Nabaz-e-punjab.com

ਕੋਵਿਡ ਵੈਕਸੀਨ ਦੀ ਘੱਟ ਸਪਲਾਈ ਨੇ ਪੰਜਾਬ ਵਿੱਚ ਟੀਕਾਕਰਣ ਮੁਹਿੰਮ ਨੂੰ ਪ੍ਰਭਾਵਿਤ ਕੀਤਾ: ਬਲਬੀਰ ਸਿੱਧੂ

ਸਿਹਤ ਮੰਤਰੀ ਨੇ ਭਾਰਤ ਸਰਕਾਰ ਨੂੰ ਘੱਟੋ-ਘੱਟ 2 ਲੱਖ ਵੈਕਸੀਨ ਪ੍ਰਤੀ ਦਿਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜੂਨ:
ਦੇਸ਼ ਵਿੱਚ ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਦੀ ਦਸਤਕ ਤੋਂ ਪਹਿਲਾਂ ਸਾਰਿਆਂ ਵਲੋਂ ਸੂਬੇ ਹਰੇਕ ਨਾਗਰਿਕ ਦੇ ਟੀਕਾਕਰਣ ਨੂੰ ਯਕੀਨੀ ਬਣਾਉਣ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ ,ਪਰ ਭਾਰਤ ਸਰਕਾਰ ਤੋਂ ਪੰਜਾਬ ਵਿੱਚ ਕੋਵਿਡ -19 ਟੀਕਿਆਂ ਦੀ ਘੱਟ ਸਪਲਾਈ ਕਾਰਨ ਟੀਕਾਕਰਣ ਮੁਹਿੰਮ ਕਾਫੀ ਪ੍ਰਭਾਵਿਤ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ ਟੀਕੇ ਦੀ ਅਸੰਤੁਲਿਤ ਸਪਲਾਈ ਨੇ ਵੱਡੇ ਪੱਧਰ ‘ਤੇ ਟੀਕਾਕਰਣ ਦੀ ਰਫ਼ਤਾਰ ਨੂੰ ਮੱਠਾ ਕਰ ਦਿੱਤਾ ਹੈ ਜਦਕਿ ਪੰਜਾਬ ਕੋਲ ਪ੍ਰਤੀ ਦਿਨ ਤਿੰਨ ਲੱਖ ਲੋਕਾਂ ਨੂੰ ਟੀਕਾ ਲਗਾਉਣ ਦੀ ਸਮਰੱਥਾ ਵਾਲਾ ਬੁਨਿਆਦੀ ਢਾਂਚਾ ਮੌਜੂਦ ਹੈ।
ਸ. ਸਿੱਧੂ ਨੇ ਕਿਹਾ ਕਿ ਟੀਕਾਕਰਣ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਭਾਜਪਾ ਦੀਆਂ ਸਰਕਾਰਾਂ ਵਾਲੇ ਰਾਜਾਂ ਜਿਵੇਂ ਮੱਧ ਪ੍ਰਦੇਸ਼ , ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਟੀਕਾਕਰਣ ਮੁਹਿੰਮ ਦੀ ਰਫ਼ਤਾਰ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ 20 ਜੂਨ ਤੋਂ ਪਹਿਲਾਂ ਮੱਦ ਪ੍ਰਦੇਸ਼ ਵਿੱਚ ਔਸਤਨ ਪ੍ਰਤੀ ਦਿਨ ਟੀਕਾਕਰਣ 1.75 ਲੱਖ ਸੀ ਅਤੇ 21 ਜੂਨ ਨੂੰ ਇਹ ਅੰਕੜਾ ਹੈਰਾਨੀਜਨਕ ਢੰਗ ਨਾਲ ਵਧਕੇ 17 ਲੱਖ ਹੋ ਗਿਆ ਅਤੇ ਜੋ ਕਿ ਕੁੱਲ 9 ਗੁਣਾ ਵਾਧਾ ਬਣਦਾ ਹੈ ਅਤੇ ਕੇਂਦਰ ਵਲੋਂ ਸੂਬਿਆਂ ਨੂੰ ਵੈਕਸੀਨ ਦੀ ਵੰਡ ਵਿੱਚ ਕੀਤੇ ਜਾ ਰਹੇ ਪੱਖਪਾਤ ਨੂੰ ਬੇਨਕਾਬ ਕਰਦਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਮੱਧ ਪ੍ਰਦੇਸ਼ ਪ੍ਰਤੀ ਦਿਨ 1,70,000 ਖੁਰਾਕ ਪ੍ਰਾਪਤ ਕਰ ਰਿਹਾ ਹੈ ਜਦਕਿ ਪੰਜਾਬ ਨੂੰ 1 ਜੂਨ ਤੋਂ 24 ਜੂਨ ਤੱਕ ਸਿਰਫ 16 ਲੱਖ ਖੁਰਾਕਾਂ ਪ੍ਰਾਪਤ ਹੋਈਆਂ । ਰਾਜਾਂ ਵਿਚ ਮੰਗ ਅਤੇ ਸਪਲਾਈ ਵਿਚਲਾ ਪਾੜਾ ਚਿੰਤਾ ਦਾ ਵਿਸ਼ਾ ਹੈ ਅਤੇ ਟੀਕਿਆਂ ਦੀ ਬਰਾਬਰ ਵੰਡ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਹੈ।
ਇਸੇ ਤਰਾਂ ਹਰਿਆਣਾ ਵਰਗੇ ਸੂਬੇ ਵਿੱਚ ਵਾਧੂ ਸਪਲਾਈ ਕਾਰਨ ਟੀਕਾਕਰਣ ਵਿੱਚ 7.14 ਗੁਣਾ ਵਾਧਾ ਹੋਇਆ ਹੈ ਅਤੇ ਕਰਨਾਟਕ ਵਿੱਚ ਇਹ ਵਾਧਾ 5.50, ਆਸਾਮ-5, ਉੱਤਰਾਖੰਡ-3.80, ਹਿਮਾਚਲ ਪ੍ਰਦੇਸ਼-3, ਉੱਤਰ ਪ੍ਰਦੇਸ਼-2.29 ਅਤੇ ਗੁਜਰਾਤ-2.5 ਵਿੱਚ ਹੈ।
ਉਹਨਾਂ ਅੱਗੇ ਦੱਸਿਆ ਕਿ ਟੀਕਾਕਰਣ ਮੁਹਿੰਮ ਦੀ ਸਫਲਤਾ ਮੁੱਖ ਤੌਰ ਤੇ ਟੀਕੇ ਦੀ ਸਪਲਾਈ ਤੇ ਨਿਰਭਰ ਕਰਦੀ ਹੈ। ਮਈ ਮਹੀਨੇ ਵਿੱਚ ਪੰਜਾਬ ਨੂੰ ਟੀਕੇ ਦੀਆਂ ਸਿਰਫ 17 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਸੀ ਜੋ ਕਿ ਬਹੁਤ ਘੱਟ ਗਿਣਤੀ ਬਣਦੀ ਹੈ ਜਦਕਿ ਭਾਰਤ ਸਰਕਾਰ ਵਲੋਂ ਜੂਨ ਮਹੀਨੇ ਵਿੱਚ 21 ਲੱਖ ਖੁਰਾਕਾਂ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਹੁਣ ਤੱਕ ਕੇਂਦਰ ਸਰਕਾਰ ਨੇ ਸਿਰਫ 16 ਲੱਖ ਖੁਰਾਕਾਂ ਹੀ ਮੁਹੱਈਆ ਕਰਵਾਈਆਂ ਹਨ ਜੋ ਦਰਸਾਉਂਦਾ ਹੈ ਕਿ ਟੀਕੇ ਦੀ ਸੀਮਤ ਸਪਲਾਈ ਪੰਜਾਬ ਵਿਚ ਟੀਕਾਕਰਣ ਮੁਹਿੰਮ ਨੂੰ ਵੱਡੇ ਰੂਪ ਵਿੱਚ ਪ੍ਰਭਾਵਿਤ ਕਰ ਰਹੀ ਹੈ।
ਟੀਕਿਆਂ ਦੀ ਸਪਲਾਈ ਵਿੱਚ ਅਸਮਾਨਤਾ ਦੇ ਮੁੱਦੇ ਨੂੰ ਚੁੱਕਦਿਆਂ ਸਿਹਤ ਮੰਤਰੀ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਪੰਜਾਬ ਨੂੰ ਘੱਟੋ-ਘੱਟ 2 ਲੱਖ ਟੀਕੇ ਪ੍ਰਤੀ ਦਿਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਤਾਂ ਜੋ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੀ ਦਸਤਕ ਤੋਂ ਪਹਿਲਾਂ ਮਿੱਥਿਆ ਟੀਚਾ ਪ੍ਰਾਪਤ ਕੀਤਾ ਜਾ ਸਕੇ।

Load More Related Articles

Check Also

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ: ਇੱਥੋਂ ਦੇ ਸੰਤ…