ਵਕੀਲਾਂ ਦੀਆਂ ਜਥੇਬੰਦੀਆਂ ਨੇ ਈਐਸਆਈ ਹਸਪਤਾਲ ਤੇ ਡਿਸਪੈਂਸਰੀਆਂ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

ਈਐਸਆਈ ਅਤੇ ਡਿਸਪੈਂਸਰੀਆਂ ਦੇ ਕੰਮ ਵਿੱਚ ਸੁਧਾਰ ਕਰਨ ਤੇ ਮਰੀਜ਼ਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਮੁਹਾਲੀ ਵਿੱਚ ਈਐਸਆਈ ਹਸਪਤਾਲ ਅਤੇ ਡਿਸਪੈਂਸਰੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਮਰੀਜ਼ਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਅੱਜ ਇੱਥੇ ਬਅਦ ਦੁਪਹਿਰ ਪੱਤਰਕਾਰ ਸੰਮੇਲਨ ਦੌਰਾਨ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਕਰਮ ਸਿੰਘ, ਮੀਤ ਪ੍ਰਧਾਨ ਜਸਬੀਰ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ, ਲੇਬਰ ਲਾਅ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਭਾਗ ਸਿੰਘ ਸੁਹਾਗ ਨੇ ਈਐਸਆਈ ਹਸਪਤਾਲ ਮੁਹਾਲੀ ਅਤੇ ਡਿਸਪੈਂਸਰੀਆਂ ਵਿੱਚ ਇਲਾਜ ਦੌਰਾਨ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਈਐਸਆਈ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਜਵਾਬਦੇਹ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਕਾਮਿਆਂ ਵੱਲੋਂ ਆਪਣੇ ਅਤੇ ਪਰਿਵਾਰ ਦੇ ਸਿਹਤ ਬੀਮਾ ਬਦਲੇ ਤਨਖ਼ਾਹ ਦਾ ਚਾਰ ਫੀਸਦੀ ਹਿੱਸਾ ਈਐਸਆਈ ਨੂੰ ਅਦਾ ਕੀਤਾ ਜਾਂਦਾ ਹੈ ਅਤੇ ਈਐਸਆਈ ਐਕਟ 1948 ਦੀ ਧਾਰਾ 28 ਤਹਿਤ ਬੀਮਾ ਕਰਵਾਉਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਈਐਸਆਈ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਲੋੜੀਂਦੀਆਂ ਸਿਹਤ ਸੇਵਾਵਾਂ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈਐਸਆਈ ਫੰਡ ਵਿੱਚ 1 ਲੱਖ ਕਰੋੜ ਤੋਂ ਵੱਧ ਰਾਸ਼ੀ ਹੈ, ਜੋ ਕਾਮਿਆਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਰਤਿਆ ਜਾਣਾ ਚਾਹੀਦਾ ਹੈ। ਮੁਹਾਲੀ ਵਿੱਚ ਇਸ ਵੇਲੇ ਕਰੀਬ 4 ਲੱਖ ਵਰਕਰ ਹਨ, ਜਿਨ੍ਹਾਂ ਵੱਲੋਂ ਹਰੇਕ ਮਹੀਨੇ 10 ਕਰੋੜ ਤੋਂ ਵੱਧ ਈਐਸਆਈ ਫੰਡ ਦਿੱਤਾ ਜਾਂਦਾ ਹੈ। ਇਹ ਰਾਸ਼ੀ ਮੁਹਾਲੀ ਸਮੇਤ ਘੜੂੰਆਂ, ਸਿਆਲਬਾ ਮਾਜਰੀ, ਬੰਨਮਾਜਰਾ ਅਤੇ ਸੈਕਟਰ-82 ਦੇ ਕਾਮਿਆਂ ਤੋਂ ਵੀ ਇਕੱਤਰ ਕੀਤੀ ਜਾਂਦੀ ਹੈ, ਜਿੱਥੇ ਈਐਸਆਈ ਹਸਪਤਾਲ ਜਾਂ ਡਿਸਪੈਂਸਰੀਆਂ ਹੀ ਨਹੀਂ ਹੈ।
ਲੇਬਰ ਲਾਅ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਈਐਸਆਈ ਹਸਪਤਾਲ ਮੁਹਾਲੀ ਅਤੇ ਡਿਸਪੈਂਸਰੀਆਂ ਦੀ ਹਾਲਤ ਤਰਸਯੋਗ ਹੈ ਅਤੇ ਫੈਕਟਰੀ ਕਾਮਿਆਂ ਨੂੰ ਇਲਾਜ ਲਈ ਨਾ ਦੇ ਬਰਾਬਰ ਸਹੂਲਤਾਂ ਮਿਲ ਰਹੀਆਂ ਹਨ। ਇਹੀ ਨਹੀਂ ਈਐਸਆਈ ਵਿੱਚ ਇਲਾਜ ਲਈ ਆਉਂਦੇ ਮਰੀਜ਼ਾਂ ਸਰਕਾਰੀ ਹਸਪਤਾਲ ਫੇਜ਼-6, ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ-32, ਸੈਕਟਰ-16 ਜਾਂ ਪੀਜੀਆਈ ਵਿੱਚ ਰੈਫ਼ਰ ਕਰ ਦਿੱਤਾ ਜਾਂਦਾ ਹੈ। ਕਰਮਚਾਰੀ ਬੀਮਾ ਹੋਣ ਦੇ ਬਾਵਜੂਦ ਕਾਮਿਆਂ ਨੂੰ ਆਪਣੀ ਜੇਬ ’ਚੋਂ ਪੈਸੇ ਖ਼ਰਚ ਕੇ ਇਲਾਜ ਕਰਵਾਉਣਾ ਪੈਂਦਾ ਹੈ ਅਤੇ ਬਾਅਦ ਵਿੱਚ ਕਈ ਕਈ ਮਹੀਨੇ ਬਿੱਲਾਂ ਦੀ ਅਦਾਇਗੀ ਨਹੀਂ ਹੁੰਦੀ।

ਉਨ੍ਹਾਂ ਮੰਗ ਕੀਤੀ ਕਿ ਈਐਸਆਈ ਹਸਪਤਾਲ ਅਤੇ ਡਿਸਪੈਂਸਰੀਆਂ ਵਿੱਚ ਸਾਰੇ ਦਿਨ 24 ਘੰਟੇ ਇਲਾਜ ਲਈ ਖੁੱਲ੍ਹਾ ਰੱਖਿਆ ਜਾਵੇ, ਜੇਕਰ ਮਰੀਜ਼ ਨੂੰ ਰੈਫ਼ਰ ਕਰਨਾ ਜ਼ਰੂਰੀ ਹੋਵੇ ਤਾਂ ਉਸ ਨੂੰ ਕੈਸ਼ਲੈਸ ਇਲਾਜ ਲਈ ਰੈਫ਼ਰ ਕੀਤਾ ਜਾਵੇ, ਐਂਬੂਲੈਂਸ ਸੇਵਾ ਦਾ ਪ੍ਰਬੰਧ ਕੀਤਾ ਜਾਵੇ, ਲੈਬਾਰਟਰੀ ਟੈੱਸਟਾਂ ਦਾ ਪ੍ਰਬੰਧ ਕੀਤਾ ਜਾਵੇ, ਈਐਸਆਈ ਹਸਪਤਾਲ ਵਿੱਚ ਮਾਹਰ ਡਾਕਟਰ ਤਾਇਨਾਤ ਕੀਤੇ ਜਾਣ, ਆਈਸੀਯੂ ਯੂਨਿਟ ਸਥਾਪਿਤ ਕੀਤਾ ਜਾਵੇ, ਮੈਡੀਕਲ ਬਿੱਲਾਂ ਦੀ ਸਮਾਂਬੱਧ ਕਲੀਅਰੈਂਸ ਯਕੀਨੀ ਬਣਾਈ ਜਾਵੇ। ਸੈਕਟਰ-82, ਘੜੂੰਆਂ, ਸਿਆਲਬਾ ਮਾਜਰੀ, ਬੰਨਮਾਜਰਾ ਵਿੱਚ ਈਐਸਆਈ ਹਸਪਤਾਲ ਜਾਂ ਡਿਸਪੈਂਸਰੀਆਂ ਖੋਲ੍ਹੀਆਂ ਜਾਣ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …