ਪੰਜਾਬ ਦੀ ਨਵੀਂ ਆਬਕਾਰੀ ਨੀਤੀ ਖ਼ਿਲਾਫ਼ ਸੜਕਾਂ ’ਤੇ ਉਤਰੇ ਸ਼ਰਾਬ ਦੇ ਠੇਕੇਦਾਰ

ਮੁਹਾਲੀ ਸਥਿਤ ਆਬਕਾਰੀ ਕਮਿਸ਼ਨਰ ਦਫ਼ਤਰ ਦੇ ਬਾਹਰ ਦਿੱਤਾ ਧਰਨਾ, ਨਾਅਰੇਬਾਜ਼ੀ

ਆਬਕਾਰੀ ਵਿਭਾਗ ਦੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਨੇ ਹਾਸਲ ਕੀਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਦੇ ਖ਼ਿਲਾਫ਼ ਹੁਣ ਸ਼ਰਾਬ ਤੇ ਵਾਈਨ ਠੇਕੇਦਾਰ ਵੀ ਸੜਕਾਂ ’ਤੇ ਉਤਰ ਆਏ ਹਨ। ਪੰਜਾਬ ਭਰ ਦੇ ਸ਼ਰਾਬ ਦੇ ਠੇਕੇਦਾਰਾਂ ਨੇ ਅੱਜ ਇੱਥੋਂ ਦੇ ਸੈਕਟਰ-69 ਸਥਿਤ ਆਬਕਾਰੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਨਵੀਂ ਸ਼ਰਾਬ ਨੀਤੀ ਨੂੰ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਨਵੀਂ ਸ਼ਰਾਬ ਨੀਤੀ ਆਮ ਆਦਮੀ ਲਈ ਨਹੀਂ ਬਲਕਿ ਖ਼ਾਸ ਆਦਮੀਆਂ ਲਈ ਬਣਾਈ ਗਈ ਹੈ।
ਇਸ ਮੌਕੇ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਬਿੰਦਰ ਬਰਾੜ, ਅਨਿਲ ਮਹਾਜਨ, ਗੌਰਵ ਜੈਨ, ਹਰਜੀਤ ਸਿੰਘ ਢਿੱਲੋਂ, ਕੁਲਬੀਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਸ਼ਰਾਬ ਸਸਤੀ ਕਰਨ ਦੇ ਖ਼ਿਲਾਫ਼ ਨਹੀਂ ਹਨ, ਸ਼ਰਾਬ ਜ਼ਰੂਰ ਸਸਤੀ ਹੋਣੀ ਚਾਹੀਦੀ ਹੈ ਪਰ ਮਿਥ ਕੇ ਸ਼ਰਾਬ ਠੇਕੇਦਾਰਾਂ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਨਵੀਂ ਸ਼ਰਾਬ ਨੀਤੀ ਵਿੱਚ ਬਹੁਤ ਸਾਰੀਆਂ ਖ਼ਾਮੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਕਿਉਰਿਟੀ ਫੀਸ 7 ਕਰੋੜ ਰੁਪਏ ਰੱਖੀ ਗਈ ਹੈ, ਜੋ ਠੇਕੇਦਾਰਾਂ ਲਈ ਦੇਣਾ ਮੁਸ਼ਕਲ ਹੈ। ਉਨ੍ਹਾਂ ਮੰਗ ਕੀਤੀ ਕਿ ਸਕਿਉਰਿਟੀ ਰਾਸ਼ੀ 17 ਫੀਸਦੀ ਤੋਂ ਘਟਾ ਕੇ 10 ਫੀਸਦੀ ਕੀਤੀ ਜਾਵੇ ਅਤੇ ਇਸ ਨੂੰ ਲਾਇਸੈਂਸ ਦਾ ਹਿੱਸਾ ਮੰਨਿਆ ਜਾਵੇ। ਠੇਕੇਦਾਰਾਂ ਨੇ ਕਿਹਾ ਕਿ ਲਾਇਸੈਂਸ ਫੀਸ ਮਹੀਨੇ ਦੇ ਅਖੀਰ ਵਿੱਚ ਲਈ ਜਾਵੇ, ਜੋ ਠੇਕੇਦਾਰ ਫੀਸ ਨਹੀਂ ਦਿੰਦਾ, ਉਨ੍ਹਾਂ ਨੂੰ ਅਗਲੇ ਮਹੀਨੇ ਦੀ 15 ਤਰੀਕ ਤੱਕ ਮੋਹਲਤ ਦਿੱਤੀ ਜਾਵੇ। ਦੇਸੀ ਸ਼ਰਾਬ ਦੀ ਤਰਜ਼ ’ਤੇ ਅੰਗਰੇਜ਼ੀ ਅਤੇ ਬੀਅਰ ਦਾ ਕੋਟਾ ਫਿਕਸ ਕੀਤਾ ਜਾਵੇ। ਪਿਛਲੇ ਸਾਲ ਦੀ ਤਰਜ਼ ਐਲ-1 ਦੀ ਫੀਸ 25 ਲੱਖ ਰੁਪਏ ਕੀਤੀ ਜਾਵੇ। ਗਰੁੱਪ ਸਾਈਜ਼ 30 ਕਰੋੜ ਤੋਂ ਘਟਾ ਕੇ 8 ਤੋਂ 10 ਕਰੋੜ ਕੀਤਾ ਜਾਵੇ। ਈ-ਟੈਂਡਰਿੰਗ ਦੀ ਥਾਂ ਲਾਟਰੀ ਸਿਸਟਮ ਰਾਹੀਂ ਠੇਕੇ ਅਲਾਟ ਕੀਤੇ ਜਾਣ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਹੁਣ ਲਗਪਗ 40 ਕਰੋੜ ਦਾ ਵੱਡਾ ਸਰਕਲ ਬਣਾ ਕੇ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਦੀ ਯੋਜਨਾ ਘੜੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ਰਾਬ ਦਾ ਕੋਟਾ ਫਿਕਸ ਹੁੰਦਾ ਸੀ ਪਰ ਹੁਣ ਸਰਕਾਰ ਨੇ ਕੋਟਾ ਓਪਨ ਕਰ ਦਿੱਤਾ ਹੈ। ਇਸ ਨਾਲ ਠੇਕੇਦਾਰਾਂ ਨੂੰ ਕਾਫ਼ੀ ਨੁਕਸਾਨ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਨਵੀਂ ਨੀਤੀ ਵਿੱਚ ਸਰਕ ਛੋਟੇ ਕੀਤੇ ਜਾਣ ਅਤੇ ਸੱਤ ਕਰੋੜ ਸਕਿਉਰਿਟੀ ਦੀ ਸ਼ਰਤ ਖ਼ਤਮ ਕੀਤੀ ਜਾਵੇ। ਧਰਨੇ ਨੂੰ ਬਨੀਤ ਨਵਾਂ ਸ਼ਹਿਰ, ਸਰਤਾਜ ਬਾਜਵਾ, ਰਾਕੇਸ਼ ਕੁਮਾਰ, ਪਰਦੀਪ ਕੁਮਾਰ ਦਸੂਹਾ, ਨਰੇਸ਼ ਰਾਣਾ ਮੁਹਾਲੀ, ਸੱਜਣ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਨਵਾਂ ਸ਼ਹਿਰ, ਹਰਦੇਵ ਸਿੰਘ ਸਠਿਆਲਾ, ਚਰਨਜੀਤ ਸਿੰਘ ਗੁਰਦਾਸਪੁਰ ਅਤੇ ਅਮਿਤ ਕੁਮਾਰ ਰੂਪਨਗਰ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਆਬਕਾਰੀ ਵਿਭਾਗ ਦੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਨੇ ਧਰਨਾ ਦੇ ਰਹੇ ਸ਼ਰਾਬ ਦੇ ਠੇਕੇਦਾਰਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ ਅਤੇ ਉਸ ਨੂੰ ਪੰਜਾਬ ਸਰਕਾਰ ਕੋਲ ਪੁੱਜਦਾ ਕਰਨ ਸਮੇਤ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਇਸ ਮਗਰੋਂ ਠੇਕੇਦਾਰਾਂ ਨੇ ਧਰਨਾ ਚੁੱਕ ਲਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…