ਮੁਹਾਲੀ ਵਿੱਚ ਪਾਣੀ ਨੂੰ ਲੈ ਕੇ ਹਾਹਾਕਾਰ, ਐਮ.ਸੀ ਕੁਲਜੀਤ ਬੇਦੀ ਨੇ ਮੁੱਖ ਸਕੱਤਰ ਤੇ ਸੀਏ ਗਮਾਡਾ ਨੂੰ ਭੇਜਿਆ ਲੀਗਲ ਨੋਟਿਸ

ਢਾਈ ਸਾਲ ਬਾਅਦ ਵੀ ਨਹੀਂ ਮਿਲ ਸਕਿਆ ਕਜੌਲੀ ਵਾਟਰ ਵਰਕਸ ਤੋਂ 40 ਐਮ.ਜੀ.ਡੀ. ਪਾਣੀ

ਕਜੌਲੀ ਵਾਟਰ ਵਰਕਸ ਤੋਂ 5ਵੀਂ ਤੇ 6ਵੀਂ ਲਾਈਨ ਤੇ ਜੰਡਪੁਰ ’ਚ ਟਰੀਟਮੈਂਟ ਪਲਾਂਟ ਦਾ ਕੰਮ ਨਿਪਟਾ ਕੇ ਸ਼ਹਿਰ ਨੂੰ ਪਾਣੀ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਅੱਤ ਦੀ ਗਰਮੀ ਦੇ ਇਸ ਮੌਸਮ ਵਿੱਚ ਸ਼ਹਿਰ ਨਿਵਾਸੀ ਪਾਣੀ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਮੋਹਾਲੀ ਨਿਵਾਸੀਆਂ ਨੂੰ ਪਾਣੀ ਦੀ ਉਚਿਤ ਸਪਲਾਈ ਦੇਣ ਵਿੱਚ ਨਾਕਾਮ ਰਹਿ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਹਿਰ ਮੋਹਾਲੀ ਨੂੰ ਕਜੌਲੀ ਵਾਟਰ ਵਰਕਸ ਤੋਂ 40 ਐਮ.ਜੀ.ਡੀ. ਪਾਣੀ ਦੀ ਸਪਲਾਈ ਦੇਣ ਲਈ ਪੰਜਵੀਂ ਅਤੇ ਛੇਵੀਂ ਲਾਈਨ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ ਹੈ। ਹੋਰ ਤਾਂ ਹੋਰ ਜ਼ਿਲ੍ਹਾ ਮੋਹਾਲੀ ਦੇ ਪਿੰਡ ਜੰਡਪੁਰ ਵਿਖੇ ਗਮਾਡਾ ਵੱਲੋਂ ਬਣਾਏ ਜਾਣ ਵਾਲੇ ਵਾਟਰ ਟਰੀਟਮੈਂਟ ਪਲਾਂਟ ਨੂੰ ਲਗਾਉਣ ਦਾ ਕੰਮ ਅਦਾਲਤੀ ਆਦੇਸ਼ਾਂ ਦੇ ਬਾਵਜੂਦ ਵੀ ਸ਼ੁਰੂ ਨਹੀਂ ਹੋ ਸਕਿਆ ਹੈ।
ਗਮਾਡਾ ਦੀ ਇਸ ਕਥਿਤ ਲਾਪਰਵਾਹੀ ਦੇ ਚਲਦਿਆਂ ਨਗਰ ਨਿਗਮ ਮੁਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸਕੱਤਰ ਪੰਜਾਬ ਸਰਕਾਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਆਪਣੇ ਵਕੀਲ ਐਡਵੋਕੇਟ ਰੰਜੀਵਨ ਸਿੰਘ ਦੇ ਰਾਹੀਂ ਲੀਗਲ ਨੋਟਿਸ ਭੇਜ ਕੇ ਅਦਾਲਤੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੋਹਾਲੀ ਨੂੰ 40 ਐਮ.ਜੀ.ਡੀ. ਪਾਣੀ ਦੀ ਸਪਲਾਈ ਲਈ ਅਤੇ ਵਾਟਰ ਟਰੀਟਮੈਂਟ ਪਲਾਂਟ ਜਲਦੀ ਬਣਾਉਣ ਦੀ ਮੰਗ ਕੀਤੀ ਹੈ। ਅਜਿਹਾ ਨਾ ਕੀਤੇ ਜਾਣ ਦੀ ਹਾਲਤ ਵਿੱਚ ਉਹ ਫਿਰ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਸਬੰਧੀ ਕੇਸ ਦਾਇਰ ਕਰਨਗੇ।
ਦੱਸਣਯੋਗ ਹੈ ਕਿ ਸ਼ਹਿਰ ਦੇ ਲੋਕ ਮਸਲਿਆਂ ਨੂੰ ਮੀਡੀਆ ਰਾਹੀਂ ਉਭਾਰ ਕੇ ਜਾਂ ਅਦਾਲਤਾਂ ਰਾਹੀਂ ਹੱਲ ਕਰਵਾਉਣ ਲਈ ਯਤਨਸ਼ੀਲ, ਪ੍ਰਸਿੱਧ ਸਮਾਜ ਸੇਵੀ ਕੁਲਜੀਤ ਸਿੰਘ ਬੇਦੀ ਵੱਲੋਂ ਸ਼ਹਿਰ ਮੋਹਾਲੀ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਉਚਿਤ ਸਪਲਾਈ ਦਿਵਾਉਣ ਲਈ ਸਾਲ 2009 ਤੋਂ ਲੈ ਕੇ 2013 ਤੱਕ ਚਾਰ ਸਾਲ ਅਦਾਲਤੀ ਲੜਨ ਉਪਰੰਤ ਮੋਹਾਲੀ ਦੇ ਲੋਕਾਂ ਦੇ ਹੱਕ ਵਿੱਚ ਫ਼ੈਸਲਾ ਹੋਇਆ ਸੀ ਅਤੇ ਪਾਣੀ ਮਿਲਣ ਦੀ ਆਸ ਬੱਝੀ ਸੀ। ਉਸ ਉਪਰੰਤ ਗਮਾਡਾ ਵੱਲੋਂ ਇਸ ਪ੍ਰੋਜੈਕਟ ’ਤੇ 350 ਕਰੋੜ ਰੁਪਏ ਖਰਚਣ ਦੇ ਬਾਵਜੂਦ ਵੀ ਢਾਈ ਸਾਲ ਬਾਅਦ ਵੀ ਪਾਣੀ ਨਹੀਂ ਮਿਲ ਸਕਿਆ ਹੈ।
ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸਕੱਤਰ ਪੰਜਾਬ ਸਰਕਾਰ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਭੇਜੇ ਗਏ ਲੀਗਲ ਨੋਟਿਸ ਵਿੱਚ ਦੱਸਿਆ ਕਿ ਉਨ੍ਹਾਂ ਲੋਕਹਿਤਾਂ ਨੂੰ ਮੁੱਖ ਰੱਖਦਿਆਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਸਾਲ 2009 ਵਿੱਚ ਇੱਕ ਲੋਕਹਿਤ ਪਟੀਸ਼ਨ ਨੰਬਰ 12282 ਆਫ਼ 2009 ਦਾਇਰ ਕੀਤੀ ਸੀ। ਇਸ ਪਟੀਸ਼ਨ ਵਿੱਚ ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਕਜੌਲੀ ਵਾਟਰ ਵਰਕਸ ਦੀ ਪੰਜਵੀਂ ਅਤੇ ਛੇਵੀਂ ਲਾਈਨ ਰਾਹੀਂ 40 ਐਮ.ਜੀ.ਡੀ. ਪਾਣੀ ਦੇਣ ਲਈ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਸਮਾਂਬੱਧ ਕਰਨ ਦੀ ਮੰਗ ਕੀਤੀ ਸੀ। ਇਸ ਦੌਰਾਨ 12 ਜੁਲਾਈ 2013 ਨੂੰ ਉਸ ਸਮੇਂ ਦੇ ਸਕੱਤਰ ਪੰਜਾਬ ਸਰਕਾਰ ਸ੍ਰੀ ਵੇਨੂੰ ਪ੍ਰਸਾਦ ਵੱਲੋਂ ਹਾਈਕੋਰਟ ਵਿੱਚ ਐਫ਼ੀਡੈਵਿਟ ਦਾਇਰ ਕਰਕੇ ਦੱਸਿਆ ਗਿਆ ਸੀ ਕਿ 5ਵੀਂ ਅਤੇ 6ਵੀਂ ਲਾਈਨ ਦਾ ਕੰਮ ਅਗਸਤ 2014 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਈ ਇੱਕ ਮੀਟਿੰਗ ਦਾ ਵੀ ਹਵਾਲਾ ਦਿੱਤਾ ਗਿਆ ਸੀ।
ਇਸ ਉਪਰੰਤ ਕੰਮ ਸ਼ੁਰੂ ਕੀਤੇ ਜਾਣ ਅਤੇ ਨਿਸ਼ਚਿਤ ਸਮੇਂ ਅੰਦਰ ਨਿਪਟਾ ਲਏ ਜਾਣ ਦੇ ਵਾਅਦੇ ਨੂੰ ਲੈ ਕੇ ਪਟੀਸ਼ਨਰ ਕੁਲਜੀਤ ਸਿੰਘ ਬੇਦੀ ਦੀ ਤਸੱਲੀ ਕਰਵਾਉਣ ਉਪਰੰਤ ਹਾਈਕੋਰਟ ਵੱਲੋਂ ਇਸ ਪਟੀਸ਼ਨ ’ਤੇ ਕਾਰਵਾਈ 16 ਜੁਲਾਈ 2013 ਨੂੰ ਸਮਾਪਤ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਗਮਾਡਾ ਵੱਲੋਂ ਕਜੌਲੀ ਵਾਟਰ ਵਰਕਸ ਤੋਂ 5ਵੀਂ ਅਤੇ 6ਵੀਂ ਲਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਕੰਮ ਨੂੰ ਗਮਾਡਾ ਵੱਲੋਂ ਅਗਸਤ 2014 ਤੱਕ ਨਿਪਟਾ ਲਏ ਜਾਣ ਦੀ ਸਮਾਂ ਸੀਮਾ ਨਿਸ਼ਚਿਤ ਕੀਤੀ ਗਈ ਸੀ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਅਗਸਤ 2014 ਤੋਂ ਬਾਅਦ ਹੁਣ ਲਗਭਗ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਪ੍ਰੋਜੈਕਟ ਮੁਕੰਮਲ ਨਹੀਂ ਹੋ ਸਕਿਆ ਹੈ।
ਸ੍ਰੀ ਬੇਦੀ ਨੇ ਦੱਸਿਆ ਕਿ ਇਹ ਵੀ ਗੱਲ ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਨਾ ਹੋ ਸਕਣ ਪਿੱਛੇ ਇੱਕ ਠੋਸ ਕਾਰਨ ਇਹ ਵੀ ਹੈ ਕਿ ਗਮਾਡਾ ਵੱਲੋਂ ਪਿੰਡ ਜੰਡਪੁਰ ਵਿਖੇ ਲਗਾਏ ਜਾਣ ਵਾਲਾ ਟਰੀਟਮੈਂਟ ਪਲਾਂਟ ਵੀ ਅਜੇ ਤੱਕ ਲਗਾਇਆ ਨਹੀਂ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੋਂ ਵੀ ਜੇਕਰ ਗਮਾਡਾ ਵੱਲੋਂ ਪੂਰੀ ਸਪੀਡ ’ਤੇ ਕੰਮ ਕੀਤਾ ਜਾਵੇ ਤਾਂ ਘੱਟੋ ਘੱਟ ਇੱਕ ਸਾਲ ਦੇ ਸਮੇਂ ਵਿੱਚ ਵੀ ਕੰਮ ਸਮਾਪਤ ਨਹੀਂ ਹੋ ਸਕਦਾ। ਪ੍ਰੰਤੂ ਅਜੇ ਤਾਂ ਟਰੀਟਮੈਂਟ ਪਲਾਂਟ ਦੇ ਸ਼ੁਰੂ ਹੋਣ ਦੀ ਕੋਈ ਉਮੀਦ ਨਹੀਂ ਹੈ। ਇਸ ਹਿਸਾਬ ਨਾਲ ਗਰਮੀ ਦੇ ਅਗਲੇ ਸੀਜ਼ਨ ਵਿੱਚ ਵੀ ਪਾਣੀ ਮਿਲਣ ਦੀ ਸੰਭਾਵਨਾ ਨਹੀਂ ਹੈ।
ਸ੍ਰੀ ਬੇਦੀ ਨੇ ਆਪਣੇ ਲੀਗਲ ਨੋਟਿਸ ਵਿੱਚ ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਕਿਹਾ ਹੈ ਕਿ ਜੇਕਰ ਜਲਦ ਤੋਂ ਜਲਦ ਕਜੌਲੀ ਵਾਟਰ ਵਰਕਸ ਤੋਂ 5ਵੀਂ ਅਤੇ ਛੇਵੀਂ ਲਾਈਨ ਦਾ ਕੰਮ ਮੁਕੰਮਲ ਕਰਕੇ ਮੁਹਾਲੀ ਨੂੰ 40 ਐਮ.ਜੀ.ਡੀ. ਪਾਣੀ ਦੀ ਸਪਲਾਈ ਯਕੀਨੀ ਨਾ ਬਣਾਈ ਤਾਂ ਉਹ ਫਿਰ ਤੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਅਦੂਲੀ ਕਰਨ ਬਦਲੇ ਪੰਜਾਬ ਸਰਕਾਰ ਅਤੇ ਗਮਾਡਾ ਖਿਲਾਫ਼ ਕੇਸ ਦਾਇਰ ਕਰਨਗੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਵੀ ਕਾਰਵਾਈ ਦੀ ਮੰਗ ਕਰਨਗੇ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…