
ਮਹਿੰਗਾਈ ਖਿਲਾਫ਼ ਵਕੀਲਾਂ ਨੇ ਸਾਈਕਲ ਰੈਲੀ ਕੱਢੀ
ਨਬਜ਼-ਏ-ਪੰਜਾਬ, ਮੁਹਾਲੀ 3 ਜੁਲਾਈ:
ਦੇਸ਼ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਖਿਲਾਫ਼ ਅਵਾਜ਼ ਉਠਾਉਂਦੇ ਹੋਏ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਬੈਨਰ ਹੇਠ ਵਕੀਲਾਂ ਨੇ ਰੋਸ ਪ੍ਗਟ ਕਰਦਿਆਂ ਅੱਜ ਸਾਈਕਲ ਰੈਲੀ ਕੱਢੀ। ਜਿਸ ਵਿੱਚ ਮੁਹਾਲੀ ਅਤੇ ਚੰਡੀਗੜ੍ਹ ਦੇ ਵਕੀਲਾਂ ਦੇ ਨਾਲ ਖਰੜ ਪੈਡਲਰਜ਼ ਦੇ ਮੈਬਰਾਂ ਨੇ ਹਿੱਸਾ ਲਿਆ।
ਇਹ ਰੋਸ ਰੈਲੀ ਜ਼ਿਲ੍ਹਾ ਅਦਾਲਤ ਕੰਪਲੈਕਸ ਮੁਹਾਲੀ ਤੋਂ ਸ਼ੁਰੂ ਹੋਈ ਜੋ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਵਾਈਪੀਐਸ ਚੌਂਕ ਹੁੰਦੇ ਹੋਏ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦਾਖ਼ਲ ਹੋਈ। ਜਿੱਥੇ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਨੁਮਾਇੰਦਿਆਂ ਨੇ ਵਕੀਲਾਂ ਦੇ ਇਸ ਕਾਫਲੇ ਦਾ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਮੈਬਰਾਂ ਸਮੇਤ ਇਹ ਸਾਈਕਲ ਰੈਲੀ ਅਰੋਮਾ ਹੋਟਲ ਲਾਲ ਬੱਤੀ ਪੁਅਾਇੰਟ ਤੋਂ ਹੁੰਦੇ ਹੋਏ ਕਿਸਾਨ ਭਵਨ ਚੌਂਕ ਚੰਡੀਗੜ੍ਹ ਪੁੱਜੀ। ਜਿੱਥੇ ਵਕੀਲਾਂ ਨੇ ਰੁੱਕ ਕੇ ਮਹਿੰਗਾਈ ਲਈ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਇਕ ਪਾਸੇ ਜਿੱਥੇ ਸਮਾਜ ਦਾ ਹਰ ਵਰਗ ਕਰੋਨਾ ਮਹਾਮਾਰੀ ਅਤੇ ਲਗਾਤਾਰ ਲੌਕਡਾਊਨ ਨੇ ਝੰਬਿਆ ਹੋਇਆ ਹੈ, ਉਥੇ ਹਰ ਪਾਸੇ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਰਫ਼ਤਾਰ ਨਾਲ ਹਰ ਰੋਜ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ ਉਸ ਨੂੰ ਦੇਖ ਕੇ ਲਗਦਾ ਹੈ ਕਿ ਦੇਸ਼ ਵਿਚ ਕੋਈ ਸਰਕਾਰ ਕੰਮ ਹੀ ਨਹੀਂ ਕਰ ਰਹੀ। ਇਹੋ ਜਿਹੇ ਮਹੌਲ ਵਿਚ ਜਦੋਂ ਹਰੇਕ ਆਮ ਨਾਗਰਿਕ ਅਪਣੀਂ ਰੋਜੀ ਰੋਟੀ ਚਲਾਉਣ ਤੋਂ ਵੀ ਆਵਾਜ਼ਾਰ ਹੈ ਤਾਂ ਲਗਾਤਰ ਕੀਮਤਾਂ ਵਿੱਚ ਵਾਧਾ ਕਰ ਕੇ ਸਰਕਾਰ ਜਨਤਾ ਦੇ ਜਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਈਕਲ ਰੈਲੀ ਵਕੀਲ ਭਾਈਚਾਰੇ ਨੇ ਜਿੱਥੇ
ਮਹਿੰਗਾਈ ਦੇ ਖਿਲਾਫ਼ ਰੋਸ ਪ੍ਰਗਟ ਕਰਨ ਲਈ ਕੀਤੀ ਹੈ ਉਥੇ ਇਹ ਆਮ ਲੋਕਾਂ ਨੂੰ ਮਹਿੰਗਾਈ ਵਿਰੁੱਧ ਜਾਗਰੂਕ ਕਰਨਾ ਵੀ ਇਸ ਦਾ ਮਕਸਦ ਹੈ।

ਇਸ ਮੌਕੇ ਬੋਲਦਿਆਂ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਜਦੋਂ ਆਮ ਜਨਤਾ ਤ੍ਰਾਹ ਤ੍ਹਾਹ ਕਰ ਰਹੀ ਹੈ ਤਾਂ ਦੇਸ਼ ਦੇ ਹਾਕਮ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਆਉਦੇ ਦਿਨਾਂ ਵਿੱਚ ਹੋਰ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਨਰਪਿੰਦਰ ਸਿੰਘ ਰੰਗੀ, ਸੰਦੀਪ ਸਿੰਘ ਲੱਖਾ, ਅਕਸ਼ ਚੇਤਲ, ਸੈਕਟਰੀ ਜੋਰਾਵਰ ਸਿੰਘ ਸੋਹੀ, ਸੰਜੀਵ ਮੈਣੀ, ਵਿਕਾਸ ਸ਼ਰਮਾ, ਗਗਨਦੀਪ ਸਿੰਘ ਸੇਠੀ, ਮਨਦੀਪ ਸਿੰਘ, ਦਵਿੰਦਰ ਮੰਡਿਆਣਾ, ਗੁਰਦੀਪ ਸਿੰਘ, ਇਕਬਾਲ ਸਿੰਘ, ਧੀਰਜ ਕੌਸ਼ਲ, ਮਹਾਂਦੇਵ ਸਿੰਘ, ਦੀਪਇੰਦਰ ਸਿੰਘ ਮੱਲਕਾ, ਸੁਸ਼ੀਲ ਅੱਤਰੀ, ਜਤਿੰਦਰ ਜੋਸ਼ੀ ਸਨੇਹਪ੍ਰੀਤ ਸਿੰਘ, ਹਤਿੰਦਰ ਬੇਦੀ ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਕੀਲ ਅਤੇ ਹੋਰ ਸ਼ਾਮਲ ਸਨ।