ਦਿੱਲੀ ਚੱਲੋ-ਦਿੱਲੀ ਚੱਲੋ: ਕੇਂਦਰ ਸਰਕਾਰ ਦੇ ਖ਼ਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ

ਪ੍ਰਦਰਸ਼ਨਕਾਰੀਆਂ ਨੇ ਫੇਜ਼-10 ਤੇ ਫੇਜ਼-11 ਦੇ ਲਾਲ ਬੱਤੀ ਚੌਕ ’ਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

ਸਮਾਜ ਸੇਵੀ ਸੰਸਥਾਵਾਂ, ਡੈਮੋਕ੍ਰੇਟਿਕ ਤੇ ਟਕਸਾਲੀ ਦਲ, ਆਪ ਵਲੰਟੀਅਰਾਂ ਤੇ ਨੌਜਵਾਨਾਂ ਨੇ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਚੱਲੋ-ਦਿੱਲੀ ਚੱਲੋ ਦੇ ਤੀਜੇ ਪੜਾਅ ਤਹਿਤ ਇੱਥੋਂ ਦੇ ਫੇਜ਼-10 ਅਤੇ ਫੇਜ਼-11 ਸਥਿਤ ਟਰੈਫ਼ਿਕ ਲਾਈਟ ਪੁਆਇੰਟ ’ਤੇ ਇਲਾਕੇ ਦੇ ਲੋਕਾਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜ਼ੀ ਕਰਦਿਆਂ ਸੜਕਾਂ ’ਤੇ ਰੋਸ ਮਰਚਾ ਕੀਤਾ ਗਿਆ। ਉਨ੍ਹਾਂ ਨੇ 8 ਦਸੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਅਪੀਲ ਵੀ ਕੀਤੀ।
ਇਸ ਮੌਕੇ ਸਮਾਜ ਸੇਵੀ ਤੇ ਉੱਘੇ ਖੇਡ ਪ੍ਰਮੋਟਰਜ਼ ਨਰਿੰਦਰ ਸਿੰਘ ਕੰਗ, ਅਖੰਡ ਕੀਰਤਨੀ ਜਥਾ ਦੇ ਮੁੱਖ ਸੇਵਾਦਾਰ ਆਰਪੀ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬੈਂਸ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸਰਗਰਮ ਆਗੂ ਗਗਨਪ੍ਰੀਤ ਸਿੰਘ ਬੈਂਸ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ ਅਤੇ ਪ੍ਰੋ. ਮੇਹਰ ਸਿੰਘ ਮੱਲ੍ਹੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸ਼ੁਰੂ ਤੋਂ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜੀ ਆ ਰਹੀ ਹੈ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਅਤੇ ਹੁਣ ਹੁਕਮਰਾਨ ਕਿਸਾਨਾਂ ਦੀ ਸੰਘੀ ਘੁੱਟਣ ’ਤੇ ਲੱਗੇ ਹੋਏ ਹਨ। ਜਿਸ ਕਾਰਨ ਦੇਸ਼ ਦੇ ਕਿਸਾਨ ਨੂੰ ਆਪਣੇ ਹੱਕਾਂ ਲਈ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ।
ਹਰਿਆਣਾ ਤੋਂ ਵਿਸ਼ੇਸ਼ ਤੋਂ ਪਹੁੰਚੇ ਇੰਜੀਨੀਅਰ ਵਿਸ਼ਾਲ ਯਾਦਵ ਨੇ ਕਿਹਾ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ ਅਤੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ਦਾ ਕਿਸਾਨ ਅਤੇ ਆਮ ਨਾਗਰਿਕ ਪੰਜਾਬ ਦੇ ਕਿਸਾਨਾਂ ਨਾਲ ਚਟਾਨ ਵਾਂਗ ਖੜਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਨਹੀਂ ਕਰਦੀ ਹਰਿਆਣਾ ਦੇ ਕਿਸਾਨ ਵਾਪਸ ਨਹੀਂ ਆਉਣਗੇ।
ਇਸ ਮੌਕੇ ਬੀਬੀ ਕਰਮਜੀਤ ਕੌਰ ਅਤੇ ਰਾਜਵੀਰ ਕੌਰ ਨੇ ਅਦਾਕਾਰਾ ਕੰਗਣਾ ਰਣੌਤ ਵੱਲੋਂ ਧਰਨੇ ’ਤੇ ਬੈਠੀਆਂ ਬੀਬੀਆਂ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਅਤੇ ਸਮਾਜਿਕ ਪਰਿਵਰਤਨ ਵਿੱਚ ਅੌਰਤਾਂ ਨੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ। ਕਿਸਾਨ ਆਗੂ ਇੰਦਰਪਾਲ ਸਿੰਘ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਇਲਾਕੇ ਦੇ ਕਿਸਾਨ ਬੈਸਟੈੱਕ ਮਾਲ ਦੀ ਘੇਰਾਬੰਦੀ ਕਰਕੇ ਬੈਠੇ ਹਨ ਅਤੇ ਹੁਣ ਉਹ ਆਪਣੇ ਸਾਥੀਆਂ ਸਮੇਤ ਦਿੱਲੀ ਵੱਲ ਚਾਲੇ ਪਾਉਣਗੇ। ਨਰਿੰਦਰ ਕੰਗ ਅਤੇ ਗਗਨਪ੍ਰੀਤ ਬੈਂਸ ਨੇ ਮੁਹਾਲੀ ਦੇ ਸਮੂਹ ਦੁਕਾਨਦਾਰਾਂ, ਵਪਾਰੀ ਵਰਗ ਅਤੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਅੱਠ ਦਸੰਬਰ ਨੂੰ ਆਪੋ ਆਪਣੇ ਕਾਰੋਬਾਰ ਬੰਦ ਕਰਕੇ ਭਾਰਤ ਬੰਦ ਨੂੰ ਸਫਲ ਬਣਾਉਣ ਤਾਂ ਜੋ ਗੂੜ੍ਹੀ ਨੀਂਦ ਵਿੱਚ ਸੁੱਤੇ ਦੇਸ਼ ਦੇ ਹੁਕਮਰਾਨਾਂ ਨੂੰ ਹਲੂਣਾ ਦੇ ਕੇ ਜਗਾਇਆ ਜਾ ਸਕੇ।
ਇਸ ਮੌਕੇ ਯੂਥ ਆਗੂ ਜਸਰਾਜ ਸਿੰਘ ਸੋਨੂੰ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਖ਼ਾਲਸਾ, ਸਾਬਕਾ ਪ੍ਰਧਾਨ ਹਰਪਾਲ ਸਿੰਘ ਸੋਢੀ, ਡਾ. ਮੇਜਰ ਸਿੰਘ, ਗੁਰਮੇਲ ਸਿੰਘ ਮੋਜੋਵਾਲ, ਜਗਮੋਹਨ ਸਿੰਘ ਖੋਸਾ, ਹਰਦੇਵ ਸਿੰਘ ਕਲੇਰ, ਬਲਜੀਤ ਸਿੰਘ ਜਗਤਪੁਰਾ, ਗੁਰਚਰਨ ਸਿੰਘ ਭੰਵਰਾ ਵੀ ਹਾਜ਼ਰ ਸਨ।
ਉਧਰ, ਦਿੱਲੀ ਚੱਲੋ ਦੇ ਚੌਥੇ ਪੜਾਅ ਤਹਿਤ ਮੁਹਾਲੀ ਤੋਂ ਇੱਕ ਕਾਫ਼ਲਾ ਭਲਕੇ 6 ਦਸੰਬਰ ਨੂੰ ਸਵੇਰੇ 11 ਵਜੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨੇੜਿਓਂ ਦਿੱਲੀ ਲਈ ਰਵਾਨਾ ਹੋਵੇਗਾ। ਆਪ ਆਗੂ ਜਗਦੇਵ ਸਿੰਘ ਮਲੋਆ ਨੇ ਦੱਸਿਆ ਕਿ ਇਸ ਕਾਫ਼ਲੇ ਵਿੱਚ ਇਲਾਕੇ ਦੇ ਕਿਸਾਨਾਂ ਸਮੇਤ ਆਮ ਨਾਗਰਿਕ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕਰਨਗੇ। ਜਦੋਂਕਿ ਆਪ ਆਗੂ ਡਾ. ਚਿਰਾਗਦੀਪ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਦਰਜਨ ਡਾਕਟਰਾਂ ਦੀ ਟੀਮ ਵੀ ਦਿੱਲੀ ਜਾਵੇਗੀ, ਜੋ ਉੱਥੇ ਧਰਨੇ ’ਤੇ ਬੈਠੇ ਕਿਸਾਨਾਂ ਦਾ ਮੈਡੀਕਲ ਚੈੱਕਅਪ ਕਰੇਗੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…