nabaz-e-punjab.com

ਲੈਕਚਰਾਰ ਯੂਨੀਅਨ ਵੱਲੋਂ ਐਸਐਸਏ\ਰਮਸਾ ਅਧਿਆਪਕਾਂ ਦੀ ਤਨਖ਼ਾਹ ਘਟਾਉਣ ਦੀ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਗੌਰਮਿੰਟ ਸਕੂਲ ਲੈਕਚਰਾਰ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬ ਸਿੱਖਿਆ ਅਭਿਆਨ ਅਤੇ ਰਮਸਾ ਅਧਿਆਪਕਾਂ ਦੀ ਤਨਖ਼ਾਹ ਘਟਾਉਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਵਿੱਚ ਕੰਮ ਕਰਦੇ ਬਲਾਕ ਮੈਨਟਰ ਅਤੇ ਜ਼ਿਲ੍ਹਾ ਮੈਨਟਰ ਦੇ ਅਸਤੀਫ਼ੇ ਇਸ ਦਾ ਪ੍ਰਤੀਕ੍ਰਮ ਹੈ। ਸਿੱਖਿਆ ਵਿਭਾਗ ਵੱਲੋਂ ਹੁਣ ਬਾਰ੍ਹਵੀਂ ਜਮਾਤ ਦਾ ਭੱਠਾ ਬਿਠਾਉਣ ਲਈ ਤਿਆਰੀ ਕਰ ਲਈ ਹੈ। ਇਸ ਸਬੰਧੀ ਇੱਕ ਹੋਰ ਨਵਾਂ ਪੈਂਤੜਾਂ ਅਪਨਾਉਂਦਿਆਂ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਕਰਾਉਣ ਦਾ ਫੈਸਲਾ ਲਿਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਇਹ ਸਿੱਖਿਆ ਸਕੱਤਰ ਦੀ ਮਜਬੂਰੀ ਹੋ ਸਕਦੀ ਹੈ ਕਿ ਪ੍ਰਿੰਸੀਪਲ ਸਕੂਲਾਂ ਵਿੱਚ ਕੰਮ ਕਰਨ ਦੀ ਬਜਾਏ ਦਫ਼ਤਰਾਂ ਵਿੱਚ ਕਿਸੇ ਨਾ ਕਿਸੇ ਬਹਾਨੇ ਰਹਿਣਾ ਚਾਹੁੰਦੇ ਹਨ। ਜੇਕਰ ਇਹ ਅੰਗਰੇਜ਼ੀ ਲਈ ਏਨੇ ਹੀ ਫਿਕਰਮੰਦ ਹਨ ਤਾਂ ਉਨ੍ਹਾਂ ਦੀ ਡਿਊਟੀ ਮੈਰੀਟੋਰੀਅਸ ਸਕੂਲਾਂ ਵਿੱਚ ਲਗਾ ਦੇਣੀ ਚਾਹੀਦੀ ਹੈ। ਜਿੱਥੇ ਦਸਵੀਂ ਤੱਕ ਪੰਜਾਬੀ ਮਧਿਅਮ ਵਿੱਚ ਪੜ੍ਹਾਈ ਕਰਕੇ ਵਿਦਿਆਰਥੀ ਦਾਖ਼ਲ ਹੋਏ ਹਨ। ਉਨ੍ਹਾਂ ਸਾਰੇ ਸਕੂਲਾਂ ਵਿੱਚ ਅੰਗਰੇਜ਼ੀ ਦਾ ਭੱਠਾ ਬਿਠਾਉਣ ਦੀ ਸ਼ੁਰੂਆਤ ਨਾ ਕੀਤੀ ਜਾਵੇ। ਇਸ ਨਾਲ ਸਿਰਫ਼ ਮੀਟੀਰੀਅਲ ਛਪਾਉਣ ਲਈ ਪ੍ਰੈੱਸਾਂ ਨੂੰ ਲਾਭ ਹੋਵੇਗਾ। ਉਨ੍ਹਾਂ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਅਜਿਹੇ ਪ੍ਰਾਜੈਕਟ ਚਲਾਉਣ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਵਿਦਿਆਰਥੀ ਪਹਿਲਾਂ ਹੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲਾਂ ਵਿੱਚ ਅਧਿਆਪਕ ਅਤੇ ਕਿਤਾਬਾਂ ਦੀ ਸਖ਼ਤ ਲੋੜ ਹੈ।
ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਨੇ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦੇ ਅਧਿਆਪਕਾਂ ਦੀਆਂ ਤਨਖ਼ਾਹ 42300 ਰੁਪਏ ਤੋਂ ਘਟਾ ਕੇ 15 ਹਜ਼ਾਰ ਰੁਪਏ ਕਰਨ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਇਨ੍ਹਾਂ ਅਧਿਆਪਕਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੀ ਲੈਕਚਰਾਰ ਯੂਨੀਅਨ ਹਮਾਇਤ ਕੀਤੀ ਅਤੇ ਸਮੂਹ ਲੈਕਚਰਾਰਾਂ ਨੂੰ ਪਟਿਆਲਾ ਪੁੱਜਣ ਦੀ ਅਪੀਲ ਕੀਤੀ ਹੈ। ਜਨਰਲ ਸਕੱਤਰ ਸਖਦੇਵ ਲਾਲ ਬੱਬਰ ਨੇ ਦੱਸਿਆ ਕਿ ਰੋਸ ਮੁਜ਼ਾਹਰੇ ਵਿੱਚ ਪੁੱਜਣ ਲਈ ਜ਼ਿਲ੍ਹਾ ਵਾਰ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ਜਸਵੀਰ ਸਿੰਘ ਗੋਸਲ, ਸੰਜੀਵ ਵਰਮਾ, ਮੁਖਤਿਆਰ ਸਿੰਘ, ਗੁਰਚਰਨ ਸਿੰਘ, ਅਮਨ ਸ਼ਰਮਾ, ਗੁਰਪ੍ਰੀਤ ਸਿੰਘ, ਰਵਿੰਦਰਪਾਲ ਸਿੰਘ, ਅਰੁਣ ਕੁਮਾਰ, ਹਰਜੀਤ ਸਿੰਘ ਅਤੇ ਅਮਰਜੀਤ ਸਿੰਘ ਵਾਲੀਆ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …