
ਦੀਵੇ ਥੱਲੇ ਹਨੇਰਾ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਂਝ ਕੇਂਦਰ ਦੇ ਬਾਹਰ ਲੱਗੀ ਲੋਕਾਂ ਦੀ ਭੀੜ
ਐਸਐਸਪੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਂਝ ਕੇਂਦਰਾਂ ਵਿੱਚ ਭੀੜ ਵਧਣ ਦਾ ਲਿਆ ਸਖ਼ਤ ਨੋਟਿਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਜਾਰੀ ਲੌਕਡਾਊਨ ਵਿੱਚ ਢਿੱਲ ਮਿਲਦਿਆਂ ਹੀ ਅੱਜ ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਂਝ ਕੇਂਦਰ ਦੇ ਬਾਹਰ ਆਪੋ ਆਪਣੇ ਕੰਮਾਂ ਕਾਰਾਂ ਲਈ ਆਏ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਜਿਸ ਕਾਰਨ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਅਨਲੌਕ 1.0 ਦੇ ਪਹਿਲੇ ਦਿਨ ਲੋਕ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਸੁਵਿਧਾ ਕੇਂਦਰ ਅਤੇ ਸਾਂਝ ਕੇਂਦਰਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ। ਸੋਸ਼ਲ ਮੀਡੀਆ ’ਤੇ ਲੋਕਾਂ ਦੀ ਭੀੜ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ ਲੋਕਾਂ ਨੂੰ ਫਿਜ਼ੀਕਲ ਦੂਰੀ ਬਣਾ ਕੇ ਰੱਖਣ ਅਤੇ ਇਕ ਥਾਂ ’ਤੇ ਜ਼ਿਆਦਾ ਇਕੱਠੇ ਨਾ ਹੋਣ ਦੀ ਅਪੀਲ ਕੀਤੀ।
ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲੀਸ ‘ਮਿਸ਼ਨ ਫਤਿਹ’ ਦੇ ਇਕ ਸਭ ਤੋਂ ਮਹੱਤਵਪੂਰਨ ਉਦੇਸ਼ ਭਾਵ ਮਾਸਕ ਪਾਉਣ ਅਤੇ ਫਿਜ਼ੀਕਲ ਦੂਰੀ ਰੱਖਣ ਲਈ ਵਡਮੱੁਲੀ ਸੇਵਾ ਨਿਭਾ ਰਹੀ ਹੈ। ਢੁਕਵੇਂ ਮਾਸਕ ਨਾ ਪਾਉਣ ਵਾਲਿਆਂ, ਫਿਜ਼ੀਕਲ ਦੂਰੀ ਬਣਾ ਕੇ ਨਾ ਰੱਖਣ ਵਾਲਿਆਂ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ 20 ਮਈ ਤੋਂ ਹੁਣ ਤੱਕ ਸਮੁੱਚੇ ਜ਼ਿਲ੍ਹੇ ਅੰਦਰ 2021 ਚਲਾਨ ਕੀਤੇ ਗਏ ਹਨ। ਇਨ੍ਹਾਂ ਵਿੱਚ ਮਾਸਕ ਨਾ ਪਾਉਣ ਲਈ 1977 ਚਲਾਨ, ਜਨਤਕ ਥਾਵਾਂ ’ਤੇ ਥੁੱਕਣ ਦੇ 43 ਚਲਾਨ ਅਤੇ ਫਿਜ਼ੀਕਲ ਦੂਰੀ ਨਾ ਬਣਾ ਕੇ ਰੱਖਣ ਦਾ 1 ਚਲਾਨ ਕੀਤਾ ਗਿਆ ਹੈ। ਇਨ੍ਹਾਂ ਚਲਾਨਾਂ ਨਾਲ ਸਰਕਾਰ ਨੂੰ 5 ਲੱਖ 78 ਹਜ਼ਾਰ 700 ਰੁਪਏ ਦੀ ਰਕਮ ਇਕੱਤਰ ਹੋਈ ਹੈ।
ਜ਼ਿਲ੍ਹਾ ਪੁਲੀਸ ਨੇ ਸਾਂਝ ਕੇਂਦਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋਣ ਦਾ ਗੰਭੀਰ ਨੋਟਿਸ ਲਿਆ। ਪਰ ਸਜ਼ਾ ਦੀ ਬਜਾਏ ਇਸ ਘਟਨਾ ਪ੍ਰਤੀ ਸੁਧਾਰਾਤਮਿਕ ਨਜ਼ਰੀਆ ਅਪਣਾਇਆ ਗਿਆ, ਕਿਉਂਕਿ ਇਹ ਅਨਲੌਕ 1.0 ਤੋਂ ਬਾਅਦ ਪਹਿਲੀ ਵਾਰ ਹੋਇਆ ਸੀ। ਪੁਲੀਸ ਨੇ ਸ਼ਾਂਤੀ ਨਾਲ ਲੋਕਾਂ ਨੂੰ ਫਿਜ਼ੀਕਲ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਫਿਜ਼ੀਕਲ ਦੂਰੀ ਕਾਇਮ ਰੱਖਣ ਲਈ ਵਾਧੂ ਅਮਲਾ ਤਾਇਨਾਤ ਕੀਤਾ ਜਾਵੇਗਾ।