ਸਰਕਾਰੀ ਹਸਪਤਾਲਾਂ ਵਿੱਚ ਛਾਤੀ ਦੇ ਕੈਂਸਰ ਦੀ ਡਿਜੀਟਲ ਜਾਂਚ ਦੀ ਸ਼ੁਰੂਆਤ

ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ ਨੇ ਜ਼ਿਲ੍ਹਾ ਹਸਪਤਾਲ ਮੁਹਾਲੀ ਵਿੱਚ ਕੀਤਾ ਉਦਘਾਟਨ

ਇਹ ਵਿਲੱਖਣ ਪ੍ਰਾਜੈਕਟ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਛਾਤੀ ਦੇ ਕੈਂਸਰ ਦੀ ਸ਼ੁਰੂਆਤੀ ਅਵਸਥਾ ਵਿੱਚ ਪਤਾ ਲਗਾਉਣ ਲਈ ਸਿਹਤ ਵਿਭਾਗ (ਪਰਿਵਾਰ ਭਲਾਈ) ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ ਨੇ ਸੂਬੇ ਭਰ ਵਿੱਚ ਪੰਜਾਬ ਬ੍ਰੈਸਟ ਕੈਂਸਰ ਏਆਈ-ਡਿਜੀਟਲ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਅੱਜ ਇੱਥੋਂ ਦੇ ਫੇਜ਼-6 ਸਥਿਤ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਆਯੋਜਿਤ ਸਮਾਗਮ ਵਿੱਚ ਬੋਲਦਿਆਂ ਡਾ. ਘੋਤੜਾ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਰੋਸ਼ੇ ਪ੍ਰੋਡਕਟਸ ਇੰਡੀਆ ਅਤੇ ਨਿਰਾਮਈ ਹੈਲਥ ਐਨਾਲਿਟਿਕਸ ਨੇ ਹਾਲ ਹੀ ਵਿੱਚ ਰਾਜ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਅਤੇ ਇਲਾਜ ਵਿੱਚ ਤੇਜ਼ੀ ਲਿਆਉਣ ਲਈ ਇੱਕ ਸਮਝੌਤਾ ਸਹੀਬੱਧ ਕੀਤਾ ਹੈ।
ਉਨ੍ਹਾਂ ਕਿਹਾ ਕਿ ‘ਪੰਜਾਬ ਬ੍ਰੈਸਟ ਕੈਂਸਰ ਏਆਈ-ਡਿਜੀਟਲ ਪ੍ਰਾਜੈਕਟ’ ਨਾਮ ਦੀ ਭਾਈਵਾਲੀ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਮੇਂ ਸਿਰ ਪਛਾਣ, ਇਲਾਜ ਦੀ ਸ਼ੁਰੂਆਤ ਅਤੇ ਮਜ਼ਬੂਤ ਰੈਫਰਲ ਮਾਰਗਾਂ ਨੂੰ ਟੈਕਨਾਲੋਜੀ ਸਮਰਪਿਤ ਡਿਜੀਟਲ ਲਾਈਵ ਮਰੀਜ਼ ਟਰੈਕਿੰਗ ਸਪੋਰਟ ਰਾਹੀਂ ਯਕੀਨੀ ਬਣਾਉਣ ਦੇ ਯਤਨਾਂ ’ਤੇ ਕੇਂਦਰਿਤ ਹੋਵੇਗੀ। ਇਸ ਪ੍ਰਾਜੈਕਟ ਤਹਿਤ ਇੱਕ ਸਾਲ ਵਿੱਚ 15 ਹਜ਼ਾਰ ਸ਼ੱਕੀ ਅੌਰਤਾਂ ਦੀ ਸਕਰੀਨਿੰਗ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ।
ਡਾਇਰੈਕਟਰ ਨੇ ਕਿਹਾ ਕਿ ਇਹ ਵਿਲੱਖਣ ਪ੍ਰਾਜੈਕਟ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਇਸ ਦਿਸ਼ਾ ਵਿੱਚ ਸੂਬੇ ਭਰ ਦੀਆਂ ਸਿਹਤ ਸੰਸਥਾਵਾਂ ਵਿੱਚ ਛਾਤੀ ਦੇ ਕੈਂਸਰ ਦੀ ਮੁਫ਼ਤ ਸਕਰੀਨਿੰਗ ਕੀਤੀ ਜਾਵੇਗੀ ਅਤੇ ਸਭ ਤੋਂ ਪਹਿਲਾਂ ਮੁਹਾਲੀ ਵਿੱਚ ਇਹ ਟੈੱਸਟ ਕੀਤੇ ਜਾਣਗੇ। ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਲੋੜਵੰਦ ਅੌਰਤਾਂ ਨੂੰ ਕਾਫ਼ੀ ਲਾਭ ਮਿਲੇਗਾ ਕਿਉਂਕਿ ਹੁਣ ਉਹ ਪੰਜਾਬ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਡਿਜੀਟਲ ਜਾਂਚ ਕਰਵਾ ਸਕਣਗੀਆਂ। ਡਾ. ਘੋਤੜਾ ਨੇ ਕਿਹਾ ਕਿ ਇਸ ਨਾਲ ਛਾਤੀ ਕੈਂਸਰ ਵਰਗੀ ਭਿਆਨਕ ਬੀਮਾਰੀ ਨੂੰ ਰੋਕਣ ਵਿੱਚ ਬਹੁਤ ਮਦਦ ਮਿਲੇਗੀ ਕਿਉਂਕਿ ਕੈਂਸਰ ਦਾ ਛੇਤੀ ਪਤਾ ਲਗਾਉਣ ਨਾਲ ਅਗਲੇ ਪੜਾਵਾਂ ਵਿੱਚ ਪਹੁੰਚ ਚੁੱਕੇ ਮਰੀਜ਼ਾਂ ਦੇ ਮੁਕਾਬਲੇ ਇਲਾਜ ਦੀ ਲਾਗਤ ਵੀ ਘਟੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਸਕਰੀਨਿੰਗ ਟੈੱਸਟ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਮੁਹਾਲੀ ਵਿੱਚ 22 ਜੂਨ ਤੱਕ ਸਕਰੀਨਿੰਗ ਟੈੱਸਟ ਕੀਤੇ ਜਾਣਗੇ। ਇੰਜ ਹੀ 23 ਤੋਂ 28 ਜੂਨ ਤੱਕ ਸਰਕਾਰੀ ਹਸਪਤਾਲ ਖਰੜ ਵਿੱਚ, 29 ਜੂਨ ਤੋਂ 4 ਜੁਲਾਈ ਤੱਕ ਸਰਕਾਰੀ ਹਸਪਤਾਲ ਡੇਰਾਬੱਸੀ ਵਿੱਚ ਅਜਿਹੇ ਕੈਂਪ ਲਗਾਏ ਜਾਣਗੇ। ਸਰਕਾਰੀ ਹਸਪਤਾਲ ਲਾਲੜੂ ਵਿੱਚ 5 ਤੋਂ 6 ਜੁਲਾਈ ਤੱਕ, ਸਰਕਾਰੀ ਹਸਪਤਾਲ ਬਨੂੜ ਵਿੱਚ 7 ਤੋਂ 8 ਜੁਲਾਈ ਤੱਕ, ਸਰਕਾਰੀ ਹਸਪਤਾਲ ਬੂਥਗੜ੍ਹ ਵਿੱਚ 9 ਜੁਲਾਈ ਤੋਂ 12 ਜੁਲਾਈ ਤੱਕ, ਸਰਕਾਰੀ ਹਸਪਤਾਲ ਘੜੂੰਆਂ ਵਿੱਚ 13 ਤੋਂ 15 ਜੁਲਾਈ ਤੱਕ ਅਤੇ ਸਰਕਾਰੀ ਹਸਪਤਾਲ ਕੁਰਾਲੀ ਵਿੱਚ 16 ਤੋਂ 19 ਜੁਲਾਈ ਤੱਕ ਟੈੱਸਟ ਕੀਤੇ ਜਾਣਗੇ।

ਇਸ ਮੌਕੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ. ਰੇਨੂ ਸਿੰਘ, ਐਸਐਮਓ ਡਾ. ਵਿਜੈ ਭਗਤ ਤੇ ਡਾ. ਐਚਐਸ ਚੀਮਾ ਅਤੇ ਡਾ. ਸੁਭਾਸ਼ ਕੁਮਾਰ, ਡਾ. ਗਿਰੀਸ਼ ਡੋਗਰਾ, ਡਾ. ਵਿਕਰਾਂਤ ਨਾਗਰਾ, ਰੁਚੀ ਗੁਪਤਾ, ਸੋਮਦੇਵ ਉਪਾਧਿਆ, ਸਟੇਟ ਮਾਸ ਮੀਡੀਆ ਅਫ਼ਸਰ ਜਗਤਾਰ ਬਰਾੜ, ਰਾਜ ਰਾਣੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …