ਲਾਈਫ਼ ਕੇਅਰ ਫਾਊਂਡੇਸ਼ਨ ਵੱਲੋਂ ਪੰਜਾਬ ਦੀ 18ਵੀਂ ਚੈਰੀਟੇਬਲ ਮੈਡੀਕਲ ਲੈਬਾਰਟਰੀ ਦੀ ਸ਼ੁਰੂਆਤ

ਲੈਬਾਰਟਰੀ ਵਿੱਚ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ’ਤੇ ਮਰੀਜ਼ਾਂ ਦੇ ਟੈੱਸਟ ਕਰਨ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਸਮਾਜ ਸੇਵੀ ਸੰਸਥਾ ਲਾਈਫ਼ ਕੇਅਰ ਫਾਊਂਡੇਸ਼ਨ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ (ਹੰਸਾਲੀ ਵਾਲੇ) ਜੀ ਦੀ ਅਪਾਰ ਕਿਰਪਾ ਸਦਕਾ ਲੋਕਾਂ ਦੀ ਸਹੂਲਤ ਲਈ ਅੱਜ ਇਕ 18ਵੀਂ ਚੈਰੀਟੇਬਲ ਮੈਡੀਕਲ ਲੈਬਾਰਟਰੀ ਦੀ ਸ਼ੁਰੂਆਤ ਕੀਤੀ ਗਈ। ਲਾਈਫ਼ ਕੇਅਰ ਫਾਊਂਡੇਸ਼ਨ ਦੇ ਸੰਸਥਾਪਕ ਅਵਤਾਰ ਸਿੰਘ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਪਹਿਲਾਂ ਹੀ 17 ਚੈਰੀਟੇਬਲ ਲੈਬਾਰਟਰੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਅੱਜ ਇੱਥੇ 18ਵੀਂ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ।
ਅਵਤਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੈਡੀਕਲ ਲੈਬਾਰਟਰੀਆਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਘੱਟ ਪੈਸਿਆਂ ਵਿੱਚ ਵਧੀਆ ਮੈਡੀਕਲ ਸਹੂਲਤ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਗਰੀਬ ਲੋਕ ਲੈਬਾਰਟਰੀਆਂ ਵਿੱਚ ਟੈੱਸਟ ਮਹਿੰਗੇ ਹੋਣ ਕਰਕੇ ਅਣਗਹਿਲੀ ਕਰ ਜਾਂਦੇ ਹਨ। ਜਿਸ ਦਾ ਉਨ੍ਹਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਬਿਨਾਂ ਜਾਂਚ ਤੋਂ ਕਈ ਵਾਰ ਬੀਮਾਰੀ ਜ਼ਿਆਦਾ ਵਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਲੈਬਾਰਟਰੀ ਵਿੱਚ ਪੂਰੇ ਸਰੀਰ ਦੇ ਜ਼ਰੂਰੀ ਟੈੱਸਟ 500 ਰੁਪਏ ਵਿੱਚ ਕੀਤੇ ਜਾਣਗੇ ਜਦੋਂਕਿ ਬਾਕੀ ਟੈੱਸਟ ਜਿਵੇਂ ਕਿ ਥਾਇਰਾਇਡ, ਵਿਟਾਮਿਨ ਡੀ, ਲਿਪਿਡ ਟੈੱਸਟ ਬਾਜ਼ਾਰ ਨਾਲੋਂ ਤਿੰਨ ਗੁਣਾ ਘੱਟ ਰੇਟਾਂ ਉੱਤੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਟੈਲੀ-ਮੈਡੀਸਨ ਸੇਵਾ ਵੀ ਚਲਾਈ ਜਾ ਰਹੀ ਹੈ। ਜਿਸ ਵਿੱਚ ਮਰੀਜ਼ਾਂ ਨੂੰ ਮਾਹਰ ਡਾਕਟਰਾਂ ਵੱਲੋਂ ਉਨ੍ਹਾਂ ਦੀ ਰਿਪੋਰਟਾਂ ਦੇਖਣ ਤੋਂ ਬਾਅਦ ਡਾਕਟਰੀ ਸਲਾਹ ਵੀ ਮੁਫ਼ਤ ਵਿੱਚ ਦਿੱਤੀ ਜਾਂਦੀ ਹੈ, ਤਾਂ ਜੋ ਮਰੀਜ਼ ਆਪਣਾ ਸਹੀ ਇਲਾਜ ਕਰਵਾ ਸਕਣ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਨੁਮਾਇੰਦੇ ਸਤਿੰਦਰ ਸਿੰਘ, ਹਰਜਿੰਦਰ ਸਿੰਘ, ਤਰਲੋਚਨ ਸਿੰਘ, ਗੁਰਦੀਪ ਸਿੰਘ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ, ਰਣਜੀਤ ਸਿੰਘ, ਬਾਬਾ ਸੰਤੋਖ ਸਿੰਘ, ਅਮਰਜੀਤ ਸਿੰਘ ਚਲਾਂਗ, ਗੁਰਜੀਤ ਸਿੰਘ ਗਿੱਲ, ਮਾਨ ਸਿੰਘ, ਸਰਪੰਚ ਕਾਕਾ ਸਿੰਘ, ਗੁਰਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਵੀ ਹਾਜ਼ਰ ਸਨ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…