ਕਿਸਾਨਾਂ ਦੇ ਹੱਕ ਵਿੱਚ ਵਕੀਲਾਂ ਨੇ ਰੋਸ ਪ੍ਰਗਟਾਇਆ, ਗ੍ਰਿਫ਼ਤਾਰ ਕੀਤੇ ਵਕੀਲ ਤੇ ਕਿਸਾਨਾਂ ਦੀ ਰਿਹਾਈ ਮੰਗੀ
ਨਬਜ਼-ਏ-ਪੰਜਾਬ, ਮੁਹਾਲੀ, 4 ਮਾਰਚ:
ਪੰਜਾਬ ਸਰਕਾਰ ਦੇ ਹੁਕਮਾਂ ’ਤੇ ਮੁਹਾਲੀ ਪੁਲੀਸ ਵੱਲੋਂ ਵਕੀਲਾਂ ਦੀ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਅਤੇ ਕਿਸਾਨ ਆਗੂ ਜਸਪਾਲ ਸਿੰਘ ਦੱਪਰ ਸਮੇਤ ਹੋਰਨਾਂ ਕਿਸਾਨ ਆਗੂਆਂ ਨੂੰ ਘਰਾਂ ’ਚੋਂ ਜ਼ਬਰਦਸਤੀ ਗ੍ਰਿਫ਼ਤਾਰ ਕਰਨ ਦਾ ਸਖ਼ਤ ਨਿਖੇਧੀ ਕਰਦਿਆਂ ਵਕੀਲਾਂ ਦੀਆਂ ਜਥੇਬੰਦੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਸਨੇਹ ਪ੍ਰੀਤ ਸਿੰਘ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਪੰਜਾਬ ਦੇ ਮੀਤ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਅਤੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆਂ ਦੀ ਅਗਵਾਈ ਹੇਠ ਰੋਸ ਪ੍ਰਗਟ ਕਰਦਿਆਂ ਏਡੀਸੀ ਗੀਤਿਕਾ ਸਿੰਘ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਵਕੀਲ ਜਸਪਾਲ ਸਿੰਘ ਦੱਪਰ ਅਤੇ ਬਾਕੀ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਭਲਕੇ ਚੰਡੀਗੜ੍ਹ ਵਿੱਚ ਲੱਗਣ ਵਾਲੇ ਮੋਰਚੇ ਵਿੱਚ ਸ਼ਾਮਲ ਹੋਣ ਦਿੱਤਾ ਜਾਵੇ।
ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਜਸਪਾਲ ਸਿੰਘ ਦੱਪਰ ਵਕੀਲਾਂ ਸਮੇਤ ਕਿਸਾਨ ਯੂਨੀਅਨ ਅਤੇ ਮਜ਼ਦੂਰਾਂ ਦੇ ਉੱਘੇ ਆਗੂ ਹਨ ਅਤੇ ਉਹ ਹਮੇਸ਼ਾ ਸ਼ਾਂਤਮਈ ਤਰੀਕੇ ਨਾਲ ਲੋਕਾਂ ਦੇ ਹੱਕ ਸੱਚ ਦੀ ਲੜਾਈ ਲੜਦੇ ਹਨ, ਅਜਿਹੇ ਇਨਸਾਫ਼ ਪਸੰਦ ਵਕੀਲ ਨੂੰ ਗ੍ਰਿਫ਼ਤਾਰ ਕਰਨਾ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਉਨ੍ਹਾਂ ਨੂੰ ਤੁਰੰਤ ਰਿਹਾਅ ਨਾ ਕੀਤਾ ਤਾਂ ਪੰਜਾਬ ਭਰ ਦੇ ਵਕੀਲ, ਕਿਸਾਨ, ਮਜ਼ਦੂਰ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਸਖ਼ਤ ਐਕਸ਼ਨ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਜਸਪਾਲ ਸਿੰਘ ਨਿਆਮੀਆਂ, ਦਵਿੰਦਰ ਸਿੰਘ ਦੇਹਕਲਾਂ, ਜੱਗੀ ਕਰਾਲਾ ਨੂੰ ਨਾਜਾਇਜ ਤੌਰ ’ਤੇ ਗ੍ਰਿਫ਼ਤਾਰ ਕਰਨ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਹੈ।
ਪੰਜਾਬ ਪੁਲੀਸ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਅਮਰਜੀਤ ਸਿੰਘ ਲੌਂਗੀਆਂ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਦੇ ਬੋਲਣ ਅਤੇ ਵਿਰੋਧ ਕਰਨ ਦੀ ਆਜ਼ਾਦੀ ’ਤੇ ਰੋਕ ਲਗਾ ਰਹੀ ਹੈ, ਜੋ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਦੀ ਉਲੰਘਣਾ ਹੈ। ਇਸ ਮੌਕੇ ਐਡਵੋਕੇਟ ਰਛਪਾਲ ਸਿੰਘ, ਇਕਬਾਲ ਸਿੰਘ, ਪ੍ਰਿਤਪਾਲ ਸਿੰਘ ਬਾਸੀ, ਅਕਸ ਚੇਤਲ, ਹਰਪ੍ਰੀਤ ਸਿੰਘ, ਰੋਹਿਤ ਗਰਗ, ਅਮਰੀਸ਼ ਜੈਨ, ਪ੍ਰੀਤਮ ਸਿੰਘ ਗਿੱਲ, ਜਸਵੰਤ ਸਿੰਘ ਤੂਰ, ਕਰਨਵੀਰ ਸਿੰਘ, ਵਿਕਾਸ ਸ਼ਰਮਾ, ਚੌਧਰੀ, ਗੁਰਪ੍ਰੀਤ ਸਿੰਘ ਸਿੱਧੂ, ਜਸਜੀਤ ਸਿੰਘ ਧਨੋਆ ਅਤੇ ਯਸ਼ਜੋਤ ਸਿੰਘ ਧਾਲੀਵਾਲ ਹਾਜ਼ਰ ਸਨ।