ਲਾਰੈਂਸ ਬਿਸ਼ਨੋਈ ਗਰੋਹ ਦਾ ਗੈਂਗਸਟਰ ਕਾਕਾ ਨੇਪਾਲੀ ਤੇ ਸਾਥੀ ਅਸਲੇ ਸਣੇ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ .32 ਬੋਰ ਦੇ 2 ਨਾਜਾਇਜ਼ ਪਿਸਤੌਲ, 6 ਕਾਰਤੂਸਾਂ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਐਂਟੀ-ਨਾਰਕੋਟਿੰਗ-ਕਮ-ਸਪੈਸ਼ਲ ਅਪਰੇਸ਼ਨ ਸੈਲ ਫੇਜ਼-7 (ਮੁਹਾਲੀ) ਨੇ ਮਾੜੇ ਅਨਸਰਾਂ ਅਤੇ ਗੈਗਸਟਰਾਂ ਖ਼ਿਲਾਫ਼ ਵਿੱਢੀ ਕਾਰਵਾਈ ਦੇ ਤਹਿਤ ਗੈਂਗਸਟਰ ਹਰੀਸ਼ ਉਰਫ਼ ਕਾਕਾ ਨੇਪਾਲੀ ਵਾਸੀ ਮੁਹੱਲਾ ਹਰਿੰਦਰਾ ਨਗਰ, ਜ਼ਿਲ੍ਹਾ ਫਰੀਦਕੋਟ ਅਤੇ ਉਸ ਦੇ ਇੱਕ ਹੋਰ ਸਾਥੀ ਜਗਦੀਪ ਸਿੰਘ ਉਰਫ਼ ਜਾਗਰ ਪੁੱਤਰ ਲੇਟ ਵਜੀਰ ਸਿੰਘ ਵਾਸੀ ਪਿੰਡ ਸੈਣੀ ਮਾਜਰਾ (ਮੁਹਾਲੀ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ .32 ਬੋਰ ਦੇ 2 ਨਾਜਾਇਜ਼ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕਾਕਾ ਨੇਪਾਲੀ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ, ਲੁੱਟ-ਖੋਹ, ਫਿਰੌਤੀਆਂ ਮੰਗਣ ਅਤੇ ਗੈਂਗਵਾਰ ਦੇ ਕਈ ਪਰਚੇ ਦਰਜ ਹਨ। ਕਾਕਾ ਨੇਪਾਲੀ ਲਾਰੈਂਸ ਬਿਸ਼ਨੋਈ ਗਰੁੱਪ ਦਾ ਸਰਗਰਮ ਮੈਂਬਰ ਹੈ।
ਡੀਆਈਜੀ ਭੁੱਲਰ ਨੇ ਦੱਸਿਆ ਕਿ ਐਂਟੀ-ਨਾਰਕੋਟਿੰਗ-ਕਮ-ਸਪੈਸ਼ਲ ਅਪਰੇਸ਼ਨ ਸੈਲ ਫੇਜ਼-7 ਦੇ ਇੰਚਾਰਜ ਐਸਆਈ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣੇਦਾਰ ਜੀਤ ਰਾਮ ਦੀ ਅਗਵਾਈ ਵਾਲੀ ਟੀਮ ਸ਼ਿਵਾਲਿਕ ਸਿਟੀ ਵਿੱਚ ਡਿਊਟੀ ’ਤੇ ਮੌਜੂਦ ਸੀ। ਇਸ ਦੌਰਾਨ ਪੁਲੀਸ ਨੂੰ ਇਤਲਾਹ ਮਿਲੀ ਕਿ ਹਰੀਸ਼ ਉਰਫ਼ ਕਾਕਾ ਨੇਪਾਲੀ ਆਪਣੇ ਸਾਥੀ ਜਗਦੀਪ ਸਿੰਘ ਨਾਲ ਚਿੱਟੇ ਰੰਗ ਦੀ ਕੀਆ ਸੇਲਟੋਸ ਕਾਰ ਵਿੱਚ ਸਵਾਰ ਹੋ ਕੇ ਨਾਜਾਇਜ਼ ਅਸਲੇ ਨਾਲ ਲੈਸ ਹੋ ਕੇ ਸ਼ਿਵਾਲਿਕ ਸਿਟੀ ਖਰੜ ਖੇਤਰ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹੈ। ਸੂਚਨਾ ਨੂੰ ਆਧਾਰ ਬਣਾ ਕੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਵਰਾਜ ਨਗਰ ਨੇੜੇ ਸ਼ਿਵਾਲਿਕ ਸਿਟੀ ਤੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਪੁਲੀਸ ਅਨੁਸਾਰ ਦਸਵੀਂ ਜਮਾਤ ਪਾਸ ਹਰੀਸ਼ ਉਰਫ਼ ਕਾਕਾ ਨੇਪਾਲੀ ਸਾਲ 2009 ਵਿੱਚ ਲੁੱਟਾਂ-ਖੋਹਾਂ ਕਰਨ ਲੱਗ ਪਿਆ ਸੀ ਅਤੇ ਬਾਅਦ ਗੈਂਗਵਾਰ ਲੜਾਈ ਝਗੜੇ ਕਰਨ ਲੱਗ ਪਿਆ। ਉਸ ਦੇ ਖ਼ਿਲਾਫ਼ ਸਾਲ 2009 ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਫਰੀਦਕੋਟ, ਜਲੰਧਰ, ਬਠਿੰਡਾ, ਨਵਾਂ ਸ਼ਹਿਰ ਅਤੇ ਕਪੂਰਥਲਾ ਵਿੱਚ ਤਿੰਨ ਕਤਲ ਕੇਸ, ਫਿਰੌਤੀ ਲੈਣ, ਲੜਾਈ ਝਗੜੇ, ਡਕੈਤੀ, ਅਸਲਾ ਐਕਟ ਦੇ ਕਰੀਬ 17 ਪਰਚੇ ਦਰਜ ਹਨ। ਉਹ ਵੱਖ-ਵੱਖ ਜੇਲ੍ਹਾਂ ਵਿੱਚ ਰਹਿ ਚੁੱਕਾ ਹੈ ਅਤੇ ਸਜ਼ਾ ਕੱਟਣ ਤੋਂ ਬਾਅਦ ਮੌਜੂਦਾ ਸਮੇਂ ਵਿੱਚ ਪਾਮ ਸਿਟੀ ਸ਼ਿਵਾਲਿਕ ਸਿਟੀ ਖਰੜ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਜਗਦੀਪ ਸਿੰਘ ਉਰਫ਼ ਜਾਗਰ ਮਹਿਜ਼ 5ਵੀਂ ਪਾਸ ਹੈ ਅਤੇ ਉਸ ਦੇ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ।
ਐਂਟੀ-ਨਾਰਕੋਟਿੰਗ-ਕਮ-ਸਪੈਸ਼ਲ ਅਪਰੇਸ਼ਨ ਸੈਲ ਫੇਜ਼-7 ਦੇ ਇੰਚਾਰਜ ਐਸਆਈ ਹਰਮਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਪੁਲੀਸ ਰਿਮਾਂਡ ’ਤੇ ਹਨ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਉਹ ਇਹ ਨਾਜਾਇਜ਼ ਅਸਲਾ ਕਿੱਥੋਂ ਅਤੇ ਕਿਸ ਮੰਤਵ ਲਈ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…