
ਆਪਣੇ ਸੁਪਨਿਆਂ ਦੇ ਘਰ ਵਿੱਚ ਰਹਿਣਾ ਹੋਇਆ ਦੁੱਭਰ, ਲੋਕ ਨਰਕ ਭੋਗਣ ਲਈ ਮਜਬੂਰ
ਮੁਹਾਲੀ ਤੇ ਚੰਡੀਗੜ੍ਹ ਪ੍ਰਸ਼ਾਸਨ ’ਚ ਆਪਸੀ ਤਾਲਮੇਲ ਦੀ ਘਾਟ ਦਾ ਖ਼ਮਿਆਜ਼ਾ ਭੁਗਤ ਰਹੇ ਨੇ ਲੋਕ
ਦੂਜੇ ਜ਼ਿਲ੍ਹਿਆਂ ਤੋਂ ਆ ਕੇ ਮੁਹਾਲੀ ਵਸੇ ਲੋਕ ਹੁਣ ਵਾਪਸ ਜਾਣ ਲਈ ਮਜਬੂਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜੇ ਮੁਹਾਲੀ ਵਿੱਚ ਆ ਕੇ ਵਸੇ ਲੋਕ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਨਰਕ ਭੋਗਣ ਲਈ ਮਜਬੂਰ ਹਨ। ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਫੇਜ਼-2 ਦੇ ਪ੍ਰਧਾਨ ਚਰੰਜੀ ਲਾਲ, ਦਰਸ਼ਨ ਟਿਊਣਾ, ਸਰੂਪ ਸਿੰਘ ਅਤੇ ਕੁਲਦੀਪ ਸਿੰਘ ਬਰਾੜ ਨੇ ਉਨ੍ਹਾਂ ਨੇ ਉਮਰ ਭਰ ਦੀ ਜਮ੍ਹਾ ਪੂੰਜੀ ਖ਼ਰਚ ਕਰਕੇ ਚੰਡੀਗੜ੍ਹ ਦੀ ਹੱਦ ਨਾਲ ਲਗਦੇ ਫੇਜ਼-2 (ਸਾਹਮਣੇ ਬੱਸੀ ਥੀਏਟਰ) ਵਿੱਚ ਆਪਣੇ ਸੁਪਨਿਆਂ ਦੇ ਘਰ ਬਣਾਏ ਸਨ ਲੇਕਿਨ ਗੰਦੇ ਨਾਲੇ ਅਤੇ ਗੰਦਗੀ ਦੀ ਸਮੱਸਿਆ ਕਾਰਨ ਹੁਣ ਉਨ੍ਹਾਂ ਦਾ ਆਪਣੇ ਹੀ ਘਰਾਂ ਵਿੱਚ ਰਹਿਣਾ ਦੁੱਭਰ ਹੋ ਗਿਆ ਹੈ। ਇਸ ਸਬੰਧੀ ਅਨੇਕਾਂ ਵਾਰ ਚੰਡੀਗੜ੍ਹ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸਰਕਾਰੇ ਦਰਬਾਰੇ ਵੀ ਪਹੁੰਚ ਕਰ ਕੇ ਆਪਣਾ ਦੁਖੜਾ ਰੋਇਆ ਗਿਆ ਹੈ ਲੇਕਿਨ ਸਮੱਸਿਆ ਜਿਊਂ ਦੀ ਤਿਊਂ ਬਰਕਰਾਰ ਹੈ। ਚਰੰਜੀ ਲਾਲ ਅਤੇ ਦਰਸ਼ਨ ਟਿਊਣਾ ਨੇ ਕਿਹਾ ਕਿ ਸਰਕਾਰਾਂ ਦੀ ਅਣਦੇਖੀ ਦੇ ਚੱਲਦੇ ਹੁਣ ਉਹ ਇੱਥੋਂ ਆਪਣੇ ਮਕਾਨ ਵੇਚ ਕੇ ਹੋਰ ਕਿੱਧਰੇ ਜਾਣ ਲਈ ਮਜਬੂਰ ਹਨ।
ਨੌਜਵਾਨ ਆਗੂ ਰਾਜਾ ਕੰਵਰਜੋਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦਾ ਗੰਦਾ ਪਾਣੀ, ਸੀਵਰੇਜ ਖੁੱਲ੍ਹੇ ਨਾਲੇ ਵਿੱਚ ਸੱੁਟਿਆ ਜਾ ਰਿਹਾ ਹੈ। ਫ਼ਰਨੀਚਰ ਮਾਰਕੀਟ ਨੇੜਿਓਂ ਲੰਘਦਾ ਇਹ ਗੰਦਾ ਨਾਲਾ ਉਨ੍ਹਾਂ ਦੇ ਘਰਾਂ ਨੇੜੇ ਬੰਦ ਹੋ ਜਾਂਦਾ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਥੇ ਬੇਸ਼ੁਮਾਰ ਗੰਦਗੀ ਫੈਲ ਗਈ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਵਾਰ ਨਗਰ ਨਿਗਮ ਮੁਹਾਲੀ ਅਤੇ ਯੂਟੀ ਪ੍ਰਸ਼ਾਸਨ ਨੂੰ ਗੁਹਾਰ ਲਾਈ ਜਾ ਚੁੱਕੀ ਹੈ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਸ਼ਹਿਰ ਵਾਸੀ ਕੇਸੀ ਖੋਸਲਾ, ਲਛਮਣ ਸਿੰਘ, ਕੰਵਲ ਸਿੰਘ, ਬਿਧੀ ਚੰਦ, ਰਾਮ ਲਾਲ, ਸੁਖਦਰਸ਼ਨ, ਪਵਨ ਕੁਮਾਰ ਅਤੇ ਮੁਨੀਸ਼ ਕੁਮਾਰ ਨੇ ਕਿਹਾ ਕਿ ਗੰਦੇ ਨਾਲੇ ਇੱਥੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਸ ਸਬੰਧੀ ਮੁਹਾਲੀ ਅਤੇ ਯੂਟੀ ਪ੍ਰਸ਼ਾਸਨ ਇੱਕ ਦੂਜੇ ’ਤੇ ਗੱਲ ਸੁੱਟ ਕੇ ਸਮੱਸਿਆ ਦਾ ਹੱਲ ਕਰਨ ਤੋਂ ਪੱਲਾ ਝਾੜ ਲੈਂਦੇ ਹਨ। ਪੀੜਤ ਲੋਕਾਂ ਨੇ ਮੁਹਾਲੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬੰਧਤ ਅਧਿਕਾਰੀ ਆਪਸ ਵਿੱਚ ਤਾਲਮੇਲ ਕਰਕੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।