ਭਾਜਪਾ ਵਿੱਚ ਸ਼ਾਮਲ ਹੋ ਰਹੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਮਿਲ ਸਕਦੈ 24 ਵਿੱਚ ਮੌਕਾ

ਪੰਜਾਬ ਦੀ ਭਾਜਪਾ ਲੀਡਰਸ਼ਿਪ ’ਚ ਫਿਲਹਾਲ ਕੋਈ ਬਦਲਾਅ ਨਹੀਂ: ਗਜੇਂਦਰ ਸ਼ੇਖਾਵਤ

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਹੋਏ ਨਤਮਸਤਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਭਾਜਪਾ ਵਿੱਚ ਧੜਾਧੜ ਸ਼ਾਮਲ ਹੋ ਰਹੇ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਲਈ ਇਹ ਖ਼ੁਸ਼ੀ ਵਾਲੀ ਗੱਲ ਹੈ। ਉਨ੍ਹਾਂ ਨੂੰ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਮੌਕਾ ਮਿਲ ਸਕਦਾ ਹੈ। ਇਹ ਸੰਕੇਤ ਅੱਜ ਮੁਹਾਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਖੇ ਵਿੱਚ ਨਤਮਸਤਕ ਹੋਏ ਅਤੇ ਕਾਫ਼ੀ ਸਮਾਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਬਦ ਕੀਰਤਨ ਸੁਣਿਆ। ਐਸਜੀਪੀਸੀ ਵੱਲੋਂ ਮੈਨੇਜਰ ਭਾਈ ਰਜਿੰਦਰ ਸਿੰਘ ਟੌਹੜਾ ਨੇ ਸਿਰੋਪਾਓ ਦੇ ਕੇ ਕੇਂਦਰੀ ਮੰਤਰੀ ਦਾ ਸਨਮਾਨ ਕੀਤਾ। ਹਜ਼ੂਰੀ ਰਾਗੀ ਭਾਈ ਸੁਰਜੀਤ ਸਿੰਘ ਦੇ ਜਥੇ ਗੁਰਬਾਣੀ ਕੀਰਤਨ ਕੀਤਾ।
ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਸਿੱਧੂ, ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਸਾਬਕਾ ਮੰਤਰੀ ਤੀਕਸਣ ਸੂਦ, ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ, ਸੰਜੀਵ ਵਸ਼ਿਸ਼ਟ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਅਮਨਜੋਤ ਕੌਰ ਰਾਮੂਵਾਲੀਆ, ਅਰੁਣ ਸ਼ਰਮਾ, ਅਸ਼ੋਕ ਝਾਅ, ਨਰਿੰਦਰ ਰਾਣਾ, ਹਰਦੇਵ ਸਿੰਘ ਉਭਾ, ਮੋਨਿਕਾ ਸ਼ਰਮਾ ਸਮੇਤ ਹੋਰ ਭਾਜਪਾ ਆਗੂ ਮੌਜੂਦ ਸਨ।
ਮੀਡੀਆ ਨਾਲ ਗੱਲਬਾਤ ਤੋਂ ਬਾਅਦ ਵਾਪਸ ਜਾਣ ਸਮੇਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਜੋੜਾਘਰ ਵੱਲ ਜਾ ਰਹੇ ਸੀ ਜਦੋਂ ਉਨ੍ਹਾਂ ਨੇ ਬਿਊਰੋ ਨਾਲ ਚੋਣਾਂ ਸਬੰਧੀ ਗੱਲ ਕੀਤੀ। ਆਗਾਮੀ ਲੋਕ ਸਭਾ ਚੋਣਾਂ ਬਾਰੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਟਿਕਟ ਦੇਣ ਜਾਂ ਭਾਜਪਾ ਦੇ ਪੁਰਾਣੇ ਵਰਕਰਾਂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਪੁੱਛੇ ਜਾਣ ’ਤੇ ਗਜੇਂਦਰ ਸ਼ੇਖਾਵਤ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ। ਕਿਉਂਕਿ ਹੁਣ ਉਹ ਵੀ ਭਾਜਪਾ ਪਰਿਵਾਰ ਦਾ ਅਹਿਮ ਹਿੱਸਾ ਬਣ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਪ੍ਰਧਾਨ ਮੰਤਰੀ ਦੀ ਲੋਕ ਪੱਖੀ ਅਤੇ ਦੂਰਅੰਦੇਸ਼ੀ ਨੀਤੀਆਂ ਕਾਰਨ ਵਿਰੋਧੀ ਧਿਰ ਦੇ ਵੱਡੇ ਆਗੂ ਅਤੇ ਆਮ ਲੋਕ ਆਪ ਮੁਹਾਰੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਪੰਜਾਬ ਭਾਜਪਾ ਦੀ ਲੀਡਰਸ਼ਿਪ ਵਿੱਚ ਬਦਲਾਅ ਕਰਨ ਸਬੰਧੀ ਚੱਲ ਰਹੀਆਂ ਚਰਚਾਵਾਂ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸੇ ਵੀ ਕੰਮ ਵਿੱਚ ਬਦਲਾਅ ਅੱਛੇ ਲਈ ਹੁੰਦਾ ਹੈ ਅਤੇ ਨਿਰੰਤਰ ਬਦਲਾਅ ਹੋਣੇ ਵੀ ਚਾਹੀਦੇ ਹਨ ਪਰ ਪੰਜਾਬ ਭਾਜਪਾ ਵਿੱਚ ਤੁਰੰਤ ਬਦਲਾਅ ਲਿਆਉਣ ਦਾ ਫਿਲਹਾਲ ਕੋਈ ਵਿਚਾਰ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਜਥੇਬੰਦਕ ਢਾਂਚੇ ਵਿੱਚ ਬਦਲਾਅ ਦੀ ਪ੍ਰਕਿਰਿਆ ਪਾਰਟੀ ਦੀ ਪੁਰਾਣੀ ਪਰੰਪਰਾ ਹੈ।
ਪੰਜਾਬ ਵਿੱਚ ਭਾਜਪਾ ਆਗੂਆਂ ਦੇ ਗੇੜੇ ਮਾਰਨ ਅਤੇ ਗੁਰਦੁਆਰਾ ਸਾਹਿਬ ਆਉਣ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਭਾਰਤ ਬਣਾਉਣ ਅਤੇ ਸਰਬੱਤ ਦਾ ਭਲਾ ਮੰਗਣ ਲਈ ਉਹ ਅੱਜ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਆਪਣੇ ਵਰਕਰਾਂ ਵਿੱਚ ਨਵਾਂ ਜੋਸ਼ ਭਰਨ ਲਈ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਨਿਰੰਤਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਉਧਰ, ਇਸ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਆਪਣੇ ਸਮਰਥਕ ਜੁਟਾ ਕੇ ਇੱਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਕਈ ਕਾਂਗਰਸੀ ਕੌਂਸਲਰ ਜਿਨ੍ਹਾਂ ਵਿੱਚ ਰਜਿੰਦਰ ਸਿੰਘ ਰਾਣਾ, ਵਿਨੀਤ ਮਲਿਕ, ਕਮਲਪ੍ਰੀਤ ਸਿੰਘ ਬੰਨੀ, ਪਰਮਜੀਤ ਸਿੰਘ ਹੈਪੀ, ਰਵਿੰਦਰ ਸਿੰਘ ਸਮੇਤ ਕਈ ਮਹਿਲਾ ਕਾਂਗਰਸੀ ਕੌਂਸਲਰਾਂ ਦੇ ਪਤੀ ਅਤੇ ਕਾਂਗਰਸ ਆਗੂ ਪਰਮਜੀਤ ਸਿੰਘ ਚੌਹਾਨ, ਕਾਂਗਰਸੀ ਸਰਪੰਚ ਅਮਰੀਕ ਸਿੰਘ ਕੰਬਾਲਾ ਸਣੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…