ਹਲਕਾ ਵਿਧਾਇਕ ਅਤੇ ਮੇਅਰ ਵਿੱਚ ਚਲਦੇ ਰੇੜਕੇ ਕਾਰਨ ਅਧਿਕਾਰੀ ਅਤੇ ਕਰਮਚਾਰੀ ਨਿਗਮ ਤੋਂ ਕਿਨਾਰਾ ਕਰਨ ਲੱਗੇ

ਨਿਗਮ ਦੇ ਐਸਈ ਸਿੰਗਲਾ ਨੇ ਖੁਦ ਨੂੰ ਸੇਵਾ ਮੁਕਤ ਕਰਨ ਲਈ ਕਮਿਸ਼ਨਰ ਅਤੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਨੂੰ ਦਿੱਤਾ ਪੱਤਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਮੁਹਾਲੀ ਨਗਰ ਨਿਗਮ ਤੇ ਕਬਜੇ ਨੂੰ ਲੈ ਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਅਤੇ ਮੇਅਰ ਕੁਲਵੰਤ ਸਿੰਘ ਵਿਚਾਲੇ ਚਲਦੀ ਆਪਸੀ ਖਿੱਚੋਤਾਨ ਕਾਰਨ ਬੀਤੇ ਸਮੇਂ ਦੌਰਾਨ ਹੋਈਆਂ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਨਾਲ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਪਰ ਦਬਾਓ ਕਿੰਨਾ ਜਿਆਦਾ ਵੱਧ ਗਿਆ ਹੈ ਇਸਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਦਫਤਰ ਦੇ ਸੀਨੀਅਰ ਅਧਿਕਾਰੀ ਤਕ ਆਪਣਾ ਅਹੁਦਾ ਛੱਡਣ ਦਾ ਬਦਲ ਚੁਣਨ ਨੂੰ ਤਰਜੀਹ ਦੇ ਰਹੇ ਹਨ।
ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਨਿੱਜੀ ਸਹਾਇਕ ਸਤਵਿਦਰ ਕੌਰ ਦੀ ਪਟਿਆਲਾ ਨਗਰ ਨਿਗਮ ਵਿੱਚ ਹੋਈ ਬਦਲੀ ਦਾ ਮਾਮਲਾ ਹਾਲੇ ਠੰਡਾ ਵੀ ਨਹੀੱ ਪਿਆ ਹੈ ਕਿ ਹੁਣ ਨਿਗਮ ਦੇ ਐਸਈ ਸ੍ਰੀ ਬੀ ਡੀ ਸਿੰਗਲਾ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਨੂੰ ਸੇਵਾਮੁਕਤੀ ਦਾ ਨੋਟਿਸ ਦੇ ਕੇ ਉਹਨਾਂ ਨੂੰ ਇੱਕ ਮਹੀਨੇ (31 ਅਕਤੂਬਰ ਤੱਕ) ਸੇਵਾਮੁਕਤ ਕਰਨ ਲਈ ਲਿਖ ਦਿੱਤਾ ਹੈ।
ਸ੍ਰੀ ਬੀ ਡੀ ਸਿੰਗਲਾ ਨੇ ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ 31 ਅਕਤੂਬਰ ਤਕ ਸੇਵਾਮੁਕਤ ਕਰਨ ਸੰਬੰਧੀ ਲਿਖਤੀ ਚਿੱਠੀ ਦਿੱਤੀ ਗਈ ਹੈ। ਹਾਲਾਂਕਿ ਉਹਨਾਂ ਕਿਹਾ ਕਿ ਇਸਦੇ ਪਿੱਛੇ ਉਹਨਾਂ ਦੇ ਨਿੱਜੀ ਕਾਰਨ ਹਨ ਅਤੇ ਉਹਨਾਂ ਨੂੰ ਕਿਸੇ ਨਾਲ ਵੀ ਕੋਈ ਸ਼ਿਕਾਇਤ ਨਹੀਂ ਹੈ। ਸ੍ਰੀ ਸਿੰਗਲਾ ਵਲੋੱ ਭਾਵੇੱ ਇੱਥੇ ਕਿਸੇ ਵੀ ਦਬਾਓ ਤੋਂ ਇਨਕਾਰ ਕੀਤਾ ਗਿਆ ਹੈ ਪ੍ਰੰਤੂ ਹਲਕਾ ਵਿਧਾਇਕ ਅਤੇ ਨਗਰ ਨਿਗਮ ਦੇ ਮੇਅਰ ਵਿਚਾਲੇ ਖਿੱਚੋਤਾਣ ਕਾਰਨ ਜਿਸ ਤਰੀਕੇ ਨਾਲ ਇੱਕ ਤੋਂ ਬਾਅਦ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਹੋਈਆਂ ਹਨ ਉਸ ਨਾਲ ਪਤਾ ਚਲਦਾ ਹੈ ਕਿ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਕਿੰਨੇ ਦਬਾਓ ਵਿੱਚ ਕੰਮ ਕਰ ਰਹੇ ਹਨ।
ਇਸ ਦੌਰਾਨ ਨਗਰ ਨਿਗਮ ਦੇ ਮੇਅਰ ਵਲੋੱ ਨਿਗਮ ਦੇ ਇੰਜਨੀਅਰਿੰਗ ਵਿੰਗ ਦੇ ਅਧਿਕਾਰੀਆਂ ਨੂੰ ਸਪਸ਼ਟ ਹਿਦਾਇਤ ਕਰ ਦਿੱਤੀ ਗਈ ਹੈ ਕਿ ਉਹ ਵਿਕਾਸ ਕਾਰਜਾਂ ਦੇ ਐਸਟੀਮੇਟ ਬਣਾਉਣ ਵੇਲੇ ਹਰ ਛੋਟੇ ਵੱਡੇ ਕੰਮ ਦੇ ਪੂਰੇ ਵੇਰਵੇ ਅਨੁਸਾਰ ਹੀ ਐਸਟੀਮੇਟ ਤਿਆਰ ਕੀਤੇ ਜਾਣ ਅਤੇ ਅੱਧੂ ਅਧੂਰੇ ਐਸਟੀਮੇਟਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।
ਇੱਥੇ ਇਹ ਜਿਕਰਯੋਗ ਹੈ ਕਿ ਪਹਿਲਾਂ ਇੰਜਨੀਅਰਿੰਗ ਸ਼ਾਖਾ ਵਲੋੱ ਵਿਕਾਸ ਕਾਰਜਾਂ ਦੇ ਐਸਟੀਮੇਟ ਤਿਆਰ ਕਰਨ ਵੇਲੇ ਵੱਖ ਵੱਖ ਵਾਰਡਾਂ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦਾ ਜਿਕਰ ਕਰਕੇ ਅੰਦਾਜਨ ਰਕਮ ਦਾ ਐਸਟੀਮੇਟ ਤਿਆਰ ਕਰ ਲਿਆ ਜਾਂਦਾ ਸੀ, ਜਿਵੇੱ ਫਲਾਂ ਵਾਰਡ ਵਿੱਚ 10 ਲੱਖ ਰੁਪਏ ਦੇ ਪੇਵਰ ਬਲਾਕ ਲੱਗਣਗੇ ਪਰੰਤੂ ਹੁਣ ਮੇਅਰ ਵੱਲੋਂ ਹਰ ਵਾਰਡ ਵਿੱਚ ਹੋਣ ਵਾਲੇ ਹਰ ਛੋਟੇ ਵੱਡੇ ਕੰਮ ਦਾ ਵੇਰਵਾ ਦੇ ਕੇ ਉਸ ਸੰਬੰਧੀ ਐਸਟੀਮੇਟ ਤਿਆਰ ਕਰਨ ਦੀਆਂ ਹਿਦਾਇਤਾਂ ਕੀਤੀਆਂ ਗਈਆਂ ਹਨ। ਇਹੀ ਕਾਰਨ ਹੈ ਕਿ ਇਸ ਵਾਰ ਸਤੰਬਰ ਦੇ ਪਹਿਲੇ ਹਫਤੇ ਵਿੱਚ ਤਿਆਰ ਕੀਤੇ ਜਾਣ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੇ ਐਸਟੀਮੇਟ (ਜਿਹਨਾਂ ਨੂੰ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਣਾ ਸੀ) ਤਿਆਰ ਹੀ ਨਹੀਂ ਹੋਏ ਅਤੇ ਇਸ ਕਾਰਨ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਵੀ ਨਿਰਧਾਰਿਤ ਨਹੀਂ ਹੋ ਪਾਈ ਹੈ।
ਇਸ ਸੰਬੰਧੀ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਐਸ ਈ ਵਲੋੱ ਸੇਵਾਮੁਕਤੀ ਬਾਰੇ ਪੱਤਰ ਲਿਖੇ ਜਾਣ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇੰਜਨੀਅਰਿੰਗ ਵਿਭਾਗ ਨੂੰ ਦਿੱਤੀਆਂ ਹਿਦਾਇਤਾਂ ਬਾਰੇ ਉਹਨਾਂ ਕਿਹਾ ਕਿ ਕੰਮ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਉਹਨਾਂ ਵਲੋੱ ਇਹ ਹਿਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਜਨਤਾ ਦੇ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਧੰਨ ਦੀ ਬਰਬਾਦੀ ਅਤੇ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੜ ਦੋਹਰਾਇਆ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ’ਤੇ ਯੋਜਨਾਵਾਂ ਉਲੀਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜ਼ਿਆਦਾਤਰ ਕੰਮ ਮੀਟਿੰਗਾਂ ਵਿੱਚ ਹਾਊਸ ਦੀ ਪ੍ਰਾਵਨਗੀ ਨਾਲ ਕੀਤੇ ਜਾਂਦੇ ਹਨ। ਜਿਹੜੇ ਕੰਮ ਹੋਣ ਤੋਂ ਰਹਿ ਜਾਂਦੇ ਹਨ। ਉਨ੍ਹਾਂ ਨੂੰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤਾ ਜਾਂਦਾ ਹੈ ਤਾਂ ਜੋ ਵਿਕਾਸ ਕਾਰਜ ਕਿਸੇ ਕਾਰਨ ਪ੍ਰਭਾਵਿਤ ਨਾ ਹੋਣ।
ਉਧਰ, ਦੂਜੇ ਪਾਸੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਤਰਕੀ ਲਈ ਵਚਨਬੱਧ ਹਨ ਅਤੇ ਉਹਨਾਂ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ। ਨਿਗਮ ਦੇ ਐਸਈ ਵੱਲੋਂ ਦਿੱਤੇ ਸੇਵਾਮੁਕਤੀ ਦੇ ਨੋਟਿਸ ਬਾਰੇ ਉਹਨਾਂ ਕਿਹਾ ਕਿ ਇਹ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…