
ਵਕੀਲ ਦੀ ਕੁੱਟਮਾਰ: ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅਦਾਲਤ ਦੇ ਬਾਹਰ ਰੋਸ ਪ੍ਰਦਰਸ਼ਨ
ਵਕੀਲਾਂ ਦੀ ਹੜਤਾਲ ਕਾਰਨ ਅਦਾਲਤ ਦੇ ਕੰਮ ਵਿੱਚ ਵਿਘਨ ਪਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਲੁਧਿਆਣਾ ਵਿੱਚ ਇਕ ਵਕੀਲ ਉੱਤੇ ਪੁਲੀਸ ਇੰਸਪੈਕਟਰ ਵੱਲੋਂ ਕੀਤੇ ਕਥਿਤ ਹਮਲੇ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੁਕੰਮਲ ਹੜਤਾਲ ਕਰਕੇ ਅਦਾਲਤਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਮੁਲਾਜ਼ਮ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ 25 ਫਰਵਰੀ ਨੂੰ ਪੁਲੀਸ ਇੰਸਪੈਕਟਰ ਨੇ ਬਿਨਾਂ ਵਜ੍ਹਾ ਬੇਕਸੂਰ ਵਕੀਲ ’ਤੇ ਹਮਲਾ ਕੀਤਾ ਅਤੇ ਕੁੱਟਮਾਰ ਕੀਤੀ, ਜਿਸ ਸਬੰਧੀ ਉਕਤ ਦੋਸ਼ੀ ਪੁਲੀਸ ਮੁਲਾਜ਼ਮ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਰਾਜ ਪੱਧਰੀ ਹੜਤਾਲ ਦੇ ਸੱਦੇ ’ਤੇ ਅੱਜ ਮੁਹਾਲੀ ਵਿੱਚ ਵੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਹੈ। ਜਿਸ ਕਾਰਨ ਅਦਾਲਤ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ।
ਉਨ੍ਹਾਂ ਕਿਹਾ ਕਿ ਵਕੀਲਾਂ ’ਤੇ ਹੋ ਰਹੇ ਹਮਲੇ ਬਰਦਾਸ਼ਤ ਨਹੀ ਕੀਤੇ ਜਾਣਗੇ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਕੀਲਾਂ ਦੇ ਹਿੱਤਾਂ ਲਈ ਹਰ ਸੰਘਰਸ਼ ਵਿੱਚ ਨਾਲ ਖੜੀ ਹੈ। ਉਨ੍ਹਾਂ ਮੰਗ ਕੀਤੀ ਕਿ ਵਕੀਲ ’ਤੇ ਹਮਲਾ ਕਰਨ ਵਾਲੇ ਪੁਲੀਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਬਾਰ ਕੌਂਸਲ ਦੇ ਮੈਂਬਰ ਬਲਜਿੰਦਰ ਸਿੰਘ ਸੈਣੀ ਨੇ ਵੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੁਲੀਸ ਇੰਸਪੈਕਟਰ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਇੰਸਪੈਕਟਰ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ਤਾਂ ਵਕੀਲ ਭਾਈਚਾਰੇ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਸੰਯੁਕਤ ਸਕੱਤਰ ਗੀਤਾਂਜਲੀ ਬਾਲੀ, ਹਰਜਿੰਦਰ ਸਿੰਘ ਬੈਦਵਾਨ, ਅਮਨਦੀਪ ਕੌਰ ਸੋਹੀ, ਨਰਪਿੰਦਰ ਸਿੰਘ ਰੰਗੀ, ਤਾਰਾ ਚੰਦ ਗੁਪਤਾ, ਅਨਿਲ ਕੌਸ਼ਲ, ਸੁਨੀਲ ਪਰਾਸ਼ਰ, ਰਮੇਸ਼ ਅਰੋੜਾ, ਸੁਸ਼ੀਲ ਕੁਮਾਰ ਅੱਤਰੀ, ਗਗਨਦੀਪ ਸੋਹਾਣਾ, ਐਸਕੇ ਕਰਵਲ, ਅਵਿਨਾਸ਼ ਸਿੰਘ, ਸੰਦੀਪ ਸਿੰਘ ਲੱਖਾ, ਹਰਬੰਤ ਸਿੰਘ, ਸੰਜੀਵ ਮੈਣੀ, ਚੌਧਰੀ ਦਰਸ਼ਨ ਲਾਲ, ਪਰਮਿੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਰਾਏ, ਵਿਕਰਮ ਸਿੰਘ ਆਹਲੂਵਾਲੀਆ, ਅਸ਼ੋਕ ਸ਼ਰਮਾ ਸਮੇਤ ਹੋਰ ਵਕੀਲ ਹਾਜ਼ਰ ਸਨ।