Nabaz-e-punjab.com

ਸਿੰਡੀਕੇਟ ਰਾਹੀਂ ਸ਼ਰਾਬ ਮਾਫ਼ੀਆ ਗ੍ਰਾਹਕਾਂ ਦੀ ਦੋਵੇਂ ਹੱਥਾਂ ਨਾਲ ਕਰ ਰਿਹਾ ਲੁੱਟ

ਵਿਆਹ ਪਾਰਟੀ ਲਈ ਸ਼ਰਾਬ ਦੀ ਖਰੀਦ ਲਈ ਗ੍ਰਾਹਕ ਨੂੰ ਹੀ ਜ਼ਿੰਮੇਵਾਰ ਸਮਝਿਆ ਜਾਵੇ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਮੈਰਿਜ ਪੈਲੇਸਾਂ ਵਿੱਚ ਵਿਆਹ ਅਤੇ ਹੋਰਨਾਂ ਖ਼ੁਸ਼ੀ ਦੇ ਸਮਾਗਮਾਂ ਵਿੱਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਖਰੀਦਦਾਰਾਂ ਤੋਂ ਸ਼ਰਾਬ ਮਾਫ਼ੀਆ ਵੱਲੋਂ ਰੇਟਾਂ ਤੋਂ ਵੱਧ ਕੀਮਤ ਵਸੂਲੀ ਕਰਕੇ ਖਰੀਦਦਾਰਾਂ ਦੀ ਕਥਿਤ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਮਾਫ਼ੀਆ ਦੀ ਇਸ ਲੁੱਟ ਨਾਲ ਵਧੇਰੇ ਕਰਕੇ ਪੰਜਾਬ ਦੇ ਮੈਰਿਜ ਪੈਲੇਸ ਮਾਲਿਕ ਪ੍ਰਭਾਵਿਤ ਹੋ ਰਹੇ ਹਨ। ਜਿਨ੍ਹਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਅੱਜ ਇੱਥੇ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਮੈਰਿਜ ਪੈਲੇਸ ਐਂਡ ਰਿਜ਼ੋਰਟ ਐਸੋਸੀਏਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ, ਹਰਮੇਲ ਸਿੰਘ ਧਾਲੀਵਾਲ, ਰਮਨ ਖੰਨਾ ਅਤੇ ਜੇਐਸ ਰਿਖੀ ਨੇ ਦੱਸਿਆ ਕਿ ਸ਼ਰਾਬ ਦੇ ਮਾਮਲੇ ਵਿੱਚ ਹੋ ਰਹੀ ਲੁੱਟ ਸਬੰਧੀ ਐਸੋਸੀਏਸ਼ਨ ਵੱਲੋਂ ਕਰ ਤੇ ਆਬਕਾਰੀ ਕਮਿਸ਼ਨਰ ਪੰਜਾਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਸ਼ਰਾਬ ਦੇ ਵੱਖੋ ਵੱਖਰੇ ਰੇਟਾਂ ਬਾਰੇ ਜਾਣਕਾਰੀ ਦਿੰਦਿਆਂ ਇਹ ਲੁੱਟ ਬੰਦ ਕਰਵਾਉਣ ਦੀ ਮੰਗ ਕੀਤੀ ਹੈ।
ਮੁਹਾਲੀ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਕਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਜਦੋਂ ਕੋਈ ਵੀ ਵਿਅਕਤੀ ਮੈਰਿਜ ਪੈਲੇਸ ਵਿੱਚ ਵਿਆਹ ਸ਼ਾਦੀ ਜਾਂ ਹੋਰ ਪਾਰਟੀ ਕਰਵਾਉਣ ਲਈ ਸ਼ਰਾਬ ਵਰਤਾਉਂਦਾ ਹੈ ਤਾਂ ਉਸ ਦੇ ਪ੍ਰੋਗਰਾਮ ਵਿਚ ਆ ਸ਼ਰਾਬ ਮਾਫ਼ੀਆ ਦੇ ਪ੍ਰਾਈਵੇਟ ਬੰਦੇ ਇਸ ਗੱਲ ਕਰਕੇ ਜ਼ਬਰਦਸਤੀ ਲੜਾਈ ਝਗੜਾ ਕਰਦੇ ਹਨ ਕਿਉਂਕਿ ਉਹ ਸ਼ਰਾਬ ਉਨ੍ਹਾਂ ਦੀ ਸਿੰਡੀਕੇਟ ਕੋਲੋਂ ਨਹੀਂ ਖਰੀਦੀ ਗਈ। ਉਨ੍ਹਾਂ ਦੱਸਿਆ ਕਿ ਸ਼ਰਾਬ ਮਾਫ਼ੀਆ ਦੇ ਪ੍ਰਾਈਵੇਟ ਬੰਦੇ ਸ਼ਰਾਬ ਦੇ ਜਿਸ ਠੇਕੇ ਜਾਂ ਗੋਦਾਮ ਤੋਂ ਸ਼ਰਾਬ ਦੀਆਂ ਪੇਟੀਆਂ ਖਰੀਦਣ ਦੀ ਗੱਲ ਕਰਦੇ ਹਨ, ਉਥੇ ਸ਼ਰਾਬ ਦਾ ਰੇਟ 40 ਤੋਂ 50 ਪ੍ਰਤੀਸ਼ਤ ਜ਼ਿਆਦਾ ਹੁੰਦਾ ਹੈ ਜਦਕਿ ਦੋਵੇਂ ਠੇਕੇ ਪੰਜਾਬ ਦੇ ਹੀ ਹੁੰਦੇ ਹਨ।
ਪ੍ਰਧਾਨ ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਸ਼ਰਾਬ ਦਾ ਇੰਨਾ ਜ਼ਿਆਦਾ ਰੇਟ ਜਿੱਥੇ ਪ੍ਰੋਗਰਾਮ ਕਰਵਾਉਣ ਵਾਲੇ ਹਰੇਕ ਵਿਅਕਤੀ ਦੀ ਜੇਬ ਉਤੇ ਭਾਰੀ ਅਸਰ ਪਾਉਂਦਾ ਹੈ, ਉਸ ਦੇ ਨਾਲ ਹੀ ਮੈਰਿਜ ਪੈਲੇਸ ਮਾਲਿਕਾਂ ਦੀ ਵੀ ਭਾਰੀ ਬਦਨਾਮੀ ਕਰਦਾ ਹੈ ਜਦਕਿ ਕਿਸੇ ਵੀ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਮੈਰਿਜ ਪੈਲੇਸ ਵਿਚ ਜਾ ਕੇ ਚੈਕਿੰਗ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਮੈਰਿਜ ਪੈਲੇਸ ਮਾਲਿਕਾਂ ਨੂੰ ਸ਼ਰਾਬ ਦੀ ਚੈਕਿੰਗ ਜਾਂ ਕਾਨੂੰਨੀ ਕਾਰਵਾਈ ਕਰਨ ਲਈ ਕੋਈ ਅਧਿਕਾਰ ਨਹੀਂ ਦਿੱਤਾ ਹੋਇਆ, ਇਸ ਦੇ ਬਾਵਜੂਦ ਵੀ ਐਕਸਾਈਜ਼ ਵਿਭਾਗ ਵੱਲੋਂ ਮਾਲਿਕਾਂ ਦੀ ਜ਼ਿੰਮੇਵਾਰੀ ਫਿਕਸ ਕਰਨ ਦੀ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੈਲੇਸ ਮਾਲਿਕ ਦੀ ਜ਼ਿੰਮੇਵਾਰੀ ਸਿਰਫ਼ ਸ਼ਰਾਬ ਵਾਲਾ ਲਾਈਸੰਸ ਚੈੱਕ ਕਰਨਾ ਬਣਦੀ ਹੈ ਪ੍ਰੰਤੂ ਗ੍ਰਾਹਕ ਨੇ ਸ਼ਰਾਬ ਕਿਸ ਠੇਕੇ ਤੋਂ ਖਰੀਦੀ ਹੈ, ਇਸ ਵਿਚ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਸ਼ਰਾਬ ਮਾਫ਼ੀਆ ਵੱਲੋਂ ਗ੍ਰਾਹਕ ਨੂੰ ਜ਼ਬਰਦਸਤੀ ਆਪਣੇ ਠੇਕੇ ਜਾਂ ਗੋਦਾਮ ਤੋਂ ਸ਼ਰਾਬ ਖਰੀਦਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਸ਼ਰਾਬ ਦੇ ਠੇਕੇ ਤੋਂ ਜੇਕਰ ਬਲੈਕ ਲੇਬਲ ਸ਼ਰਾਬ ਦੀ ਪੇਟੀ 30 ਹਜ਼ਾਰ ਰੁਪਏ ਵਿਚ ਮਿਲਦੀ ਹੈ ਤਾਂ ਸਿੰਡੀਕੇਟ ਉਸ ਪੇਟੀ ਬਦਲੇ 42 ਹਜ਼ਾਰ ਰੁਪਏ ਤੋਂ ਵੀ ਵੱਧ ਵਸੂਲੀ ਕਰਦੇ ਹਨ। ਰੈੱਡ ਲੇਬਲ ਸ਼ਰਾਬ ਦੀ ਪੇਟੀ ਠੇਕੇ ਤੋਂ 13 ਹਜ਼ਾਰ 200 ਰੁਪਏ ਦੀ ਮਿਲਦੀ ਹੈ ਪ੍ਰੰਤੂ ਸਿੰਡੀਕੇਟ ਉਸੀ ਪੇਟੀ ਨੂੰ 19 ਹਜ਼ਾਰ ਰੁਪਏ ਦੀ ਵੇਚਦੀ ਹੈ। ਬਲੈਕ ਡਾੱਗ ਦੀ ਪੇਟੀ ਠੇਕੇ ਤੋਂ 18 ਹਜ਼ਾਰ ਰੁਪਏ ਤਾਂ ਸਿੰਡੀਕੇਟ ਉਸੀ ਪੇਟੀ ਨੂੰ 27 ਹਜ਼ਾਰ ਰੁਪਏ ਵਿਚ ਦਿੰਦੀ ਹੈ।
ਇਸੇ ਪ੍ਰਕਾਰ ਸ਼ਰਾਬ ਦੇ ਬਾਕੀ ਬਰਾਂਡਾਂ ਦੇ ਰੇਟਾਂ ਦਾ ਵੀ ਇਹੋ ਹਾਲ ਹੈ। ਸ੍ਰ. ਸਿੱਧੂ ਨੇ ਕਿਹਾ ਕਿ ਪੈਲਸ ਮਾਲਿਕ ਆਪਣੇ ਪੈਲੇਸਾਂ ਵਿਚ ਸ਼ਰਾਬ ਵਰਤਾਉਣ ਬਦਲੇ ਹਰ ਸਾਲ 50 ਹਜ਼ਾਰ ਰੁਪਏ ਟੈਕਸ ਸਰਕਾਰ ਨੂੰ ਦਿੰਦੇ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਮਾਲਿਕਾਂ ਨੂੰ ਲੜਾਈ ਝਗੜਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਕਿਉਂਕਿ ਸ਼ਰਾਬ ਦੇ ਕਾਰੋਬਾਰੀਆਂ ਦੇ ਕਰਿੰਦੇ ਪੈਲੇਸ ਮਾਲਿਕਾਂ ਨੂੰ ਦੂਸਰੇ ਠੇਕੇ ਦੀ ਸ਼ਰਾਬ ਵਰਤਾਉਣ ਤੋਂ ਰੋਕਣ ਲਈ ਕਹਿੰਦੇ ਹਨ। ਅਜਿਹਾ ਕਰਨਾ ਪੈਲੇਸ ਮਾਲਿਕਾਂ ਲਈ ਬੜਾ ਮੁਸ਼ਕਿਲ ਕੰਮ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੀ ਨਵੀਂ ਐਕਸਾਈਜ਼ ਪਾਲਿਸੀ ਘੋਸ਼ਿਤ ਕਰਨ ਵੇਲ਼ੇ ਮੈਰਿਜ ਪੈਲੇਸ ਮਾਲਿਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਖਾਸ ਖਿਆਲ ਰੱਖਿਆ ਜਾਵੇ। ਸਰਕਾਰ ਨਵੀਂ ਐਕਸਾਈਜ਼ ਪਾਲਿਸੀ ਵਿਚ ਇਸ ਗੱਲ ਨੂੰ ਸੁਨਿਸ਼ਚਿਤ ਕਰੇ ਕਿ ਵਿਆਹ ਸ਼ਾਦੀਆਂ ਲਈ ਕੋਈ ਵੀ ਵਿਅਕਤੀ ਸ਼ਰਾਬ ਕਿਸ ਠੇਕੇ ਤੋਂ ਖਰੀਦ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…