Nabaz-e-punjab.com

ਰਾਜ ਸਭਾ ਲਈ ਉਮੀਦਵਾਰਾਂ ਦੀ ਸੂਚੀ, ਕੇਜਰੀਵਾਲ ਦੇ ਨੰਗੇ ਫਾਸ਼ੀਵਾਦ ਤੇ ਰਾਜਸੀ ਭ੍ਰਿਸ਼ਟਾਚਾਰ ਦਾ ਸੰਕੇਤ: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਤੋਂ ਰਾਜ ਸਭਾ ਲਈ ਐਲਾਨੇ ਪੰਜ ਉਮੀਦਵਾਰਾਂ ਦੀ ਸੂਚੀ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਫਾਸ਼ੀਵਾਦ ਅਤੇ ਪਹਿਲੇ ਵੱਡੇ ਰਾਜਨੀਤਕ ਭ੍ਰਿਸ਼ਟਾਚਾਰ ਦਾ ਮੁੱਢ ਹੈ। ਭਾਰਤ ਦੀ ਸੰਸਦ ਦੇ ਉਤਲੇ ਸਦਨ ਲਈ ਰਾਜ ਸਭਾ ਵਿੱਚ ਪੰਜਾਬ ਤੋਂ ਨੁਮਾਇੰਦੇ ਚੁਣਨ ਵੇਲੇ ਆਪ ਨੇ ਜਿਸ ਕਦਰ ਪੰਜਾਬ ਅਤੇ ਪੰਜਾਬੀਆਂ ਦੇ ਵਡੇਰੇ ਹਿੱਤਾਂ ਅਤੇ ਜਜ਼ਬਾਤਾਂ ਨੂੰ ਦਰਕਿਨਾਰ ਕੀਤਾ ਹੈ, ਉਸ ਤੋਂ ਕੇਜਰੀਵਾਲ ਦੀ ਪੰਜਾਬ, ਪੰਜਾਬੀ ਅਤੇ ਸਿੱਖ ਵਿਰੋਧੀ ਧਾਰਨਾ, ਸਪੱਸ਼ਟ ਤੌਰ ’ਤੇ ਪ੍ਰਗਟ ਹੋ ਗਈ ਹੈ।
ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੇ ਜਿੱਥੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਦੀ ਸੌਦੇਬਾਜ਼ੀ ਕਰ ਕੇ ਚੌਖਾ ਮੁੱਲ ਵਟਿਆ ਹੈ, ਉੱਥੇ ਉਨ੍ਹਾਂ ਨੇ ਇਹ ਵੀ ਸੰਕੇਤ ਸਪੱਸ਼ਟ ਦੇ ਦਿੱਤੇ ਹਨ ਕਿ ਭਗਵੰਤ ਮਾਨ ਤਾਂ ਪੰਜਾਬ ਦਾ ਕੇਵਲ ਇੱਕ ਨਾਮ-ਧਰੀਕ ਤੇ ਨੁਮਾਇਸ਼ੀ ਮੁੱਖ ਮੰਤਰੀ ਹੈ। ਪੰਜਾਬ ਦੇ ਵੱਡੇ ਨੀਤੀਗਤ ਫੈਸਲਿਆਂ ਦੀ ਕੁੰਜੀ ਤਾਂ ਕੇਜਰੀਵਾਲ ਦੇ ਹੱਥ ਵਿੱਚ ਹੈ। ਇਹੀ ਨਹੀਂ ਪੰਜਾਬ ਦੇ ਰਾਜ-ਭਾਗ ਦਾ ਸ਼ਾਸਨ ਹੁਣ ਦੂਰਵਰਤੀ ਵਿਧੀ (ਰਿਮੋਟ ਕੰਟਰੋਲ) ਰਾਹੀਂ ਕੇਜਰੀਵਾਲ ਵੱਲੋਂ ਦਿੱਲੀ ਤੋਂ ਨਿਅੰਤਰਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਪ ਵੱਲੋਂ ਦੇਸ਼ ਦੇ ਘੱਟ ਗਿਣਤੀ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਲਈ ਇੱਕ ਨਵੀਂ ਕਿਸਮ ਦਾ ਉਗਰ ਰਾਸ਼ਟਰਵਾਦ ਭੋਗਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਜੋ ਕਿਸੇ ਤਰ੍ਹਾਂ ਇਟਲੀ ’ਚ ਮਸੋਲੀਨੀ ਦੇ ਚਲਾਏ ਫਾਸ਼ੀਵਾਦ ਤੋਂ ਬਹੁਤਾ ਵੱਖਰਾ ਨਹੀਂ ਹੈ। ਜਿਸ ਅਧਿਨਾਇਕਵਾਦੀ ਇਖ਼ਤਿਆਰਾਂ ਦੀ ਵਰਤੋਂ ਕਰਦਿਆਂ ਕੇਜਰੀਵਾਲ ਨੇ ਆਪ ਵਿਧਾਇਕਾਂ ਅਤੇ ਮੰਤਰੀਆਂ ਦੀ ਪਲੇਠੀ ਮੀਟਿੰਗ ਵਿੱਚ ਹੀ ਦਬਕੇ ਮਾਰੇ ਹਨ ਅਤੇ ਲੋਕਾਂ ਦੇ ਬੜੇ ਹਰਸ਼-ਓ-ਉਲਾਸ ਤੇ ਧੂਮਧੜੱਕੇ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਜ਼ਲੀਲ ਕੀਤਾ ਹੈ, ਉਹ ਕਿਸੇ ਵੀ ਤਰ੍ਹਾਂ ਪਰਜਾਤੰਤਰੀ ਰਵਾਇਤਾਂ ਦੀ ਸੂਖਮਤਾ ਦੀ ਤਰਜਮਾਨੀ ਨਹੀਂ ਸੀ, ਸਗੋਂ ਇੱਕ ਤਾਨਾਸ਼ਾਹੀ ਜਾਪਦੀ ਸੀ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਕੇਜਰੀਵਾਲ ਅਤੇ ਆਪ ਲੀਡਰਸ਼ਿਪ ਨੂੰ ਇਸ ਭਰਮ ’ਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਆਪ ਦੀ ਬੇਮਿਸਾਲ ਜਿੱਤ ਕੇਜਰੀਵਾਲ ਦੀ ਲੀਡਰਸ਼ਿਪ ਅਤੇ ‘ਆਪ’ ਦੀਆਂ ਨੀਤੀਆਂ ਦੀ ਜਿੱਤ ਹੈ। ਸਚਾਈ ਤਾਂ ਇਹ ਹੈ ਕਿ ਸੂਬੇ ਦੇ ਲੋਕਾਂ ਦੇ ਮਨਾਂ ਵਿੱਚ ਰਵਾਇਤੀ ਪਾਰਟੀਆਂ ਦੀ ਲੁੱਟ ਤੇ ਸ਼ੋਸ਼ਣ ਵਿਰੁੱਧ ਵਿਦਰੋਹ ਸੀ। ਜਿਸਦੇ ਵਿਆਪਕ ਉਲਾਰ ਦਾ ਲਾਹਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗਿਆ, ਪਰ ਇਹ ਉਲਾਰਵਾਦੀ ਵਿਵਸਥਾ ਟਿਕਾਊ ਤੇ ਸਦੀਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸੱਚ ਤਾਂ ਹੁਣ ਕੰਧ ’ਤੇ ਉੱਕਰਿਆ ਹੋਇਆ ਹੈ ਕਿ ਪੰਜਾਬ ਨੂੰ ਕੇਜਰੀਵਾਲ ਆਪਣੀ ਸਿਆਸਤ ਦੀ ‘ਤਜਾਰਤੀ ਬਸਤੀ’ ਸਮਝ ਕੇ ਇਸਦੇ ਸੋਮੇ ਅਤੇ ਸਾਧਨਾਂ ਨੂੰ ਲੁੱਟ ਕੇ ਇਕ ਰਾਜਨੀਤਕ ਸੌਦਾਗਰ ਦੇ ਰੂਪ ਵਿੱਚ ਭਾਰਤ ਦੇ ਦੂਜੇ ਰਾਜਾਂ ਵਿੱਚ ਆਪਣੇ ਪੈਰ ਪਸਾਰਨ ਲਈ ਨਿਵੇਸ਼ ਕਰੇਗਾ। ਇਸ ਲਈ ਪੰਜਾਬ ਦੇ ਲੋਕਾਂ, ਸਮੂਹ ਸਿਆਸੀ ਪਾਰਟੀਆਂ ਅਤੇ ਚਿੰਤਕਾਂ ਨੂੰ ਹੁਣ ਤੋਂ ਹੀ ਸਿਰਜੋੜ ਕੇ ਚਿੰਤਨ ਅਤੇ ਮੌਜੂਦਾ ਹਾਲਾਤਾਂ ਬਾਰੇ ਮੰਥਨ ਕਰਨ ਦੀ ਲੋੜ ਹੈ ਤਾਂ ਜੋ ਕੇਜਰੀਵਾਲ ਦੇ ਫਾਸ਼ੀਵਾਦ ਨੂੰ ਸਮਾਂ ਰਹਿੰਦਿਆਂ ਨੱਥ ਪਾਈ ਜਾ ਸਕੇ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…