nabaz-e-punjab.com

ਆਪਣਿਆਂ ਲਈ ਕਾਨੂੰਨ ਵੀ ਵੱਖਰੇ: ਕਾਂਗਰਸ ਆਗੂ ਦੇ ਘਰ ਦੇ ਬਾਹਰੋਂ ਨਾਜਾਇਜ਼ ਕਬਜ਼ਾ ਹਟਾਉਣ ਗਈ ਟੀਮ ਬੇਰੰਗ ਪਰਤੀ

ਪੁਲੀਸ ਨੇ ਮੁਹਾਲੀ ਨਗਰ ਨਿਗਮ ਦੀ ਮਸ਼ੀਨਰੀ ਤੇ ਸਟਾਫ਼ ਤੇ ਜਦੂਰਾਂ ਨੂੰ ਥਾਣੇ ਡੱਕਿਆ

ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਥਾਣੇ ਪਹੁੰਚ ਕੇ ਛੁਡਾਏ ਜੇਸੀਬੀ ਮਸ਼ੀਨ ਤੇ ਨਿਗਮ ਸਟਾਫ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਪੰਜਾਬ ਸਰਕਾਰ ਨੇ ਆਪਣੇ ਚਹੇਤਿਆਂ ਲਈ ਕਾਨੂੰਨ ਵੀ ਵੱਖਰੇ ਬਣਾ ਲਏ ਹਨ। ਇੱਥੋਂ ਦੇ ਫੇਜ਼-10 ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਨਿਰਮਲ ਸਿੰਘ ਕੰਡਾ ਦੇ ਘਰ ਦੇ ਬਾਹਰ ਕਥਿਤ ਨਾਜਾਇਜ਼ ਕਬਜ਼ਾ ਹਟਾਉਣ ਲਈ ਪਹੁੰਚੀ ਮੁਹਾਲੀ ਨਗਰ ਨਿਗਮ ਦੀ ਟੀਮ ਨੂੰ ਬਿਨਾਂ ਕਾਰਵਾਈ ਤੋਂ ਬੇਰੰਗ ਪਰਤਣਾ ਪੈ ਗਿਆ। ਇਹੀ ਨਹੀਂ ਸਿਆਸੀ ਦਖ਼ਲਅੰਦਾਜ਼ੀ ਦੇ ਚੱਲਦਿਆਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਨਗਰ ਨਿਗਮ ਦੇ ਨਾਜਾਇਜ਼ ਕਬਜ਼ਾ ਹਟਾਊ ਦਸਤੇ ਦੇ ਸਟਾਫ਼ ਅਤੇ ਸਰਕਾਰੀ ਮਸ਼ੀਨਰੀ ਨੂੰ ਥਾਣੇ ਵਿੱਚ ਡੱਕ ਦਿੱਤਾ। ਜਿਨ੍ਹਾਂ ਨੂੰ ਬਾਅਦ ਵਿੱਚ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਵੱਲੋਂ ਛੁਡਾਇਆ ਗਿਆ। ਸ਼ਹਿਰ ਵਿੱਚ ਇਹ ਗੱਲ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਸਰਕਾਰੀ ਕਾਰਵਾਈ ਵਿੱਚ ਵਿਘਨ ਪਾਉਣ ਅਤੇ ਪੁਲੀਸ ਵੱਲੋਂ ਨਿਗਮ ਸਟਾਫ਼ ਨੂੰ ਥਾਣੇ ਲਿਜਾਉਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਉਧਰ, ਜਿਵੇਂ ਹੀ ਇਹ ਗੱਲ ਮੀਡੀਆ ਤੱਕ ਪਹੁੰਚ ਤਾਂ ਨਗਰ ਨਿਗਮ ਦੇ ਐਸਈ, ਐਕਸੀਅਨ ਅਤੇ ਐਸਡੀਓ ਰੈਂਕ ਦੇ ਅਧਿਕਾਰੀਆਂ ਨੇ ਚੁੱਪ ਧਾਰ ਲਈ ਅਤੇ ਲਗਾਤਾਰ ਸੰਪਰਕ ਕਰਨ ਅਤੇ ਮੋਬਾਈਲ ਫੋਨਾਂ ’ਤੇ ਮੈਸਜ ਭੇਜਣ ਦੇ ਬਾਵਜੂਦ ਅਧਿਕਾਰੀਆਂ ਨੇ ਗੱਲ ਨਹੀਂ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮੁਹਾਲੀ ਨੂੰ ਖ਼ੂਬਸੂਰਤ ਸ਼ਹਿਰ ਬਣਾਉਣ ਲਈ ਨਗਰ ਨਿਗਮ ਵੱਲੋਂ ਕਾਰਨਰ ਮਕਾਨਾਂ ਵਾਲਿਆਂ ਵੱਲੋਂ ਆਪਣੇ ਘਰਾਂ ਦੇ ਬਾਹਰ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਅਜਿਹੇ ਨਾਜਾਇਜ਼ ਕਬਜ਼ੇ ਛੁਡਾਉਣ ਲਈ ਨਗਰ ਨਿਗਮ ਵੱਲੋਂ ਬਾਕਾਇਦਾ ਹਾਊਸ ਵਿੱਚ ਮਤਾ ਵੀ ਪਾਸ ਕੀਤਾ ਹੋਇਆ ਹੈ ਅਤੇ ਕਮਿਸ਼ਨਰ ਨੇ ਵੀ ਹਾਊਸ ਵਿੱਚ ਜਨਤਕ ਤੌਰ ’ਤੇ ਇਹ ਗੱਲ ਆਖੀ ਸੀ ਕਿ ਨਾਜਾਇਜ਼ ਕਬਜ਼ੇ ਹਟਾਉਣ ਦੇ ਮਾਮਲੇ ਵਿੱਚ ਦਖ਼ਲਅੰਦਾਜ਼ੀ ਨਾ ਕੀਤੀ ਜਾਵੇ ਅਤੇ ਨਿਗਮ ਨੂੰ ਆਜ਼ਾਦ ਤੌਰ ’ਤੇ ਕੰਮ ਕਰਨ ਦਿੱਤਾ ਜਾਵੇ। ਜਿਸ ਦੀ ਹਾਊਸ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਸਹਿਮਤੀ ਦਿੰਦਿਆਂ ਕਿਹਾ ਸੀ ਕਿ ਕਿਸੇ ਨਾਲ ਪੱਖਪਾਤ ਨਾ ਕੀਤਾ ਜਾਵੇ। ਇਸ ਸਬੰਧੀ ਵੱਡੀ ਗਿਣਤੀ ਲੋਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਪਤਾ ਲੱਗਾ ਹੈ ਕਿ ਅੱਜ ਨਗਰ ਨਿਗਮ ਦੀ ਟੀਮ ਇੱਥੋਂ ਦੇ ਫੇਜ਼-10 ਵਿੱਚ ਘਰਾਂ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਪਹੁੰਚੀ ਸੀ। ਕਰਮਚਾਰੀਆਂ ਨੇ ਜਿਵੇਂ ਹੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਮਰਥਕ ਨਿਰਮਲ ਸਿੰਘ ਕੰਡਾ ਦੇ ਘਰ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੰਗਾਮਾ ਖੜਾ ਹੋ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੂਚਨਾ ਮਿਲਦੇ ਹੀ ਮੰਤਰੀ ਵੀ ਉੱਥੇ ਪਹੁੰਚ ਗਏ ਅਤੇ ਜਿਸ ਕਾਰਨ ਸਟਾਫ਼ ਨੂੰ ਇਹ ਕੰਮ ਤੁਰੰਤ ਰੋਕਣਾ ਪੈ ਗਿਆ। ਬਾਅਦ ਵਿੱਚ ਪੁਲੀਸ ਨੇ ਜੇਸੀਬੀ ਮਸ਼ੀਨ ਅਤੇ ਨਿਗਮ ਸਟਾਫ਼ ਤੇ ਮਜਦੂਰਾਂ ਨੂੰ ਥਾਣੇ ਲੈ ਗਈ।
(ਬਾਕਸ ਆਈਟਮ)
ਮੇਅਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਫੋਨ ’ਤੇ ਉਕਤ ਘਟਨਾਕ੍ਰਮ ਬਾਰੇ ਸੂਚਨਾ ਦਿੱਤੀ ਗਈ ਕਿ ਅੱਜ ਨਗਰ ਨਿਗਮ ਦਾ ਸਟਾਫ਼ ਫੇਜ਼-10 ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਗਿਆ ਸੀ ਅਤੇ ਪੁਲੀਸ ਜੇਸੀਬੀ ਮਸ਼ੀਨ ਅਤੇ ਸਟਾਫ਼ ਨੂੰ ਥਾਣੇ ਲੈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸਮੁੱਚੇ ਮਾਮਲੇ ਦੀ ਜਾਂਚ ਕਰਵਾਉਣਗੇ। ਇਹ ਰੁਟੀਨ ਕਾਰਵਾਈ ਹੈ, ਇਸ ਸਬੰਧੀ ਪਹਿਲਾਂ ਹੀ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਹੋਏ ਹਨ।
(ਬਾਕਸ ਆਈਟਮ)
ਉਧਰ, ਨਿਰਮਲ ਸਿੰਘ ਕੰਡਾ ਦੇ ਬੇਟੇ ਸੰਨ੍ਹੀ ਕੰਡਾ ਨੇ ਘਰ ਦੇ ਬਾਹਰ ਕਥਿਤ ਨਾਜਾਇਜ਼ ਕਬਜ਼ਾ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਅਕਾਲੀ ਦਲ ਵਿੱਚ ਸੀ, ਉਦੋਂ ਤਾਂ ਮੇਅਰ ਨੂੰ ਉਨ੍ਹਾਂ ਦੇ ਘਰ ਦੇ ਬਾਹਰ 10 ਫੁੱਟ ਥਾਂ ਵਿੱਚ ਬਣਿਆ ਪਾਰਕ ਅਤੇ ਬਗਿੱਚਾ ਨਜ਼ਰ ਨਹੀਂ ਆਇਆ, ਹੁਣ ਜਦੋਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੇਅਰ ਅਕਾਲੀ ਦਲ ਦਾ ਹੈ ਅਤੇ ਇਹ ਕਾਰਵਾਈ ਚੰਦੂਮਾਜਰਾ ਦੇ ਕਹਿਣ ’ਤੇ ਕੀਤੀ ਗਈ ਹੈ। ਉਨ੍ਹਾਂ ਨਿਗਮ ਸਟਾਫ਼ ’ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਨਾਜਾਇਜ਼ ਕਬਜ਼ੇ ਹਟਾਉਣੇ ਹੀ ਹਨ ਤਾਂ ਕੋਠੀ ਨੰਬਰ ਇਕ ਤੋਂ ਨਾਜਾਇਜ਼ ਕਬਜ਼ੇ ਹਟਾਉਣੇ ਸ਼ੁਰੂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਵੱਲੋਂ 10 ਤੋਂ 30 ਫੁੱਟ ਤੱਕ ਥਾਂ ਮੱਲੀ ਹੋਈ ਹੈ ਤਾਂ ਨਗਰ ਨਿਗਮ ਨੂੰ ਨਜ਼ਰ ਨਹੀਂ ਆਉਂਦੀ ਹੈ। ਸੰਨ੍ਹੀ ਕੰਡਾ ਨੇ ਕਿਹਾ ਕਿ ਨਿਗਮ ਸਟਾਫ਼ ਨੇ ਉਨ੍ਹਾਂ ਦੇ ਘਰ ਦੇ ਬਾਹਰ ਪਾਰਕ ਦਾ ਕਾਫੀ ਨੁਕਸਾਨ ਕੀਤਾ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਅਦਾਲਤ ਦੇ ਹੁਕਮ ਵੀ ਦਿਖਾਏ ਸਨ। ਜਦੋਂ ਸਟਾਫ਼ ਉਨ੍ਹਾਂ ਦੇ ਗੱਲ ਪੈ ਗਿਆ ਅਤੇ ਹੱਥੋਪਾਈ ਕਰਨ ਦੀ ਕੋਸ਼ਿਸ਼ ਗਈ ਤਾਂ ਉਨ੍ਹਾਂ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਸੂਚਨਾ ਦੇ ਕੇ ਮੌਕਾ ’ਤੇ ਸੱਦਿਆ ਗਿਆ। ਮੰਤਰੀ ਨੇ ਵੀ ਸਟਾਫ਼ ਨੂੰ ਨੋਟਿਸ ਦੀ ਕਾਪੀ ਅਤੇ ਤਾਜ਼ਾ ਹੁਕਮ ਦਿਖਾਉਣ ਲਈ ਕਿਹਾ ਗਿਆ ਲੇਕਿਨ ਕੋਈ ਅਧਿਕਾਰੀ ਪਾਰਕ ਤੋੜਨ ਸਬੰਧੀ ਮੌਕੇ ’ਤੇ ਕੋਈ ਹੁਕਮ ਨਹੀਂ ਦਿਖਾ ਸਕਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…