
ਆਪਣਾ ਘਰ: ਜਥੇਦਾਰ ਬਡਾਲੀ ਨੇ 167 ਕੱਚੇ ਮਕਾਨਾਂ ਲਈ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਰਾਂਟ
ਅਕਾਲੀ-ਭਾਜਪਾ ਸਰਕਾਰ ਗ਼ਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ: ਜਥੇਦਾਰ ਬਡਾਲੀ
ਕੁਰਾਲੀ 29 ਦਸੰਬਰ (ਰਜਨੀਕਾਂਤ ਗਰੋਵਰ/ਅਸ਼ੋਕ ਬਠਲਾ):
ਅਕਾਲੀ-ਭਾਜਪਾ ਸਰਕਾਰ ਗ਼ਰੀਬ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਬੰਧੀ ਲੋਕ ਹਿੱਤ ਵਿੱਚ ਅਨੇਕਾਂ ਹੀ ਭਲਾਈ ਯੋਜਨਾਵਾਂ ਉਲੀਕ ਕੇ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਕੁਰਾਲੀ ਨਗਰ ਕੌਂਸਲ ਦੇ ਦਫ਼ਤਰ ਵਿਖੇ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਦੀ ਪ੍ਰਧਾਨਗੀ ਹੇਠ ਕਰਵਾਏ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਦੇ 167 ਕੱਚੇ ਘਰਾਂ ਨੂੰ ਪੱਕਾ ਕਰਨ ਲਈ ਲੋੜਵੰਦ ਪਰਿਵਾਰਾਂ ਨੂੰ ਮਨਜ਼ੂਰ ਹੋਈ ਗਰਾਂਟ ਦੇ ਪੱਤਰ ਵੰਡੇ।
ਜਥੇਦਾਰ ਬਡਾਲੀ ਨੇ ਕਿਹਾ ਕਿ ਉਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਹਲਕਾ ਖਰੜ ਦੇ ਹਰੇਕ ਵਸਨੀਕ ਨੂੰ ‘ਆਪਣਾ ਘਰ’ ਮੁਹੱਈਆ ਕਰਵਾਉਣ ਲਈ ਡੇਢ ਲੱਖ ਰੁਪਏ ਦਿੱਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਗਰੀਬ ਪਰਿਵਾਰ ਛੱਤ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਅੱਜ ਸ਼ਹਿਰ ਦੇ 167 ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਦਿੱਤੇ ਗਏ ਹਨ, ਜਿਨ੍ਹਾਂ ਦੀ ਪਹਿਲੀ ਕਿਸ਼ਤ ਦੇ ਰੂਪ ਵਿੱਚ ਪ੍ਰਤੀ ਪਰਿਵਾਰ 50 ਹਜ਼ਾਰ ਰੁਪਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਹੋ ਜਾਣਗੇ ਅਤੇ 50-50 ਹਜ਼ਾਰ ਰੁਪਏ ਦੋ ਵਾਰ ਕੰਮ ਸ਼ੁਰੂ ਹੋਣ ਦੇ ਨਾਲ-ਨਾਲ ਪਰਿਵਾਰਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਬਾਦਲ ਸਰਕਾਰ ਨੇ ਖਰੜ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਲੇਕਿਨ ਫਿਰ ਵੀ ਜੇਕਰ ਕੋਈ ਕੰਮ ਅਧੂਰਾ ਰਹਿ ਗਿਆ ਹੈ ਤਾਂ ਉਸ ਨੂੰ ਵੀ ਜਲਦੀ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਮਨਜੀਤ ਸਿੰਘ ਮਹਿਤੋਂ, ਨਗਰ ਕੌਂਸਲ ਦੇ ਮੀਤ ਪ੍ਰਧਾਨ ਲਖਵੀਰ ਲੱਕੀ, ਦਵਿੰਦਰ ਠਾਕੁਰ, ਗੌਰਵ ਗੁਪਤਾ, ਰਾਜਦੀਪ ਸਿੰਘ ਹੈਪੀ, ਕੁਲਵੰਤ ਕੌਰ ਪਾਬਲਾ, ਅੰਮ੍ਰਿਤਪਾਲ ਕੌਰ ਬਾਠ, ਵਿਨੀਤ ਕਾਲੀਆ, ਗੁਰਚਰਨ ਸਿੰਘ ਰਾਣਾ, ਪਾਲਇੰਦਰ ਸਿੰਘ ਬਾਠ, ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਰੂੜਾ, ਸਾਬਕਾ ਕੌਂਸਲਰ ਤਰਲੋਕ ਚੰਦ ਧੀਮਾਨ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।