
ਕਾਨੂੰਨ ਤੇ ਵਿਵਸਥਾ: ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ
ਏਡੀਸੀ ਸ੍ਰੀਮਤੀ ਬਰਾੜ ਨੇ ਰੋਡ ਸੇਫ਼ਟੀ ਸਬੰਧੀ ਚੱਲ ਰਹੇ ਕਾਰਜਾਂ ਦੀ ਕੀਤੀ ਸਮੀਖਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਨੂੰਨ ਤੇ ਵਿਵਸਥਾ ਸਬੰਧੀ ਜ਼ਿਲ੍ਹਾ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਨੇ ਟਰੈਵਲ ਏਜੰਟਾਂ ਅਤੇ ਰੋਡ ਸੇਫ਼ਟੀ ਸਬੰਧੀ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੰਬਿਤ ਪਏ ਮਾਮਲਿਆਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਿਆ ਜਾਵੇ।
ਉਨ੍ਹਾਂ ਦੱਸਿਆ ਕਿ ਮੀਟਿੰਗ ਦਾ ਮਨੋਰਥ ਸਬੰਧਤ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਆਮ ਸ਼ਹਿਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮਿੱਥੇ ਸਮੇਂ ਵਿੱਚ ਹੱਲ ਕਰਨਾ ਯਕੀਨੀ ਬਣਾਉਣਾ ਸੀ।
ਕਾਨੂੰਨ ਤੇ ਵਿਵਸਥਾ ਸਬੰਧੀ ਸ੍ਰੀਮਤੀ ਬਰਾੜ ਨੇ ਪੁਲੀਸ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਅੰਦਰ ਸੁਰੱਖਿਆ ਨੂੰ ਲੈ ਕੇ ਸਖ਼ਤੀ ਕੀਤੀ ਜਾਵੇ ਅਤੇ ਜਿਨ੍ਹਾਂ ਸੜਕ ਪੁਆਇੰਟਾਂ ’ਤੇ ਸੜਕੀ ਆਵਾਜਾਈ ਵੱਧ ਹੈ, ਉੱਥੇ ਆਵਾਜਾਈ ਨੂੰ ਕੰਟਰੋਲ ਕਰਨ ਲਈ ਰੋਡ ਮੈਪ ਬਣਾ ਆਵਾਜਾਈ ਤਬਦੀਲ ਕੀਤੀ ਜਾਵੇ ਤਾਂ ਜੋ ਸੜਕ ਜਾਮ ਜਾਂ ਹਾਦਸੇ ਤੋਂ ਬਚਿਆ ਜਾ ਸਕੇ। ਨਾਲ ਹੀ ਸੜਕੀ ਖ਼ਤਰਨਾਕ (ਜਿਗ ਜੈਗ) ਮੋੜਾਂ ਦੀ ਵੀ ਪਛਾਣ ਕਰ ਸਾਈਨ ਬੋਰਡ ਅਤੇ ਸਪੀਡ ਬੋਰਡ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸੜਕੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਓਵਰ ਸਪੀਡ ਵਾਹਨ ਅਤੇ ਜ਼ੈਬਰਾ ਕਰਾਸਿੰਗ ਕਰਨ ਵਾਲੇ ਵਾਹਨਾਂ ਦੇ ਮੌਕੇ ’ਤੇ ਚਲਾਨ ਕੀਤੇ ਜਾਣ ਅਤੇ ਸ਼ੱਕੀ ਵਾਹਨਾਂ ਦੀ ਨਾਕਿਆਂ ਦੌਰਾਨ ਚੈਕਿੰਗ ਕੀਤੀ ਜਾਵੇ।
ਏਡੀਸੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸ਼ਨਾਖ਼ਤ ਕੀਤੇ ਗਏ ਬਲੈਕਸਪੋਟਾਂ ਨੂੰ ਛੇਤੀ ਤੋਂ ਛੇਤੀ ਠੀਕ ਕੀਤਾ ਜਾਵੇ ਤਾਂ ਜੋ ਕੋਈ ਵੀ ਦੁਰਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਲਈ ਚੱਲ ਰਹੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਮੀਟਿੰਗ ਦੌਰਾਨ ਵਿਚਾਰੇ ਗਏ ਕੰਮਾਂ ਨੂੰ ਅਗਲੀ ਮੀਟਿੰਗ ਤੱਕ ਮੁਕੰਮਲ ਕਰਨਾ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਇੰਦਰ ਪਾਲ, ਐਸਪੀ (ਐੱਚ ਤੇ ਲਾਅ ਐਂਡ ਆਰਡਰ) ਅਜਿੰਦਰ ਸਿੰਘ, ਸਕੱਤਰ ਆਰਟੀਏ ਪ੍ਰਦੀਪ ਸਿੰਘ ਢਿੱਲੋਂ, ਜ਼ਿਲ੍ਹਾ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਜਨਕ ਰਾਜ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।