ਡੇਅਰੀ ਫਾਰਮਰਾਂ ਦੀਆਂ ਜਾਇਜ਼ ਮੰਗਾਂ ਛੇਤੀ ਹੱਲ ਕੀਤੀਆਂ ਜਾਣਗੀਆਂ: ਕੁਲਦੀਪ ਧਾਲੀਵਾਲ

ਪੰਜਾਬ ਵਿੱਚ 1 ਲੱਖ ਏਕੜ ਖਾਰੇਪਣ ਨਾਲ ਪ੍ਰਭਾਵਿਤ ਜ਼ਮੀਨ ਨੂੰ ਝੀਂਗਾ ਪਾਲਣ ਅਧੀਨ ਲਿਆਂਦਾ ਜਾਵੇਗਾ

ਝੀਂਗਾ ਤੇ ਮੱਛੀ ਪਾਲਣ ਲਈ ਬਿਜਲੀ ਖ਼ਰਚਿਆਂ ਨੂੰ ਘਟਾਉਣ ਲਈ ਸਬਸਿਡੀ ’ਤੇ ਸੋਲਰ ਪੰਪ ਲਗਾਉਣ ਦੀ ਤਜਵੀਜ਼ ਛੇਤੀ

ਮਿਲਾਵਟੀ ਦੁੱਧ ਦੇ ਧੰਦੇ ’ਤੇ ਨਕੇਲ ਕੱਸਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਉੱਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਮੁਹਾਲੀ ਦੇ ਸੈਕਟਰ-68 ਸਥਿਤ ਲਾਈਵਸਟਾਕ ਕੰਪਲੈਕਸ ਵਿਖੇ ਅਗਾਂਹਵਧੂ ਡੇਅਰੀ ਫਾਰਮਰਾਂ ਅਤੇ ਮੱਛੀ ਪਾਲਕਾਂ ਨਾਲ ਅਹਿਮ ਮੀਟਿੰਗ ਕੀਤੀ। ਪੜਾਅਵਾਰ ਬਾਅਦ ਦੁਪਹਿਰ ਸ਼ੁਰੂ ਹੁੰਦੀਆਂ ਵੱਖ-ਵੱਖ ਮੀਟਿੰਗਾਂ ਦੇਰ ਸ਼ਾਮ ਤੱਕ ਚਲੀਆਂ। ਉਨ੍ਹਾਂ ਨੇ ਡੇਅਰੀ ਫਾਰਮਰਾਂ ਅਤੇ ਮੱਛੀ ਪਾਲਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾ ਬਾਰੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਲਈ ਵਚਨਬੱਧ ਹੈ, ਇਸ ਲਈ ਖੇਤੀਬਾੜੀ ਦੇ ਸਹਾਇਕ ਡੇਅਰੀ ਧੰਦੇ ਅਤੇ ਮੱਛੀ ਪਾਲਣ ਤੇ ਪਸ਼ੂ ਪਾਲਣ ਨੂੰ ਵੱਡੇ ਪੱਧਰ ’ਤੇ ਪ੍ਰਫੁੱਲਤ ਕਰਨ ਅਤੇ ਇਸ ਖੇਤਰ ਵਿੱਚ ਸੂਬੇ ਨੂੰ ਮੋਹਰੀ ਬਣਾਉਣ ਲਈ ਵਿਆਪਕ ਮੁਹਿੰਮ ਸੂਬੇ ਭਰ ਵਿੱਚ ਚਲਾਈ ਜਾਵੇਗੀ। ਉਨ੍ਹਾਂ ਨੇ ਬੇਰੁਜ਼ਗਾਰੀ ਦੇ ਖ਼ਾਤਮੇ ਲਈ ਨੌਜਵਾਨਾਂ ਨੂੰ ਇਨ੍ਹਾਂ ਧੰਦਿਆਂ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਅੱਜ ਕੱਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕਰਕੇ ਹੱਲ ਕਰਵਾਉਣਗੇ। ਇਸ ਤੋਂ ਪਹਿਲਾਂ ਪੀਡੀਐਫ਼ਏ ਦੇ ਪ੍ਰਧਾਨ ਦਲਜੀਤ ਸਿੰਘ ਦੀ ਅਗਵਾਈ ਹੇਠ ਡੇਅਰੀ ਫਾਰਮਰਾਂ ਵੱਲੋਂ ਦੁੱਧ ਦੇ ਰੇਟ ਵਧਾਉਣ, ਸਸਤੀ ਫੀਡ ਉਪਲਬਧ ਕਰਵਾਉਣ ਤੋਂ ਇਲਾਵਾ ਦੁੱਧ ਦੀਆਂ ਕੀਮਤਾਂ ਲਈ ਸਟੇਬਲਾਈਜੇਸ਼ਨ ਫੰਡ ਕਾਇਮ ਕਰਨ ਸਬੰਧੀ ਸੁਝਾਅ ਪੇਸ਼ ਕੀਤੇ ਅਤੇ ਮਿਲਾਵਟੀ ਦੁੱਧ ਦੇ ਧੰਦੇ ’ਤੇ ਨਕੇਲ ਕੱਸਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਧਾਲੀਵਾਲ ਨੇ ਕਿਹਾ ਕਿ ਸੂਬੇ ਦੇ ਅੱਧੇ ਪਿੰਡ ਵੇਰਕਾ ਨਾਲ ਨਹੀਂ ਜੂੜੇ ਹੋਏ ਅਤੇ ਉਨ੍ਹਾਂ ਦਾ ਮੁੱਖ ਟੀਚਾ ਸਾਰੇ ਪਿੰਡਾਂ ਵਿੱਚ ਡੇਅਰੀ ਫਾਰਮਿੰਗ ਦੇ ਧੰਦੇ ਨਾਲ ਲੋਕਾਂ ਨੂੰ ਜੋੜ ਕੇ ਸਹਿਕਾਰਤਾ ਲਹਿਰ ਨੂੰ ਪੰਜਾਬ ਵਿੰਚ ਹੋਰ ਮਜ਼ਬੂਤ ਕਰਨਾ ਹੈ।
ਉਪਰੰਤ ਮੰਤਰੀ ਨੇ ਮੱਛੀ ਅਤੇ ਝੀਂਗਾ ਪਾਲਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਸੁਣੇ। ਸਰਕਾਰ ਵੱਲੋਂ ਇਸ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਨੌਜਵਾਨਾਂ ਨੂੰ ਮੱਛੀ ਅਤੇ ਝੀਂਗਾ ਪਾਲਣ ਨਾਲ ਜੋੜ ਕੇ ਇੱਕ ਲੱਖ ਏਕੜ ਖਾਰੇਪਣ ਨਾਲ ਪ੍ਰਭਾਵਿਤ ਜ਼ਮੀਨ ਨੂੰ ਝੀਂਗਾ ਪਾਲਣ ਅਧੀਨ ਲਿਆਂਦਾ ਜਾਵੇ। ਇਸ ਲਈ ਨੌਜਵਾਨਾਂ ਨੂੰ ਨਿਯਮਤ ਤੌਰ ’ਤੇ ਝੀਂਗਾ ਪਾਲਣ ਦੀ ਟਰੇਨਿੰਗ ਮੁਹੱਈਆ ਕਰਵਾਈ ਜਾਵੇ। ਮੰਤਰੀ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੂੰ ਆਦੇਸ਼ ਦਿੱਤੇ ਕਿ ਯੂਨੀਵਰਸਿਟੀ ਵੱਲੋਂ ਝੀਂਗਾ ਪਾਲਣ ਲਈ ਕਿਸਾਨਾਂ ਨੂੰ ਹਰੇਕ ਸਾਲ ਜਨਵਰੀ, ਫਰਵਰੀ ਅਤੇ ਮਾਰਚ ਵਿੱਚ ਵਿਸ਼ੇਸ਼ ਟਰੇਨਿੰਗ ਦੇਣ ਦਾ ਪ੍ਰਬੰਧ ਕੀਤਾ ਜਾਵੇ।
ਕਿਸਾਨਾਂ ਨੇ ਮੰਤਰੀ ਨੂੰ ਸੁਝਾਅ ਦਿੱਤਾ ਕਿ ਖਾਲੀ ਪਈਆਂ ਸ਼ਾਮਲਾਤ ਜ਼ਮੀਨਾਂ ਨੂੰ ਮੱਛੀ ਪਾਲਣ ਅਧੀਨ ਲਿਆਉਣ ਲਈ ਠੇਕੇ ’ਤੇ ਦਿੱਤੀਆਂ ਜਾਣ।
ਇਕ ਹੋਰ ਵਿਚਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮੱਛੀ ਤੇ ਝੀਂਗਾ ਪਾਲਣ ਲਈ ਬਿਜਲੀ ਖ਼ਰਚਿਆਂ ਨੂੰ ਘਟਾਉਣ ਲਈ ਸਬਸਿਡੀ ’ਤੇ ਸੋਲਰ ਪੰਪ ਲਗਾਉਣ ਸਬੰਧੀ ਤਜਵੀਜ਼ ਤਿਆਰ ਕਰਕੇ ਪੇਸ਼ ਕੀਤੀ ਜਾਵੇ। ਜਲਦੀ ਹੀ ਇਹ ਤਜਵੀਜ਼ ਪੇਡਾ ਨੂੰ ਯੋਗ ਪੈਰਵਾਈ ਲਈ ਭੇਜੀ ਜਾਵੇਗੀ। ਮੱਛੀ ਦੀ ਚੋਰੀ ਦੀ ਸਮੱਸਿਆ ਦੇ ਹੱਲ ਲਈ ਮੰਤਰੀ ਨੇ ਤਲਾਬਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਦੇ ਆਦੇਸ਼ ਦਿੱਤੇ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਐਮਡੀ ਕਲਦੀਪ ਸਿੰਘ ਸੰਘਾ, ਡਾਇਰੈਕਟਰ ਡਾ. ਸੁਭਾਸ਼ ਚੰਦਰ, ਕੁਲਦੀਪ ਸਿੰਘ ਜੱਸੋਵਾਲ, ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ ਗਡਵਾਸੂ, ਸਹਾਇਕ ਡਾਇਰੈਕਟਰ ਸੁਖਵਿੰਦਰ ਸਿੰਘ ਵਾਲੀਆ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles

Check Also

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ ਹਸਪਤਾਲ ਦੀ ਟੀਮ ਵੱਲੋਂ…