ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਦੀ ਯੋਜਨਾ ਘੜਨ ਤੇ ਰੇਕੀ ਕਰਵਾਉਣ ਦੀ ਗੱਲ ਕਬੂਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਪ੍ਰੋਡਕਸ਼ਨ ਵਰੰਟ ’ਤੇ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੰਨਿਆਂ ਕਿ ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਯੋਜਨ ਉਸ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਘੜੀ ਸੀ ਅਤੇ ਉਸ ਨੇ ਹੀ ਮੂਸੇਵਾਲਾ ਬਾਰੇ ਪਲ-ਪਲ ਦੀ ਖ਼ਬਰ ਰੱਖਣ ਲਈ ਰੇਕੀ ਕਰਵਾਈ ਸੀ। ਬੰਦਾ ਮਾਰਨ ਲੱਗਿਆ ਇੱਕ ਸੈਕਿੰਡ ਨਾ ਲਾਉਣ ਵਾਲਾ ਲਾਰੈਂਸ ਬਿਸ਼ਨੋਈ ਹੁਣ ਬਹੁਤ ਡਰਿਆ ਹੋਇਆ ਹੈ, ਉਸ ਦੇ ਚਿਹਰੇ ’ਤੇ ਡਰ ਸਾਫ਼ ਝਲਕ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਸ ਨੇ ਜੇਲ੍ਹ ਵਿੱਚ ਬੈਠ ਕੇ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਇਸ ਸਬੰਧੀ ਬਾਕਾਇਦਾ ਰੇਕੀ ਕਰਵਾਈ ਜਾ ਰਹੀ ਸੀ ਪਰ ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਦੀ ਚੈਕਿੰਗ ਦੌਰਾਨ ਉਸ ਕੋਲੋਂ ਮੋਬਾਈਲ ਫੋਨ ਫੜ ਹੋ ਗਿਆ। ਲਾਰੈਂਸ ਮੁਤਾਬਕ ਬੇਸ਼ੱਕ ਮੂਸੇਵਾਲਾ ਦੇ ਕਤਲ ਦੀ ਯੋਜਨਾ ਉਹ ਬਣਾ ਰਿਹਾ ਸੀ ਪਰ ਫੋਨ ਫੜੇ ਤੋਂ ਬਾਅਦ ਉਸ ਦਾ ਸਾਰਿਆਂ ਨਾਲੋਂ ਸੰਪਰਕ ਟੁੱਟ ਗਿਆ ਸੀ। ਜਿਸ ਕਾਰਨ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮੂਸੇਵਾਲਾ ਦੀ ਹੱਤਿਆ ਰੰਗਦਾਰੀ ਲਈ ਨਹੀਂ ਬਲਕਿ ਵਿੱਕੀ ਦੀ ਮੌਤ ਦਾ ਬਦਲਾ ਲੈਣ ਲਈ ਕੀਤੀ ਗਈ ਹੈ। ਹਾਲਾਂਕਿ ਲਾਰੈਂਸ ਹੁਣ ਤੱਕ ਪੁਲੀਸ ਨੂੰ ਸਵਾਲਾਂ ਦੇ ਗੋਲ ਮੋ ਜਵਾਬ ਦਿੰਦਾ ਰਿਹਾ ਹੈ ਪਰ ਜਦੋਂ ਪੁਲੀਸ ਨੇ ਥੋੜੀ ਸਖ਼ਤੀ ਵਰਤੀ ਤਾਂ ਉਸ ਨੇ ਆਪਣੀ ਯੋਜਨਾ ਬਾਰੇ ਸਾਫ਼ ਸਾਫ਼ ਦੱਸ ਦਿੱਤਾ।
ਉਂਜ ਲਾਰੈਂਸ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਐਸਓਆਈ ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਿਆ ਹੈ। ਲਾਰੈਂਸ ਅਨੁਸਾਰ ਉਨ੍ਹਾਂ ਨੂੰ ਸ਼ੱਕ ਸੀ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਪਿੱਛੇ ਮੂਸੇਵਾਲਾ ਦੇ ਮੈਨੇਜਰ ਜਸ਼ਨਪ੍ਰੀਤ ਸਿੰਘ ਦਾ ਹੱਥ ਹੈ ਪਰ ਇਹ ਗੱਲ ਪਤਾ ਲੱਗਣ ’ਤੇ ਮੂਸੇਵਾਲਾ ਨੇ ਉਸ ਨੂੰ ਵਿਦੇਸ਼ ਭੇਜ ਦਿੱਤਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਵਿੱਕੀ ਮਿੱਡੂਖੇੜਾ ਦੇ ਵੱਡੇ ਭਰਾ ਅਤੇ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨੇ ਕੇਂਦਰੀ ਗ੍ਰਹਿ ਮੰਤਰੀ, ਪੰਜਾਬ ਦੇ ਡੀਜੀਪੀ, ਰਾਜਪਾਲ ਅਤੇ ਮੁਹਾਲੀ ਦੇ ਐੱਸਐੱਸਪੀ ਨੂੰ ਲਿਖੇ ਪੱਤਰ ਵਿੱਚ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਦੇ ਛੋਟੇ ਭਰਾ ਵਿੱਕੀ ਦੇ ਕਤਲ ਵਿੱਚ ਮੂਸੇਵਾਲਾ ਦੇ ਮੈਨੇਜਰ ਜਸਨਪ੍ਰੀਤ ਦਾ ਹੱਥ ਹੈ ਪਰ ਉਦੋਂ ਪੁਲੀਸ ਨੇ ਉਸ ਦੀ ਸ਼ਿਕਾਇਤ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ। ਜਿਸ ਕਾਰਨ ਜਸਨਪ੍ਰੀਤ ਵਿਦੇਸ਼ ਭੱਜਣ ਵਿੱਚ ਸਫਲ ਹੋ ਗਿਆ।
ਉਧਰ, ਪੁਲੀਸ ਦੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਬਾਅਦ ਉਸ ਨੂੰ ਆਪਣੀ ਜਾਨ ਖ਼ਤਰੇ ਵਿੱਚ ਹੋਣ ਦਾ ਅੰਦਾਜ਼ਾ ਲੱਗ ਗਿਆ ਸੀ। ਉਸ ਨੇ ਇਹ ਖ਼ਦਸ਼ਾ ਪ੍ਰਗਟ ਕਰਦਿਆਂ ਅਮਰੀਕਾ ਵਿੱਚ ਰਹਿੰਦੇ ਆਪਣੇ ਦੋਸਤਾਂ ਨਾਲ ਗੱਲ ਕਰਕੇ ਵਿਦੇਸ਼ ’ਚੋਂ ਬੁਲਟ ਪਰੂਫ਼ ਜਾਕੈਟ ਮੰਗਵਾਈ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ। ਉਧਰ, ਸ਼ਾਮ ਨੂੰ ਸੀਆਈਏ ਸਟਾਫ਼ ਦੇ ਕੈਂਪਸ ਦਫ਼ਤਰ ਵਿਖੇ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …