ਅਫ਼ਸਰ ਕਲੋਨੀ ਦੇ ਨਿਰਮਾਣ ਲਈ ਡਿਪਟੀ ਮੇਅਰ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਵਰ੍ਹਿਆਂ ਤੋਂ ਮਿਉਂਸਪਲ ਰਿਹਾਇਸ਼ੀ ਕੰਪਲੈਕਸ ਵਿੱਚ ਹੈ ਡੀਸੀ ਦੀ ਸਰਕਾਰੀ ਰਿਹਾਇਸ਼: ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ (ਜੋ ਗਮਾਡਾ ਦੇ ਚੇਅਰਮੈਨ ਅਤੇ ਪੁੱਡਾ ਮੰਤਰੀ ਵੀ ਹਨ) ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗਮਾਡਾ ਨੂੰ ਕਹਿ ਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਹੂਲਤ ਲਈ ਵੱਖਰੀ ਅਫ਼ਸਰ ਕਲੋਨੀ ਦਾ ਨਿਰਮਾਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਵਿੱਚ ਪੰਜਾਬ ਸਰਕਾਰ ਨੇ ਮੁਹਾਲੀ ਵਿੱਚ 17 ਏਕੜ ਜਗ੍ਹਾ ਵਿੱਚ ਜੇਲ੍ਹ ਬਣਾਉਣ ਦਾ ਐਲਾਨ ਕੀਤਾ ਹੈ ਜੋ ਕਿ ਸਵਾਗਤਯੋਗ ਹੈ ਪਰ ਇਸ ਦੇ ਨਾਲ-ਨਾਲ ਇਸੇ ਸੈਸ਼ਨ ਵਿੱਚ ਮੁਹਾਲੀ ਵਿੱਚ ਅਫ਼ਸਰਾਂ ਦੀ ਕਲੋਨੀ ਬਣਾਉਣ ਦਾ ਵੀ ਐਲਾਨ ਕੀਤਾ ਜਾਵੇ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਹਾਲਾਤ ਇਹ ਹਨ ਇਹ ਪਿਛਲੇ ਕਈ ਵਰ੍ਹਿਆਂ ਤੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੇ ਮਿਉਂਸਪਲ ਰਿਹਾਇਸ਼ੀ ਕੰਪਲੈਕਸ ਫੇਜ਼-5 ਵਿੱਚ ਆਪਣੀ ਸਰਕਾਰੀ ਰਿਹਾਇਸ਼ ਰੱਖੀ ਹੋਈ ਹੈ। ਇੰਜ ਹੀ ਫੇਜ਼-3ਏ ਦੇ ਸਾਹਮਣੇ ਗਮਾਡਾ ਵੱਲੋਂ ਬਣਾਈ ਗਈ ਇਮਾਰਤ ਵਿੱਚ ਐੱਸਐੱਸਪੀ ਦਾ ਰਹਿਣ ਬਸੇਰਾ ਹੈ। ਜਦੋਂਕਿ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਕਿਰਾਏ ਦੇ ਘਰਾਂ ਵਿੱਚ ਰਹਿ ਰਹੇ ਹਨ। ਇੱਥੋਂ ਤੱਕ ਕਿ ਮੁਹਾਲੀ ਅਦਾਲਤ ਵਿੱਚ ਤਾਇਨਾਤ ਜੱਜਾਂ ਲਈ ਵੀ ਕੋਈ ਰਿਹਾਇਸ਼ੀ ਕੰਪਲੈਕਸ ਨਹੀਂ ਹੈ। ਮੁਹਾਲੀ ਨਗਰ ਨਿਗਮ ਦੇ ਮੌਜੂਦਾ ਕਮਿਸ਼ਨਰ ਨਵਜੋਤ ਕੌਰ ਵੀ ਮਿਉਂਸਪਲ ਕੰਪਲੈਕਸ ਦੀ ਥਾਂ ਚੰਡੀਗੜ੍ਹ ਦੇ ਸੈਕਟਰ-19 ਵਿੱਚ ਰਹਿ ਰਹੇ ਕਿਉਂਕਿ ਉਨ੍ਹਾਂ ਨੂੰ ਅਜੇ ਤਾਈਂ ਜਗ੍ਹਾ ਮੁਹੱਈਆ ਨਹੀਂ ਹੋਈ ਹੈ।
ਡਿਪਟੀ ਮੇਅਰ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਕੋਲ ਕੈਂਪ ਦਫ਼ਤਰ ਦਾ ਪ੍ਰਾਵਧਾਨ ਹੁੰਦਾ ਹੈ ਤਾਂ ਜੋ ਉਹ ਆਪਣੇ ਦਫ਼ਤਰੀ ਕੰਮ ਅਤੇ ਲੋਕਾਂ ਦੇ ਕੰਮ ਕਰ ਸਕੇ ਪਰ ਇੱਥੇ ਡੀਸੀ ਦਾ ਕੋਈ ਕੈਂਪ ਦਫ਼ਤਰ ਨਹੀਂ ਹੈ। ਇੰਜ ਹੀ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਲੱਗੇ ਕਰਮਚਾਰੀ ਬਾਹਰ ਆਪਣਾ ਤੰਬੂ ਲਗਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀਆਂ ਦੀ ਆਪਣੀ ਕਲੋਨੀ ਬਣੀ ਹੋਵੇ ਤਾਂ ਉੱਥੇ ਛੁੱਟੀ ਵਾਲੇ ਦਿਨਾਂ ਵਿੱਚ ਵੀ ਲੋਕ ਆਪਣੇ ਕੰਮਾਂਕਾਰਾਂ ਲਈ ਜਾ ਸਕਦੇ ਹਨ ਅਤੇ ਸੁਰੱਖਿਆ ਪੱਖੋਂ ਵੀ ਅਧਿਕਾਰੀਆਂ ਦੀ ਕਲੋਨੀ ਪੂਰੀ ਤਰ੍ਹਾਂ ਢੁਕਵੀਂ ਹੁੰਦੀ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਗਮਾਡਾ ਧੜਾਧੜ ਨਵੇਂ ਸੈਕਟਰ ਕੱਟਣ ਨੂੰ ਤਰਜ਼ੀਹ ਦੇ ਰਿਹਾ ਹੈ ਅਤੇ ਮਹਿੰਗੀਆਂ ਜ਼ਮੀਨਾਂ ਵੇਚ ਰਿਹਾ ਹੈ ਪ੍ਰੰਤੂ ਗਮਾਡਾ\ਪੁੱਡਾ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਜ਼ਿਲ੍ਹੇ ਵਿੱਚ ਤਾਇਨਾਤ ਬਾਕੀ ਵਿਭਾਗਾਂ ਦੇ ਅਧਿਕਾਰੀਆਂ ਦੀ ਸਰਕਾਰੀ ਰਿਹਾਇਸ਼ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ ਕਰਦਿਆਂ ਮੁਹਾਲੀ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੀ ਸਹੂਲਤ ਲਈ ਵੱਖਰੀ ਕਲੋਨੀ ਵਿਕਸਤ ਕਰਨ ਲਈ ਗਮਾਡਾ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …