Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਸੀਵਰੇਜ ਨੂੰ ਸ਼ਹਿਰ ’ਚੋਂ ਬਾਹਰ ਲਿਜਾਉਣ ਲਈ ਨਵੇਂ ਸਿਰਿਓਂ ਵਿਛਾਈ ਜਾਵੇਗੀ ਮੇਨ ਲਾਈਨ: ਮੇਅਰ ਕੁਲਵੰਤ ਸਿੰਘ 22 ਕਰੋੜ ਰੁਪਏ ਨਾਲ ਬਣੇਗੀ ਨਵੀਂ ਲਾਈਨ, ਨਿਗਮ ਵੱਲੋਂ 2015 ਵਿੱਚ ਪਾਸ ਕੀਤੇ ਮਤੇ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ: ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਬਾਹਰੋਂ ਬਾਹਰ ਲੰਘਦੀ ਸੀਵਰੇਜ ਦੀ ਪੁਰਾਣੀ ਮੇਨ ਲਾਈਨ ਦੀ ਥਾਂ ਹੁਣ ਨਵੀਂ ਪਾਈਪਲਾਈਨ ਵਿਛਾਉਣ ਲਈ ਛੇਤੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰਾਜੈਕਟ ’ਤੇ ਲਗਭਗ 21 ਕਰੋੜ 90 ਲੱਖ ਰੁਪਏ ਖਰਚੇ ਜਾਣਗੇ। ਲਗਭਗ 9 ਕਿੱਲੋ ਮੀਟਰ ਲੰਮੀ ਸੀਵਰੇਜ ਲਾਈਨ ਦੀ ਉਸਾਰੀ ਹੋਣ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਗੰਦਗੀ ਅਤੇ ਸੀਵਰੇਜ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੇਅਰ ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੇਅਰ ਬਣਨ ਤੋਂ ਬਾਅਦ ਨਗਰ ਨਿਗਮ ਦੀ 18 ਸਤੰਬਰ 2015 ਨੂੰ ਹੋਈ ਪਲੇਠੀ ਮੀਟਿੰਗ ਵਿੱਚ ਨਵੀਂ ਸੀਵਰੇਜ ਦੀ ਲਾਈਨ ਪਾਉਣ ਦਾ ਮਤਾ ਪਾਸ ਕਰਕੇ ਮਨਜ਼ੂਰੀ ਲਈ ਸਰਕਾਰ ਨੂੰ ਭੇਜਿਆ ਗਿਆ ਸੀ ਲੇਕਿਨ ਹੁਣ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਫੇਜ਼-1 ਤੋਂ ਪੰਜਾਬ ਮੰਡੀ ਬੋਰਡ (ਸੈਕਟਰ-11) ਤੱਕ ਸੀਵਰੇਜ ਦੀ ਮੇਨ ਲਾਈਨ ਚਾਲੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਅਤੇ ਗੰਦਗੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ ਅਤੇ ਅਗਲੇ 50 ਸਾਲਾ ਤੱਕ ਸ਼ਹਿਰ ਵਾਸੀਆਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਪੇਸ਼ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਕਰੀਬ 40 ਸਾਲ ਪਹਿਲਾਂ ਪਾਈ ਗਈ ਸੀਵਰੇਜ ਦੀ ਮੇਨ ਲਾਈਨ ਕਾਫ਼ੀ ਪੁਰਾਣੀ ਹੋਣ ਕਾਰਨ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ। ਇਸ ਕਾਰਨ ਕਈ ਇਲਾਕਿਆਂ ਸੀਵਰੇਜ ਜਾਮ ਦੀ ਸਮੱਸਿਆ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਮਹੱਤਵਪੂਰਨ ਮਤੇ ਨੂੰ ਮਨਜ਼ੂਰੀ ਦੇਣ ਉਪਰੰਤ ਇਸ ਨਵੀਂ ਸੀਵਰੇਜ ਲਾਈਨ ਦੀ ਉਸਾਰੀ ਲਈ ਲੋੜੀਂਦੇ ਟੈਂਡਰ ਛੇਤੀ ਜਾਰੀ ਕਰ ਦਿੱਤੇ ਜਾਣਗੇ ਅਤੇ ਇਹ ਕੰਮ ਬਹੁਤ ਛੇਤੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀਵਰੇਜ ਲਾਈਨ ਦੀ ਉਸਾਰੀ ਕੇਂਦਰ ਸਰਕਾਰ ਦੇ ਅਮਰੁਤ ਮਿਸ਼ਨ ਦੀਆਂ ਗਾਈਡ ਲਾਈਨ ਅਨੁਸਾਰ ਕੀਤੀ ਜਾਣੀ ਹੈ ਅਤੇ ਇਸ ’ਤੇ ਹੋਣ ਵਾਲੇ ਖਰਚੇ ਦਾ 50 ਫੀਸਦੀ ਹਿੱਸਾ ਕੇਂਦਰ ਸਰਕਾਰ ਵੱਲੋਂ (1061.41 ਲੱਖ) ਦਿੱਤਾ ਜਾਣਾ ਹੈ। ਇਸ ਪ੍ਰਾਜੈਕਟ ਦਾ 30 ਫੀਸਦੀ (636.85) ਹਿੱਸਾ ਸੂਬਾ ਸਰਕਾਰ ਵੱਲੋਂ ਖਰਚ ਕੀਤਾ ਜਾਵੇਗਾ ਅਤੇ ਬਾਕੀ ਦੀ 20 ਫੀਸਦੀ ਰਕਮ (424.56 ਲੱਖ) ਮੁਹਾਲੀ ਨਗਰ ਨਿਗਮ ਵੱਲੋਂ ਖ਼ਰਚੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਸ਼ਹਿਰ ਦੇ ਸੀਵੇਰਜ ਨੂੰ ਸੈਕਟਰ-65ਏ ਨੇੜੇ ਮੇਨ ਲਾਈਨ ਵਿੱਚ ਸੁੱਟਿਆ ਜਾਵੇਗਾ। ਜਿਸ ਨੂੰ ਅੱਗੇ ਸ਼ਹਿਰੀ ਆਬਾਦੀ ਤੋਂ ਪਿੱਛੇ ਹਟ ਕੇ ਸੈਕਟਰ-83 ਵਿੱਚ ਵਾਟਰ ਟਰੀਟਮੈਂਟ ਪਲਾਂਟ ਤੱਕ ਲਿਜਾਇਆ ਜਾਵੇਗਾ ਅਤੇ ਟਰੀਟ ਹੋਏ ਪਾਣੀ ਨੂੰ ਸੜਕ ਕਿਨਾਰੇ ਖੜੇ ਰੁੱਖਾਂ ਅਤੇ ਗਰੀਨ ਬੈਲਟਾਂ ਵਿੱਚ ਫੁੱਲ ਪੌਦਿਆਂ ਅਤੇ ਹੋਰ ਸਿੰਜਾਈ ਕਾਰਜਾਂ ਲਈ ਵਰਤਿਆਂ ਜਾਵੇਗਾ। ਮੇਅਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫੇਜ਼-11, ਸੈਕਟਰ-68 ਸਥਿਤ ਪਿੰਡ ਕੁੰਭੜਾ ਅਤੇ ਹੋਰਨਾਂ ਇਲਾਕਿਆਂ ਵਿੱਚ ਵਾਟਰ ਸਪਲਾਈ ਦੀਆਂ ਪੁਰਾਣੀਆਂ ਕੰਡਮ ਹੋ ਚੁੱਕੀਆਂ ਪਾਈਪਲਾਈਨਾਂ ਨੂੰ ਬਦਲ ਕੇ ਨਵੀਆਂ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਸਬੰਧਤ ਇਲਾਕਿਆਂ ਵਿੱਚ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਨਵੇਂ ਸੈਕਟਰਾਂ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਵਿੱਚ ਗਮਾਡਾ ਤੋਂ ਵਾਟਰ ਸਪਲਾਈ ਦਾ ਕੰਮ ਨਿਗਮ ਅਧੀਨ ਲੈ ਕੇ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਨੂੰ ਸਸਤੇ ਭਾਅ ’ਤੇ ਪੀਣ ਵਾਲਾ ਪਾਣੀ ਮੁਹੱਈਆ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ