
ਕਾਨੂੰਨ ਤੋਂ ਕਿਨਾਰਾ ਕਰਨ ਵਾਲੀ ਕੰਪਨੀ ਸਕਸ਼ਮ ਇੰਟਰਪ੍ਰਾਈਜਿਜ਼ ਦਾ ਲਾਇਸੈਂਸ ਮੁਅੱਤਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮੈਸ:ਸਕਸ਼ਮ ਇੰਟਰਪ੍ਰਾਈਜ਼ੇਸ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 9 ਅਗਸਤ 2022 ਤੱਕ ਸੀ। ਇਸ ਫਰਮ ਵੱਲੋਂ ਕਾਨੂੰਨ ਦੀਆਂ ਧਾਰਾਵਾਂ ਤੋਂ ਕਿਨਾਰਾ ਕਰਨ ਤੇ ਫਰਮ ਨੂੰ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਅਗਲੇਰੇ ਦੋ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੈਸ : ਸਕਸ਼ਮ ਇੰਟਰਪ੍ਰਾਈਜ਼ੇਸ ਦੇ ਵਿਰੁੱਧ ਪ੍ਰਾਪਤ ਸ਼ਿਕਾਇਤ ਦੇ ਆਧਾਰ ਤੇ ਦਫਤਰ ਵੱਲੋਂ ਲਾਇਸੈਂਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਅਤੇ ਫਰਮ ਵੱਲੋਂ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ ਪ੍ਰੰਤੂ ਫਰਮ ਵੱਲੋਂ ਰਿਪੋਰਟ ਨਾ ਦੇਣ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਹ ਦਫ਼ਤਰ ਵਿੱਚ ਹਾਜ਼ਰ ਹੋਵੇ ਜਿਸ ਵਿੱਚ ਉਹ ਅਸਫਲ ਰਿਹਾ। ਲਾਇਸੈਂਸੀ ਵੱਲੋਂ ਲਾਇਸੈਂਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਮੈਂਸ: ਸਕਸ਼ਮ ਇੰਟਰਪ੍ਰਾਈਜ਼ੇਸ ਦਾ ਲਾਇਸੈਂਸ 25 ਅਪਰੈਲ 2022 ਤੋਂ ਅਗਲੇਰੇ 60 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਾਇਸੈਂਸੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਲਾਇਸੈਂਸ ਅਧੀਨ ਕੀਤਾ ਜਾ ਰਿਹਾ ਕੰਮ ਮੁਅੱਤਲੀ ਸਮੇਂ ਦੌਰਾਨ ਤੁਰੰਤ ਬੰਦ ਕਰ ਦੇਵੇ।