
ਲਾਇਨਜ਼ ਕਲੱਬ ਨੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਵਿੱਚ ‘ਯੁਵਾ ਸੰਵਾਦ’ ਪ੍ਰੋਗਰਾਮ ਕਰਵਾਇਆ
2047 ਤੱਕ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਸਾਰੇ ਸਾਥ ਦੇਣ: ਆਰਐਸ ਕਾਹਲੋਂ
ਪੂਰੇ ਵਿਸ਼ਵ ਦੀ 46 ਫ਼ੀਸਦੀ ਡਿਜੀਟਲ ਟਰਾਂਜੈਕਸ਼ਨ ਕਰਦਾ ਹੈ ਭਾਰਤ: ਸੰਜੀਵ ਵਸ਼ਿਸ਼ਟ
ਨਬਜ਼-ਏ-ਪੰਜਾਬ, ਮੁਹਾਲੀ, 8 ਅਗਸਤ:
ਲਾਇਨਜ਼ ਕਲੱਬ ਮੁਹਾਲੀ ਸੁਪਰੀਮ ਵੱਲੋਂ ਇੱਥੋਂ ਦੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ‘ਯੁਵਾ ਸੰਵਾਦ’ ਪ੍ਰੋਗਰਾਮ ਕਰਵਾਇਆ। ਭਾਜਪਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਤੇ ਉੱਘੇ ਸਨਅਤਕਾਰ ਸੰਜੀਵ ਵਸ਼ਿਸ਼ਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਬ੍ਰਿਗੇਡੀਅਰ (ਸੇਵਾਮੁਕਤ) ਆਰਐਸ ਕਾਹਲੋਂ ਅਤੇ ਲਾਇਨਜ਼ ਕਲੱਬ ਦੇ ਖੇਤਰੀ ਚੇਅਰਮੈਨ ਬਲਦੇਵ ਨਾਰੰਗ ਨੇ ਕੀਤੀ।
ਪ੍ਰੋਗਰਾਮ ਦਾ ਆਗਾਜ਼ ਸ਼ਮਾਂ ਰੌਸ਼ਨ ਕਰਨ ਨਾਲ ਹੋਇਆ। ਉਪਰੰਤ ਲਾਇਨਜ਼ ਕਲੱਬ ਦੀ ਪ੍ਰਧਾਨ ਜਗਜੀਤ ਕੌਰ ਕਾਹਲੋਂ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਮੈਨੇਜਮੈਂਟ ਦਾ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ’ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ। ਨਹਿਰੂ ਯੁਵਾ ਕੇਂਦਰ ਦੇ ਡਾਇਰੈਕਟਰ ਪਰਮਜੀਤ ਸਿੰਘ ਨੇ 2047 ਦੇ ਭਾਰਤ ਦੇ ਵਿਕਾਸ-ਬਣਤਰ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ।
‘ਯੁਵਾ ਸੰਵਾਦ’ ਅਤੇ ਪੰਚ-ਪ੍ਰਾਣ ਪ੍ਰੋਗਰਾਮ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਬ੍ਰਿਗੇਡੀਅਰ ਆਰਐਸ ਕਾਹਲੋਂ ਨੇ ਦੱਸਿਆ ਕਿ 1947 ਨੂੰ ਭਾਵੇਂ ਦੇਸ਼ ਆਜ਼ਾਦ ਹੋ ਗਿਆ ਸੀ ਪਰ ਜਿਹੜੇ ਆਜ਼ਾਦ ਭਾਰਤ ਦਾ ਸੁਫ਼ਨਾ ਆਜ਼ਾਦੀ ਦੇ ਪਰਵਾਨਿਆਂ ਨੇ ਦੇਖਿਆ ਸੀ ਉਹ ਹਾਲੇ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਅਗਲੇ 24 ਸਾਲਾਂ ਦੌਰਾਨ (2047 ਤੱਕ) ਬਸਤੀਵਾਦੀ ਮਾਨਸਿਕਤਾ ਅਤੇ ਰੂੜ੍ਹੀਵਾਦੀ ਵਿਚਾਰਾਂ ਤੋਂ ਆਜ਼ਾਦ ਕਰਕੇ ਨਵੀਂ ਸੋਚ ਦੇ ਭਾਰਤ ਦਾ ਆਗਾਜ਼ ਕਰਨ ਦਾ ਸੁਫ਼ਨਾ ਦੇਖਿਆ ਹੈ ਅਤੇ ਨੌਜਵਾਨਾਂ ਨੂੰ ਇਸ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਉਦਾਰਵਾਦੀ ਮੁੱਲਾਂ ਨੂੰ ਉੱਚਾ ਚੁੱਕਣ ਲਈ ਨੌਜਵਾਨਾਂ ਨੂੰ ਇੱਕਜੱੁਟ ਹੋਣ ਲਈ ਪ੍ਰੇਰਿਆ ਹੈ।
ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਮਹਿਮਾਨਾਂ ਅਤੇ ਵਿਦਿਆਰਥਣਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਜਾਰੀ ਪੰਜ ਪ੍ਰਤਿੱਗਿਆਵਾਂ ਕਰਵਾ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਸਹੁੰ ਚੁਕਾਈ। ਉਨ੍ਹਾਂ ਨੇ ਉਦਯੋਗਿਕ ਕ੍ਰਾਂਤੀ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਜਦੋਂ ਡਿਜੀਟਲ ਟਰਾਂਜੈਕਸ਼ਨ ਦੀ ਗੱਲਬਾਤ ਹੁੰਦੀ ਹੈ ਤਾਂ ਭਾਰਤ ਪੂਰੀ ਦੁਨੀਆਂ ਵਿੱਚ ਪਹਿਲੇ ਸਥਾਨ ’ਤੇ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਦੀ ਖੋਜ ਤੋਂ ਲੈ ਕੇ ਦੂਜੇ ਮੁਲਕਾਂ ਨੂੰ ਮੁਫ਼ਤ ਵੰਡਣ ਦਾ ਸਿਹਰਾ ਵੀ ਭਾਰਤ ਸਿਰ ਹੀ ਬੱਝਦਾ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਸਕੱਤਰ ਸਤਵਿੰਦਰ ਸਿੰਘ ਧੜਾਕ, ਜ਼ੋਨ ਚੇਅਰਮੈਨ ਤਿਲਕ ਰਾਜ, ਹਰਿੰਦਰਪਾਲ ਸਿੰਘ ਹੈਰੀ, ਵਿਨੋਦ ਕੁਮਾਰ, ਅਸ਼ੋਕ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ।