ਲਾਇਨਜ਼ ਕਲੱਬ ਵੱਲੋਂ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਲਈ ਹੀਟਰ ਦਾਨ
ਐਸਐਮਓ ਡਾ. ਚੀਮਾ ਨੇ ਕੀਤੀ ਲਾਇਨਜ਼ ਕਲੱਬ ਤੇ ਮੂਨ ਲਾਈਟ ਫ਼ਿਲਮ ਸਿਟੀ ਦੇ ਉਪਰਾਲੇ ਦੀ ਸ਼ਲਾਘਾ
ਨਬਜ਼-ਏ-ਪੰਜਾਬ, ਮੁਹਾਲੀ, 21 ਜਨਵਰੀ:
ਲਾਇਨਜ਼ ਕਲੱਬ ਮੁਹਾਲੀ ਸੁਪਰੀਮ ਅਤੇ ਮੂਨ ਲਾਈਟ ਫ਼ਿਲਮ ਸਿਟੀ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਮਰੀਜ਼ਾਂ ਦੀ ਸਹੂਲਤ ਲਈ ਹੀਟਰ (ਬਲੋਅਰ) ਦਾਨ ਕੀਤੇ ਗਏ। ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਐਚਐਸ ਚੀਮਾ ਅਤੇ ਡਾ. ਵਿਜੈ ਭਗਤ ਨੇ ਲਾਇਨਜ਼ ਕਲੱਬ ਅਤੇ ਮੂਨ ਲਾਈਟ ਫ਼ਿਲਮ ਸਿਟੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰੀ ਹਸਪਤਾਲਾਂ ਅਤੇ ਮਰੀਜ਼ਾਂ ਲਈ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਡਾ. ਚੀਮਾ ਨੇ ਕਿਹਾ ਕਿ ਲਾਇਨਜ਼ ਕਲੱਬ ਮੁਹਾਲੀ ਅਤੇ ਮੂਨ ਲਾਈਟ ਫ਼ਿਲਮ ਸਿਟੀ ਨੇ ਹੱਡ ਚੀਰਵੀਂ ਠੰਢ ਦੇ ਮੌਸਮ ਵਿੱਚ ਲੋੜਵੰਦ ਮਰੀਜ਼ਾਂ ਦੀ ਲੋੜ ਨੂੰ ਸਮਝਦਿਆਂ ਹੋਏ ਹੀਟਰ (ਬਲੋਅਰ) ਦਾਨ ਕੀਤੇ ਗਏ ਹਨ। ਉਨ੍ਹਾਂ ਉਮੀਦ ਕੀਤੀ ਕਿ ਭਵਿੱਖ ਵਿੱਚ ਵੀ ਅਜਿਹੀਆਂ ਸੰਸਥਾਵਾਂ ਸਰਕਾਰ ਹਸਪਤਾਲ ਦੀਆਂ ਜ਼ਰੂਰਤਾਂ ਮੁਤਾਬਕ ਯੋਗਦਾਨ ਦਿੰਦੇ ਰਹਿਣਗੇ।
ਇਸ ਮੌਕੇ ਲਾਇਨਜ਼ ਕਲੱਬ ਦੇ ਜ਼ੋਨ ਚੇਅਰਪਰਸਨ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਨੇ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਹੀ ਸਮਾਜ ਸੇਵੀ ਗਤੀਵਿਧੀਆਂ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਲੋੜਵੰਦਾਂ ਦੀ ਮਦਦ ਲਈ ਅਜਿਹੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਰਣਜੀਤ ਰਾਣਾ, ਸਤਵਿੰਦਰ ਸਿੰਘ ਧੜਾਕ, ਨਿਰੰਜਨ ਸਿੰਘ ਲਹਿਲ, ਕੁਲਵੰਤ ਗਿੱਲ ਤੇਜਿੰਦਰ ਕੌਰ, ਰਵਿੰਦਰ ਰਵੀ ਅਤੇ ਹੋਰ ਮੈਂਬਰ ਹਾਜ਼ਰ ਸਨ।