
ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਆਂ ਦੇ ਸਟਾਫ਼ ਨੂੰ ਸੂਚਨਾ ਟੈਕਨਾਲੋਜੀ ਦਾ ਗਿਆਨ ਹੋਣਾ ਜ਼ਰੂਰੀ: ਕ੍ਰਿਸ਼ਨ ਕੁਮਾਰ
ਅਖ਼ਬਾਰਾਂ ’ਚੋਂ ਬਾਲ ਕਹਾਣੀਆਂ ਦੀ ਕਟਿੰਗ ਕਰਕੇ ਮਹੀਨਾਵਾਰ ਜਾਂ ਤਿਮਾਹੀ ਰਸਾਲੇ ਤਿਆਰ ਕਰਕੇ ਬੱਚਿਆਂ ਨੂੰ ਪੜ੍ਹਨ ਨੂੰ ਦਿੱਤੇ ਜਾਣ
ਵਿਦਿਆਰਥੀ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਲਾਇਬ੍ਰੇਰੀਆਂ ਦੀ ਭੂਮਿਕਾ ਅਹਿਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਲਾਇਬ੍ਰੇਰੀਅਨਾਂ, ਲਾਇਬ੍ਰੇਰੀ ਅਸਿਸਟੈਂਟਾਂ, ਲਾਇਬ੍ਰੇਰੀ ਰਿਸਟੋਰਰਾਂ ਅਤੇ ਲਾਇਬ੍ਰੇਰੀ ਅਟੈਂਡੈਂਟਾਂ ਦੀ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਈ ਗਈ। ਜਿਸ ਵਿੱਚ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਤੋਂ 47, ਅੰਮ੍ਰਿਤਸਰ ਤੋਂ 85, ਤਰਨਤਾਰਨ ਤੋਂ 29, ਫਾਜ਼ਿਲਕਾ ਤੋਂ 22, ਫਿਰੋਜ਼ਪੁਰ ਤੋਂ 26, ਗੁਰਦਾਸਪੁਰ ਤੋਂ 86, ਸ੍ਰੀ ਮੁਕਤਸਰ ਸਾਹਿਬ ਤੋਂ 36 ਤੇ ਪਠਾਨਕੋਟ ਤੋਂ 26, ਬਰਨਾਲਾ ਤੋਂ 20, ਫਤਹਿਗੜ੍ਹ ਸਾਹਿਬ ਤੋਂ 23, ਲੁਧਿਆਣਾ ਤੋਂ 82, ਪਟਿਆਲਾ ਤੋਂ 65, ਰੂਪਨਗਰ ਤੋਂ 30, ਨਵਾਂ ਸ਼ਹਿਰ ਤੋਂ 24 ਅਤੇ ਸੰਗਰੂਰ ਤੋਂ 65 ਲਾਇਬ੍ਰੇਰੀ ਕਰਮਚਾਰੀਆਂ ਨੇ ਭਾਗ ਲਿਆ।
ਇਸ ਮੌਕੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਸਥਾਪਿਤ ਲਾਇਬ੍ਰੇਰੀਆਂ ਵਿੱਚ ਕੰਮ ਕਰਦੇ ਸਟਾਫ਼ ਨੂੰ ਸੂਚਨਾ ਟੈਕਨਾਲੋਜੀ ਦਾ ਗਿਆਨ ਹੋਣਾ ਜ਼ਰੂਰੀ ਹੈ। ਇਸ ਨਾਲ ਲਾਇਬ੍ਰੇਰੀਆਂ ਦੇ ਰਿਕਾਰਡ ਦੀ ਸਾਂਭ ਸੰਭਾਲ ਦਾ ਕੰਮ ਅਸਾਨ ’ਤੇ ਘੱਟ ਸਮੇਂ ਵਿੱਚ ਹੋ ਸਕੇਗਾ। ਸਕੂਲੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹਨ ਲਈ ਦੇਣ ਦੀਆਂ ਹਦਾਇਤਾਂ ਦਿੰਦਿਆਂ ਸਕੱਤਰ ਨੇ ਕਿਹਾ ਕਿ ਵਿਦਿਆਰਥੀ ਨੂੰ ਸਾਹਿਤ ਪੜ੍ਹਨ ਦੀ ਰੁਚੀ ਲਾਇਬ੍ਰੇਰੀ ਦੀ ਸਹਾਇਤਾ ਨਾਲ ਵਧਾਈ ਜਾ ਸਕਦੀ ਹੈ। ਇਸ ਨਾਲ ਵਿਦਿਆਰਥੀ ਦਾ ਭਾਸ਼ਾ ਗਿਆਨ ਤੇ ਸ਼ਬਦ ਭੰਡਾਰ ਵੀ ਵਧਦਾ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਸਟਾਫ਼ ਸਮੂਹ ਵਿਦਿਆਰਥੀਆਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਪਰਿਪੱਕ ਕਰਨ ਦੀ ਮੁਹਾਰਤ ਰੱਖਦਾ ਹੈ। ਇਸ ਲਈ ਉਹ ਲਾਇਬ੍ਰੇਰੀ ਦੀਆਂ ਕਿਤਾਬਾਂ ਦਾ ਬਾਖ਼ੂਬੀ ਸਹਾਰਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਸਟਾਫ਼ ਸਿੱਖਿਆ ਵਿਭਾਗ ਦਾ ਮਹੱਤਵਪੂਰਨ ਅੰਗ ਹਨ ਅਤੇ ਇਨ੍ਹਾਂ ਦੀ ਓਰੀਐਂਟੇਸ਼ਨ ਵਰਕਸ਼ਾਪ ਲਗਾਉਣ ਨਾਲ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਹੀ ਚੰਗੇ ਨਤੀਜੇ ਆਉਣਗੇ। ਸਿਖਲਾਈ ਵਰਕਸ਼ਾਪ ਦੌਰਾਨ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਆਂ ਦੇ ਰੱਖ-ਰਖਾਓ ਰਿਕਾਰਡ ਨੂੰ ਆਨਲਾਈਨ ਅਤੇ ਕਿਤਾਬਾਂ ਦੀ ਆਨਲਾਈਨ ਵੰਡ ਅਤੇ ਹੋਰ ਨਿਯਮਾਂ ਸਬੰਧੀ ਸਟੇਟ ਰਿਸੋਰਸ ਪਰਸਨਾਂ ਨੇ ਜਾਣਕਾਰੀ ਦਿੱਤੀ।
ਸਿੱਖਿਆ ਸਕੱਤਰ ਨੇ ਕਿਹਾ ਕਿ ਲਾਇਬ੍ਰੇਰੀ ਕਰਮਚਾਰੀ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਦੀ ਸੂਚੀ ਵੀ ਬਣਾ ਕੇ ਮੁੱਖ ਦਫ਼ਤਰ ਨੂੰ ਭੇਜਣ। ਇਸ ਤੋਂ ਇਲਾਵਾ ਅਖ਼ਬਾਰਾਂ ’ਚੋਂ ਬਾਲ ਕਹਾਣੀਆਂ ਦੀ ਕਟਿੰਗ ਕਰਕੇ ਵੀ ਮਹੀਨਾਵਾਰ ਜਾਂ ਤਿਮਾਹੀ ਰਸਾਲੇ ਤਿਆਰ ਕਰਕੇ ਵਿਦਿਆਰਥੀਆਂ ਦੇ ਪੜ੍ਹਨ ਲਈ ਰੱਖੇ ਜਾ ਸਕਦੇ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਸੰਦੀਪ ਨਾਗਰ, ਸੰਜੀਵ ਭੂਸ਼ਨ, ਸਤਪਾਲ ਭੀਖੀ, ਗੁਰਪ੍ਰੀਤ ਸਿੰਘ ਅਤੇ ਹੋਰ ਰਿਸੋਰਸ ਪਰਸਨਾਂ ਨੇ ਲਾਇਬ੍ਰੇਰੀਆਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਵਰਕਸ਼ਾਪ ਦੌਰਾਨ ਵੱਖ-ਵੱਖ ਸਕੂਲਾਂ ਤੋਂ ਆਏ ਲਾਇਬ੍ਰੇਰੀ ਸਟਾਫ਼ ਨੇ ਲਿਖਤੀ ਰੂਪ ਵਿੱਚ ਆਪਣੇ ਸੁਝਾਅ ਵੀ ਦਿੱਤੇ।