nabaz-e-punjab.com

ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਵਾਲੀ ਫੇਜ਼-3 ਪਾਈਪਲਾਈਨ ਵਿੱਚ ਮੁੜ ਲੀਕੇਜ

ਮੁਰੰਮਤ ਕਾਰਜਾਂ ਕਰਕੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਦੋ ਦਿਨ ਰਹੇਗੀ ਪਾਣੀ ਸਪਲਾਈ ਪ੍ਰਭਾਵਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਕਜੌਲੀ ਵਾਟਰ ਵਰਕਸ ਤੋਂ ਮੁਹਾਲੀ-ਚੰਡੀਗੜ੍ਹ ਲਈ ਸਿੱਧੇ ਪਾਣੀ ਦੀ ਸਪਲਾਈ ਵਾਲੀ ਫੇਜ਼-3 ਅਤੇ ਫੇਜ਼-4 ਪਾਈਪਲਾਈਨ ਵਿੱਚ ਅਚਾਨਕ ਤਕਨੀਕੀ ਖ਼ਰਾਬੀ ਆਉਣ ਨਾਲ ਫਿਰ ਤੋਂ ਲੀਕੇਜ ਸ਼ੁਰੂ ਹੋ ਗਈ ਹੈ। ਜਿਸ ਕਾਰਨ ਭਲਕੇ ਸੋਮਵਾਰ ਅਤੇ ਮੰਗਲਵਾਰ ਨੂੰ ਪਾਈਪਲਾਈਨ ਦੇ ਮੁਰੰਮਤ ਕਾਰਜਾਂ ਦੇ ਚੱਲਦਿਆਂ ਦੋ ਦਿਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਅਨਿਲ ਕੁਮਾਰ ਨੇ ਦੱਸਿਆ ਕਿ ਪਿੰਡ ਮੜੌਲੀ ਕਲਾਂ ਨੇੜਿਓਂ ਲੰਘਦੀ ਰੇਲਵੇ ਲਾਈਨ ਨਜ਼ਦੀਕ ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਿੱਧੀ ਸਪਲਾਈ ਵਾਲੀ ਫੇਜ਼-3 ਪਾਈਪਲਾਈਨ ਵਿੱਚ ਲੀਕੇਜ਼ ਬਾਰੇ ਅੱਜ ਹੀ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚੰਡੀਗੜ੍ਹ ਨਗਰ ਨਿਗਮ ਨੇ ਪਾਈਪਲਾਈਨ ਦੀ ਮੁਰੰਮਤ ਕਰਨ ਪਾਣੀ ਦੀ ਬੰਦੀ ਲਈ ਗਈ ਹੈ। ਪਾਈਪਲਾਈਨ ਦੇ ਅਤਿ ਜ਼ਰੂਰੀ ਮੁਰੰਮਤ ਕਾਰਜਾਂ ਕਰਕੇ ਭਲਕੇ 23 ਦਸੰਬਰ ਨੂੰ ਇੱਥੋਂ ਦੇ ਫੇਜ਼-9, ਫੇਜ਼-10, ਫੇਜ਼-11 ਅਤੇ ਸੈਕਟਰ-70 ਅਤੇ ਸੈਕਟਰ-71 ਸਮੇਤ ਪਿੰਡ ਸ਼ਾਹੀਮਾਜਰਾ, ਪਿੰਡ ਮਟੌਰ ਅਤੇ ਸਥਾਨਕ ਸਨਅਤੀ ਏਰੀਆ ਫੇਜ਼-1 ਤੋਂ ਫੇਜ਼-5 ਆਦਿ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸਵੇਰੇ ਪਾਣੀ ਦੀ ਉਪਲਬਧਤਾ ਮੁਤਾਬਕ ਸਪਲਾਈ ਘੱਟ ਪੈ੍ਰਸ਼ਰ ਨਾਲ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਸਪਲਾਈ ਬਿਲਕੁਲ ਨਹੀਂ ਹੋਵੇਗੀ ਜਦੋਂਕਿ ਸ਼ਾਮ ਨੂੰ ਵੀ ਘੱਟ ਪ੍ਰੈੱਸ਼ਰ ਅਤੇ ਪਾਣੀ ਦੀ ਉਪਲਬਧਤਾ ਸਪਲਾਈ ਅਨੁਸਾਰ ਹੋਵੇਗੀ। ਇਸੇ ਤਰ੍ਹਾਂ ਅਗਲੇ ਦਿਨ ਮੰਗਲਵਾਰ ਨੂੰ ਸਵੇਰੇ ਪਾਣੀ ਦੀ ਉਪਲਬਧਤਾ ਮੁਤਾਬਕ ਸਪਲਾਈ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਸਪਲਾਈ ਬਿਲਕੁਲ ਨਹੀਂ ਹੋਵੇਗੀ ਜਦੋਂਕਿ ਸ਼ਾਮ ਨੂੰ ਵੀ ਘੱਟ ਪ੍ਰੈੱਸ਼ਰ ਅਤੇ ਪਾਣੀ ਦੀ ਉਪਲਬਧਤਾ ਸਪਲਾਈ ਅਨੁਸਾਰ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਅਤੇ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਕਜੌਲੀ ਤੋਂ ਸਿੱਧੇ ਚੰਡੀਗੜ੍ਹ ਪਾਣੀ ਦੀ ਸਪਲਾਈ ਵਾਲੀ ਫੇਜ਼-3 ਪਾਈਪਲਾਈਨ ਕਈ ਵਾਰ ਲੀਕੇਜ਼ ਹੋ ਚੁੱਕੀ ਹੈ ਲੇਕਿਨ ਹੁਣ ਤੱਕ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਵੱਲੋਂ ਮੁਰੰਮਤ ਕਾਰਨਾਂ ਕਰਕੇ ਹਮੇਸ਼ਾ ਹੀ ਮੁਹਾਲੀ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…