤਸਰ, ਕੀਰਤਨ ਸਿੰਘ ਬਰਨਾਲਾ ਅਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਸਿੰਘ ਘਨੌਰ ਸੰਗਰੂਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਗੁਰਪ੍ਰੀਤ ਸਿੰਘ ਬਰਾੜ ਮੁਕਤਸਰ, ਕਰਮਜੀਤ ਸਿੰਘ ਬੈਂਸ ਰੋਪੜ, ਸ਼ਿਵ ਰਾਣਾ ਮੁਹਾਲੀ, ਕੁਲਦੀਪ ਸਿੰਘ ਸੱਭਰਵਾਲ ਫਾਜ਼ਿਲਕਾ, ਮਨਮੀਤ ਰਾਏ ਮੋਗਾ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਕੇਵਲ ਸਿੰਘ ਜਲੰਧਰ, ਖੁਸ਼ਵਿੰਦਰ ਸਿੰਘ ਮਾਨਸਾ, ਮੇਜਰ ਸਿੰਘ ਪਟਿਆਲਾ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਸਿੰਘ ਗੁਰਮ ਫਤਹਿਗੜ੍ਹ ਸਾਹਿਬ, ਵਰਿੰਦਰ ਅਮਰ ਫਰੀਦਕੋਟ, ਹਰਿੰਦਰ ਸਿੰਘ ਪੱਲਾ ਅੰਮ੍ਰਿਤਸਰ, ਨਵਰੂਪ ਸਿੰਘ ਤਰਨਤਾਰਨ, ਸਤਨਾਮ ਸਿੰਘ ਗੁਰਦਾਸਪੁਰ, ਗੁਰਮੇਜ ਸਿੰਘ ਕਪੂਰਥਲਾ, ਬੂਟਾ ਸਿੰਘ ਬਰਨਾਲਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…