
ਨਵੇਂ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਦੇ ਵਿਕਾਸ ਦੀ ਰੂਪਰੇਖਾ ਉਲੀਕਾਂਗੇ: ਕੁਲਜੀਤ ਬੇਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਨਗਰ ਨਿਗਮ ਮੋਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਨਿਯੁਕਤੀ ਉਪਰੰਤ ਸ਼ਹਿਰ ਵਿੱਚ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ ਅਤੇ ਮੇਅਰ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ਦੀ ਅਗਵਾਈ ਹੇਠ ਸ਼ਹਿਰ ਦੇ ਸਰਵਪੱਖੀ ਵਿਕਾਸ ਦੀ ਰੂਪਰੇਖਾ ਉਲੀਕੀ ਜਾਵੇਗੀ। ਇਹ ਵਿਚਾਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਇੱਥੇ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1 ਵਿਖੇ ਕਮੇਟੀ ਮੈਂਬਰਾਂ ਤਰਲੋਚਨ ਸਿੰਘ ਅਤੇ ਬਲਵਿੰਦਰ ਸਿੰਘ ਟੌਹੜਾ ਵੱਲੋਂ ਡਿਪਟੀ ਮੇਅਰ ਬਣਨ ’ਤੇ ਕੀਤੇ ਗਏ ਵਿਸ਼ੇਸ਼ ਸਨਮਾਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਲੋਕਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਦੀ ਜਿੱਥੇ ਵਧਾਈ ਦਿੱਤੀ ਉਥੇ ਹੀ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਪ੍ਰਣਾਮ ਵੀ ਕੀਤਾ।
ਸ੍ਰੀ ਬੇਦੀ ਨੇ ਕਿਹਾ ਕਿ ਇਨ੍ਹਾਂ ਨਿਗਮ ਚੋਣਾਂ ਵਿੱਚ ਇਸ ਵੀਵੀਆਈਪੀ ਸ਼ਹਿਰ ਮੁਹਾਲੀ ਦੇ ਲੋਕਾਂ ਨੇ ਕਾਂਗਰਸ ਪਾਰਟੀ ਵਿੱਚ ਪਿਛਲੇ ਲਗਭਗ ਚਾਰ ਸਾਲਾਂ ਤੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਸਿਹਤ ਸਹੂਲਤਾਂ ਨੂੰ ਦੇਖਦਿਆਂ ਕਾਂਗਰਸੀ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾ ਕੇ ਇਸ ਗੱਲ ਉਤੇ ਪੱਕੀ ਮੁਹਰ ਲਗਾਈ ਹੈ ਕਿ ਸ਼ਹਿਰ ਦਾ ਵਿਕਾਸ ਕਾਂਗਰਸ ਪਾਰਟੀ ਹੀ ਕਰਵਾ ਸਕਦੀ ਹੈ ਅਤੇ ਬਲਬੀਰ ਸਿੰਘ ਸਿੱਧੂ ਵਰਗਾ ਜ਼ਮੀਨ ਨਾਲ ਜੁੜਿਆ ਨੇਤਾ ਹੀ ਸ਼ਹਿਰ ਦੇ ਲੋਕਾਂ ਦੀ ਵਧੀਆ ਅਗਵਾਈ ਸਕਦਾ ਹੈ। ਸ੍ਰੀ ਬੇਦੀ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਹਰਮਨ ਪਿਆਰਤਾ ਹੀ ਸੀ ਕਿ ਨਿਗਮ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਚੋਣ ਜਿੱਤੀ ਗਈ ਜਿਸ ਦੇ ਲਈ ਉਹ ਸ਼ਹਿਰ ਲੋਕਾਂ ਦੇ ਤਹਿ ਦਿਲੋਂ ਧੰਨਵਾਦੀ ਵੀ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕੈਬਨਿਟ ਮੰਤਰੀ ਬਲਬੀਰ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਮੇਅਰ ਦੀ ਅਗਵਾਈ ਹੇਠ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਦੇ ਸਾਰੇ ਕੰਮਾਂ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਸ਼ਹਿਰ ਦਾ ਵਿਕਾਸ ਯੋਜਨਾਬੱਧ ਢੰਗ ਨਾਲ ਬਿਨਾਂ ਕਿਸੇ ਭੇਦ-ਭਾਵ ਤੋਂ ਕਰਕੇ ਸ਼ਹਿਰ ਵਾਸੀਆਂ ਦੀਆਂ ਵੋਟਾਂ ਦਾ ਮੁੱਲ ਮੋੜਿਆ ਜਾਵੇਗਾ।