nabaz-e-punjab.com

ਪ੍ਰੇਮਿਕਾ ਦੀ ਸ਼ਿਕਾਇਤ ’ਤੇ ਲਾਵਾਂ ਰੋਕੀਆਂ, ਲਾੜੇ ਨੂੰ ਥਾਣੇ ਡੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ:
ਮੁਹਾਲੀ ਵਿੱਚ ਐਤਵਾਰ ਨੂੰ ਵਿਆਹ ਦੌਰਾਨ ਉਸ ਸਮੇਂ ਰੰਗ ਵਿੱਚ ਭੰਗ ਪੈ ਗਿਆ ਜਦੋਂ ਲਾੜੇ ਦੀ ਪ੍ਰੇਮਿਕਾ ਨੇ ਮੌਕੇ ’ਤੇ ਪਹੁੰਚ ਭੜਥੂ ਪਾ ਦਿੱਤਾ। ਇੱਥੋਂ ਦੇ ਫੇਜ਼-3ਏ ਸਥਿਤ ਗੁਰਦੁਆਰਾ ਸਾਹਿਬ ਵਿਖੇ ਲਾਵਾਂ ਤੋਂ ਪਹਿਲਾਂ ਰਿਸ਼ਤੇਦਾਰਾਂ ਦੀਆਂ ਮਿਲਣੀਆਂ ਦੀ ਰਸਮ ਚੱਲ ਰਹੀ ਸੀ ਕਿ ਐਨੇ ਕਿ ਲਾੜੇ ਦੀ ਪੁਰਾਣੀ ਪ੍ਰੇਮਿਕਾ ਰੇਣੂ ਵਾਸੀ ਪਟਿਆਲਾ ਵੀ ਉੱਥੇ ਪਹੁੰਚ ਗਈ ਅਤੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਜਿੱਥੇ ਲੜਕੀ ਦੇ ਮਾਪਿਆਂ ਨੇ ਵਿਆਹ ਤੋਂ ਸਾਫ਼ ਮਨਾਂ ਕਰ ਦਿੱਤਾ, ਉੱਥੇ ਪੁਲੀਸ ਨੇ ਫੁੱਲਾਂ ਨਾਲ ਸੱਜੀ ਡੋਲੀ ਵਾਲੀ ਕਾਰ ਸਣੇ ਲਾੜੇ ਨੂੰ ਫੜ ਕੇ ਥਾਣੇ ਡੱਕ ਦਿੱਤਾ।
ਜਾਣਕਾਰੀ ਅਨੁਸਾਰ ਫਤਹਿਗੜ੍ਹ ਸਾਹਿਬ ਦੇ ਵਸਨੀਕ ਬੇਅੰਤ ਸਿੰਘ ਅਤੇ ਪਟਿਆਲਾ ਦੀ ਅੌਰਤ ਰੇਣੂ ਦੀ ਕਾਫ਼ੀ ਸਮਾਂ ਪਹਿਲਾਂ ਇੱਕ ਹਸਪਤਾਲ ਵਿੱਚ ਮੁਲਾਕਾਤ ਹੋਈ ਸੀ। ਹਸਪਤਾਲ ਵਿੱਚ ਦੋਵਾਂ ਦੇ ਰਿਸ਼ਤੇਦਾਰ ਜੇਰੇ ਇਲਾਜ ਸਨ। ਆਪਣੇ ਮਰੀਜ਼ਾਂ ਦੀ ਦੇਖਭਾਲ ਕਰਦਿਆਂ ਇਹ ਦੋਵੇਂ ਇੱਕ ਦੂਜੇ ਦੇ ਨੇੜੇ ਆ ਗਏ ਅਤੇ ਗੱਲ ਵਿਆਹ ਤੱਕ ਪਹੁੰਚ ਗਈ। ਰੇਣੂ ਮੁਤਾਬਕ ਉਹ ਪਿਛਲੇ ਅੱਠ ਸਾਲ ਤੋਂ ਬੇਅੰਤ ਸਿੰਘ ਨਾਲ ਲਿਵ-ਇੰਨ-ਰਿਲੇਸ਼ਨ ਵਿੱਚ ਰਹਿੰਦੀ ਸੀ। ਬੇਅੰਤ ਨੇ ਉਸ ਨੂੰ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਸੀ। ਉਂਜ ਉਹ ਸ਼ਾਦੀਸ਼ੁਦਾ ਹੈ, ਪਹਿਲੇ ਪਤੀ ਨਾਲ ਤਲਾਕ ਦਾ ਕੇਸ ਚਲਦਾ ਹੈ। ਉਸ ਕੋਲ ਪਹਿਲੇ ਪਤੀ ਤੋਂ ਦੋ ਬੱਚੇ ਵੀ ਹਨ। ਜਿਨ੍ਹਾਂ ਬਾਰੇ ਬੇਅੰਤ ਭਲੀਭਾਂਤ ਜਾਣੂ ਸੀ ਪ੍ਰੰਤੂ ਹੁਣ ਉਹ ਵਿਆਹ ਤੋਂ ਮੁਕਰ ਗਿਆ ਅਤੇ ਕਾਫ਼ੀ ਦਿਨਾਂ ਤੋਂ ਉਸ ਨੂੰ ਕੋਈ ਆਈ ਗਈ ਨਹੀਂ ਦੇ ਰਿਹਾ ਸੀ। ਜਿਸ ਕਾਰਨ ਉਸ ਨੂੰ ਸ਼ੱਕ ਹੋ ਗਿਆ ਕਿ ਬੇਅੰਤ ਕਿਤੇ ਹੋਰ ਥਾਂ ਵਿਆਹ ਕਰਵਾਉਣ ਦੀ ਤਾਕ ਵਿੱਚ ਹੈ। ਰੇਣੂ ਨੇ ਦੱਸਿਆ ਕਿ ਉਸ ਨੇ ਬੇਅੰਤ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਜਿਵੇਂ ਹੀ ਉਸ ਨੂੰ ਵਿਆਹ ਬਾਰੇ ਭਿਣਕ ਪਈ ਤਾਂ ਉਹ ਮੁਹਾਲੀ ਪਹੁੰਚ ਗਈ ਅਤੇ ਲੜਕੀ ਦੇ ਮਾਪਿਆਂ ਅਤੇ ਪੁਲੀਸ ਨੂੰ ਸਾਰੀ ਗੱਲ ਦੱਸੀ।
ਉਧਰ, ਬੇਅੰਤ ਸਿੰਘ ਨੇ ਮੰਨਿਆਂ ਕਿ ਉਹ ਅੱਠ ਸਾਲ ਤੋਂ ਨਹੀਂ ਬਲਕਿ 2019 ਤੋਂ ਰੇਣੂ ਨਾਲ ਲਿਵ-ਇੰਨ-ਰਿਲੇਸ਼ਨ ਵਿੱਚ ਰਹਿ ਰਿਹਾ ਸੀ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਰੇਣੂ ਨੇ ਉਸ ਨੂੰ ਕਿਹਾ ਸੀ ਕਿ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਾ ਹੈ ਪ੍ਰੰਤੂ ਹੁਣ ਜਦੋਂ ਉਸ ਨੂੰ ਪਤਾ ਲੱਗਾ ਕਿ ਤਲਾਕ ਬਾਰੇ ਰੇਣੂ ਨੇ ਝੂਠ ਬੋਲਿਆ ਹੈ ਤਾਂ ਉਸ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ। ਰੇਣੂ ਦਾ ਹਾਲੇ ਤੱਕ ਤਲਾਕ ਨਹੀਂ ਹੋਇਆ ਬਲਕਿ ਅਜੇ ਵੀ ਕੇਸ ਚੱਲ ਰਿਹਾ ਹੈ। ਬੇਅੰਤ ਨੇ ਦੱਸਿਆ ਕਿ ਚਾਰ ਕੁ ਦਿਨ ਪਹਿਲਾਂ ਵੀ ਪ੍ਰੇਮਿਕਾ ਨੇ ਉਸ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ।
ਮਟੌਰ ਥਾਣਾ ਦੇ ਐੱਸਐੱਚਓ ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਮਾਪਿਆਂ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਵਿਆਹ ਪ੍ਰਬੰਧਾਂ ’ਤੇ ਹੋਇਆ ਖ਼ਰਚਾ ਦੇਣ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਬਾਅਦ ਪਤਵੰਤਿਆਂ ਦੀ ਜ਼ਿੰਮੇਵਾਰੀ ’ਤੇ ਫਿਲਹਾਲ ਲਾੜੇ ਨੂੰ ਛੱਡ ਦਿੱਤਾ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …