ਲਾਇਨਜ਼ ਕਲੱਬ ਮੁਹਾਲੀ ਨੇ ਜ਼ਿਲ੍ਹਾ ਟਰੈਫ਼ਿਕ ਪੁਲੀਸ ਨੂੰ ਸੌਂਪੇ ਅਤਿ ਆਧੁਨਿਕ ਬੈਟਨਜ਼

ਰਾਤ ਵੇਲੇ ਟਰੈਫ਼ਿਕ ਪ੍ਰਬੰਧ ਸੁਚਾਰੂ ਰੂਪ ਵਿੱਚ ਚਲਾਉਣ ਲਈ ਹੋਣਗੇ ਮਦਦਗਾਰ

ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਕੀਤਾ ਲਾਇਨਜ਼ ਕਲੱਬ ਦਾ ਧੰਨਵਾਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਟਰੈਫ਼ਿਕ ਪ੍ਰਬੰਧ ਨੂੰ ਹੋਰ ਸੁਚਾਰੂ ਰੂਪ ਵਿੱਚ ਚਲਾਉਣ ਦੇ ਮੱਦੇਨਜ਼ਰ ਲਾਇਨਜ਼ ਕਲੱਬ ਮੁਹਾਲੀ ਵੱਲੋਂ ਅੱਜ ਜ਼ਿਲ੍ਹਾ ਟਰੈਫ਼ਿਕ ਪੁਲੀਸ ਨੂੰ ਅਤਿ-ਆਧੁਨਿਕ ਰਾਤ ਨੂੰ ਜਗਣ ਵਾਲੇ ਬੈਟਨਜ਼ (ਟਰੈਫ਼ਿਕ ਟਾਰਚ) ਦਿੱਤੇ ਗਏ ਹਨ, ਜੋ ਖਾਸ ਤੌਰ ’ਤੇ ਰਾਤ ਸਮੇਂ ਟਰੈਫ਼ਿਕ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦਗਾਰ ਸਿੱਧ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਦੇ ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਇਨਜ਼ ਕਲੱਬ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਹੈਰੀ ਵੀ ਹਾਜ਼ਰ ਸਨ।
ਐਸਪੀ ਕਲੇਰ ਨੇ ਦੱਸਿਆ ਕਿ ਕਈ ਵਾਰ ਰਾਤ ਨੂੰ ਜਾਮ ਲੱਗਣ ਮੌਕੇ ਟਰੈਫ਼ਿਕ ਨੂੰ ਡਾਇਵਰਟ ਕਰਨ ਵੇਲੇ ਆਮ ਬੈਟਨਜ਼ ਦੀ ਵਰਤੋਂ ਨਾਲ ਕਈ ਪ੍ਰਕਾਰ ਦੀਆਂ ਦਿੱਕਤਾਂ ਆਉਂਦੀਆਂ ਸਨ ਪਰ ਇਨ੍ਹਾਂ ਬੈਟਨਜ਼ ਵਿੱਚ ਵਿਸ਼ੇਸ਼ ਲਾਈਟਾਂ ਲੱਗੀਆਂ ਹੋਈਆਂ ਹਨ ਅਤੇ ਇਹ ਬੈਟਨਜ਼ ਦੂਰੋਂ ਚਮਕਦੇ ਹਨ, ਜਿਸ ਨਾਲ ਜਿੱਥੇ ਟਰੈਫ਼ਿਕ ਨੂੰ ਸੁਚਾਰੂ ਰੂਪ ਵਿੱਚ ਚਲਾਉਣਾ ਸੌਖਾ ਹੋ ਜਾਂਦਾ ਹੈ, ਉੱਥੇ ਸੜਕ ਹਾਦਸੇ ਵਾਪਰਨ ਦਾ ਖ਼ਦਸ਼ਾ ਵੀ ਘੱਟ ਜਾਂਦਾ ਹੈ। ਉਨ੍ਹਾਂ ਨੇ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਨੇ ਹਮੇਸ਼ਾ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾਇਆ ਹੈ। ਇਸ ਤੋਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਸੇਧ ਲੈਣੀ ਚਾਹੀਦੀ ਹੈ।
ਐਸਪੀ ਨੇ ਦੱਸਿਆ ਕਿ ਟਰੈਫ਼ਿਕ ਪੁਲੀਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਸਥਿਤ ਆਰਟੀਏ ਦਫ਼ਤਰ ਵਿਖੇ ਚਲਾਨ ਭੁਗਤਨ ਆਉਂਦੇ ਲੋਕਾਂ ਅਤੇ ਵੱਖ-ਵੱਖ ਵਾਹਨ ਯੂਨੀਅਨਾਂ ਵਿਖੇ ਜਾ ਕੇ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਆਪਣੇ ਵਾਹਨ ਸੜਕ ਤੇ ਖੜੇ ਕਰਨ ਦੀ ਬਜਾਏ ਵਾਹਨਾਂ ਦੀ ਸਹੀ ਪਾਰਕਿੰਗ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ।

ਇਸ ਦੇ ਨਾਲ ਨਾਲ ਵਾਹਨਾਂ ਤੇ ਰਿਫਲੈਕਟਿੰਗ ਟੇਪ ਵੀ ਲਗਾਈ ਜਾਂਦੀ ਹੈ ਤੇ ਡਰਾਈਵਰਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਸਬੰਧੀ ਵੱਧ ਰਹੇ ਜੁਰਮਾਨਿਆਂ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਅੰਡਰ ਏਜ ਬੱਚਿਆਂ ਵੱਲੋਂ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਖੱਬੇ ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ ਵੀ ਲਗਾਤਾਰ ਜਾਗਰੂਕ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਲੋਕਾਂ ਨੂੰ ਕਰੋਨਾ ਤੋਂ ਬਚਾਅ ਬਾਰੇ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਮੈਂਬਰ ਜੇਐਸ ਰਾਹੀ, ਜਸਵਿੰਦਰ ਸਿੰਘ, ਤਰਨਜੋਤ ਸਿੰਘ, ਅਮਨਦੀਪ ਗੁਲਾਟੀ, ਬਲਜਿੰਦਰ ਤੁਰ, ਅਮਿਤ ਨਰੂਲਾ, ਕੁਲਦੀਪ ਸਿੰਘ ਚੱਠਾ, ਗੋਵਿੰਦ ਚਾਹਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…