Nabaz-e-punjab.com

ਪਿੰਡ ਕੁੰਭੜਾ ਦੀ ਧਰਮਸ਼ਾਲਾ ’ਚੋਂ ਕੂੜਾਦਾਨ ਬਾਹਰ ਕਢਵਾਉਣ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਬੇਪਰਵਾਹ ਮਹਿਲਾ ਕਾਉਂਸਲਰ ਕੂੜਾਦਾਨ ਨਾ ਲਗਵਾ ਕੇ ਉਡਾ ਰਹੀ ਸਵੱਛ ਭਾਰਤ ਅਭਿਆਨ ਦੀਆਂ ਧੱਜੀਆਂ: ਕੁੰਭੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਵੱਲੋਂ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਪਿੰਡ ਕੁੰਭੜਾ (ਵਾਰਡ ਨੰਬਰ-39) ਵਿੱਚ ਵੀ ਸਫ਼ਾਈ ਰੱਖਣ ਲਈ ਅਤੇ ਲੋਕਾਂ ਨੂੰ ਕੂੜਾ ਕਰਕਟ ਕੂੜਾਦਾਨਾਂ ਵਿਚ ਸੁੱਟਣ ਦੇ ਪਾਬੰਦ ਬਣਾਉਣ ਲਈ ਦਿੱਤੇ ਗਏ ਕੂੜਾਦਾਨ ਇਲਾਕੇ ਦੇ ਕੌਂਸਲਰ ਵੱਲੋਂ ਅਜੇ ਤੱਕ ਵੀ ਲਗਾਏ ਨਹੀਂ ਗਏ ਹਨ। ਵਾਰ ਵਾਰ ਕੌਂਸਲਰ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਪਿਛਲੇ ਛੇ ਮਹੀਨੇ ਤੋਂ ਇਹ ਕੂੜਾਦਾਨ ਪਿੰਡ ਦੀ ਧਰਮਸ਼ਾਲਾ ਵਿਚ ਬੰਦੀ ਬਣਾ ਕੇ ਰੱਖੇ ਹੋਏ ਹਨ ਅਤੇ ਕਾਉਂਸਲਰ ਟੱਸ ਤੋਂ ਮੱਸ ਨਹੀਂ ਹੋ ਰਹੀ ਹੈ। ਨਤੀਜਾ ਇਹ ਕਿ ਪਿੰਡ ਕੁੰਭੜਾ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕੌਂਸਲਰ ਦੀ ਇਸ ਜਿੱਦ ਤੋਂ ਪ੍ਰੇਸ਼ਾਨ ਹੋ ਕੇ ਅਤੇ ਨਿਗਮ ਦੇ ਅਧਿਕਾਰੀਆਂ ਵੱਲੋਂ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਕੋਈ ਧਿਆਨ ਦੇਣ ’ਤੇ ਹੁਣ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਦਫ਼ਤਰ ਪਹੁੰਚਾ ਦਿੱਤਾ ਹੈ। ਸ੍ਰੀ ਕੁੰਭੜਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਭੇਜ ਕੇ ਦੱਸਿਆ ਹੈ ਕਿ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਦੇ ਅਧੀਨ ਆਉਂਦੇ ਪਿੰਡ ਕੁੰਭੜਾ ਦੀ ਕੌਂਸਲਰ ਵੱਲੋਂ ਪ੍ਰਧਾਨ ਮੰਤਰੀ ਦੇ ਮਹਾਤਮਾ ਗਾਂਧੀ ਸਵੱਛ ਭਾਰਤ ਅਭਿਆਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਪੱਤਰ ਦੀ ਇਕ ਕਾਪੀ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ।
ਸ੍ਰੀ ਕੁੰਭੜਾ ਨੇ ਮੰਗ ਕੀਤੀ ਕਿ ਪਿੰਡ ਕੁੰਭੜਾ ਵਿਚ ਸਵੱਛ ਭਾਰਤ ਅਭਿਆਨ ਤਹਿਤ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਦਿੱਤੇ ਗਏ ਇੱਕ ਦਰਜਨ ਤੋਂ ਵੀ ਵੱਧ ਕੂੜਾਦਾਨਾਂ ਨੂੰ ਧਰਮਸ਼ਾਲਾ ਵਿਚੋਂ ਕਢਵਾ ਕੇ ਪਿੰਡ ਦੀਆਂ ਗਲ਼ੀਆਂ ਵਿਚ ਤੁਰੰਤ ਫਿੱਟ ਕਰਵਾਇਆ ਜਾਵੇ ਤਾਂ ਜੋ ਪਿੰਡ ਦੇ ਲੋਕੀਂ ਸਫ਼ਾਈ ਪ੍ਰਤੀ ਜਾਗਰੂਕ ਹੋ ਸਕਣ ਅਤੇ ਜਿਸ ਮਕਸਦ ਲਈ ਇਹ ਕੂੜਾਦਾਨ ਦਿੱਤੇ ਗਏ ਸਨ, ਉਹ ਮਕਸਦ ਪੂਰਾ ਹੋ ਸਕੇ। ਉਨ੍ਹਾਂ ਮਿਉਂਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਕੂੜਾਦਾਨ ਪਿੰਡ ਕੁੰਭੜਾ ਦੀਆਂ ਗਲੀਆਂ ਵਿਚ ਫਿੱਟ ਨਾ ਕਰਵਾਏ ਗਏ ਤਾਂ ਇੱਕ ਹਫ਼ਤੇ ਤੋਂ ਬਾਅਦ ਲੋਕਾਂ ਨੂੰ ਨਾਲ ਲੈ ਕੇ ਮਿਉਂਸਪਲ ਕਾਰਪੋਰੇਸ਼ਨ ਦਫ਼ਤਰ ਅੱਗੇ ਧਰਨਾ ਦੇ ਕੇ ਮਹਾਤਮਾ ਗਾਂਧੀ ਸਵੱਛ ਭਾਰਤ ਅਭਿਆਨ ਦੀਆਂ ਧੱਜੀਆਂ ਉਡਾਉਣ ਵਾਲੀ ਮਹਿਲਾ ਕਾਉਂਸਲਰ ਬੀਬੀ ਰਮਨਪ੍ਰੀਤ ਕੌਰ ਕੁੰਭੜਾ ਖਿਲਾਫ਼ ਕਾਰਵਾਈ ਕਰਵਾਉਣ ਅਤੇ ਕੂੜਾਦਾਨ ਗਲੀਆਂ ਵਿਚ ਲਗਵਾਉਣ ਦੀ ਮੰਗ ਕੀਤੀ ਜਾਵੇਗੀ।
ਸ੍ਰੀ ਕੁੰਭੜਾ ਨੇ ਦੱਸਿਆ ਕਿ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਆਪਣੇ ਆਸ ਪਾਸ ਨੂੰ ਸਾਫ਼ ਸੁਥਰਾ ਰੱਖਣ, ਕੂੜਾ ਕੂੜੇਦਾਨਾਂ ਵਿੱਚ ਸੁੱਟਣ ਅਤੇ ਗਿੱਲਾ ਤੇ ਸੁੱਕਾ ਕੂੜਾ ਅਲੱਗ ਅਲੱਗ ਕੂੜਾਦਾਨਾਂ ਵਿਚ ਪਾਉਣ ਦੇ ਮਕਸਦ ਨਾਲ ਜਨਤਕ ਸਥਾਨਾਂ ਉੱਤੇ ਰੱਖਣ ਲਈ ਬਕਾਇਦਾ ਤੌਰ ’ਤੇ ਨੀਲੇ ਅਤੇ ਹਰੇ ਰੰਗ ਦੇ ਕੂੜਾਦਾਨ ਵੰਡੇ ਗਏ ਸਨ। ਪਿੰਡ ਕੁੰਭੜਾ ਵਿੱਚ ਰੱਖਣ ਲਈ ਵੀ ਨਿਗਮ ਵੱਲੋਂ ਹਰੇ ਨੀਲੇ ਰੰਗ ਦੇ ਕੂੜਾਦਾਨ ਸਬੰਧਤ ਮਹਿਲਾ ਕੌਂਸਲਰ ਨੂੰ ਦਿੱਤੇ ਗਏ ਸਨ। ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਕੁੰਭੜਾ ਵਿੱਚ ਵਾਰਡ ਨੰਬਰ 39 ਦੇ ਖੇਤਰ ਵਿੱਚ ਸਬੰਧਤ ਕੌਂਸਲਰ ਵੱਲੋਂ ਅਜੇ ਤੱਕ ਵੀ ਜਨਤਕ ਥਾਵਾਂ ’ਤੇ ਇਹ ਕੂੜਾਦਾਨ ਨਹੀਂ ਲਗਵਾਏ ਗਏ ਹਨ ਜੋ ਕਿ ਪਿੰਡ ਦੀ ਧਰਮਸ਼ਾਲਾ ਵਿੱਚ ਬੰਦੀ ਬਣਾ ਕੇ ਰੱਖੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਕੂੜਾਦਾਨ ਪਿੰਡ ਦੀਆਂ ਗਲੀਆਂ ਵਿੱਚ ਲਗਵਾਏ ਜਾਣ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…