ਖਾਣੇ ’ਚ ਛਿਪਕਲੀ: ਖੇਡ ਸਟੇਡੀਅਮ ਦੇ ਠੇਕੇਦਾਰ ਤੇ ਵਾਰਡਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਉੱਠੀ

ਬੱਚਿਆਂ ਦੀ ਜ਼ਿੰਦਗੀ ਨਾਲ ਖੇਡਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ: ਵਿਨੀਤ ਵਰਮਾ

ਨਬਜ਼-ਏ-ਪੰਜਾਬ, ਮੁਹਾਲੀ, 29 ਜੁਲਾਈ:
ਇੱਥੋਂ ਦੇ ਫੇਜ਼-9 ਵਿੱਚ ਸਥਿਤ ਮਲਟੀਪਰਪਜ ਖੇਡ ਸਟੇਡੀਅਮ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਅਧੀਨ ਬੱਚਿਆਂ ਨੂੰ ਵੱਖ-ਵੱਖ ਖੇਡਾਂ ਦੀ ਸਿਖਲਾਈ ਦੇਣ ਸਮੇਂ ਅੱਜ ਸਵੇਰੇ ਪਰੋਸੇ ਗਏ ਖਾਣੇ ਵਿੱਚ ਮਰੀ ਹੋਈ ਛਿਪਕਲੀ ਨਿਕਲਣ ਕਾਰਨ ਦਹਿਸ਼ਤ ਫੈਲ ਗਈ ਅਤੇ ਕਾਫ਼ੀ ਬੱਚਿਆਂ ਨੂੰ ਉਲਟੀਆਂ ਆਉਣ ਕਾਰਨ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਜਿਸ ਕਾਰਨ 50 ਬੱਚਿਆਂ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ। ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਇਸ ਮਾਮਲੇ ਵਿੱਚ ਘੋਰ ਲਾਪਰਵਾਹੀ ਦੇ ਚੱਲਦਿਆਂ ਠੇਕੇਦਾਰ ਅਤੇ ਵਾਰਡਨ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਨੇ ਜ਼ੋਰ ਫੜ ਲਿਆ ਹੈ।
ਸੂਚਨਾ ਮਿਲਦੇ ਹੀ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਸਰਕਾਰੀ ਹਸਪਤਾਲ ਵਿੱਚ ਪਹੁੰਚੇ ਅਤੇ ਪੀੜਤ ਬੱਚਿਆਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਜਾਣਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਜੀਤ ਬੇਦੀ ਨੇ ਕਿਹਾ ਕਿ ਵਾਹਿਗੁਰੂ ਸ਼ੁਕਰ ਹੈ ਕਿ ਸਾਰੇ ਬੱਚੇ ਠੀਕ ਅਤੇ ਤੰਦਰੁਸਤ ਹਨ। ਉਨ੍ਹਾਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਸਬੰਧਤ ਠੇਕੇਦਾਰ ਅਤੇ ਵਾਰਡਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਕੋਤਾਹੀ ਵਰਤਣ ਅਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਤੋਂ ਬਚਨ ਲਈ ਠੇਕੇਦਾਰ ਨੇ ਸਾਰਾ ਸਮਾਨ ਸੁੱਟ ਦਿੱਤਾ ਤਾਂ ਜੋ ਖਾਣੇ ਦੀ ਸੈਂਪਲਿੰਗ ਨਾ ਹੋ ਸਕੇ।
ਡਿਪਟੀ ਮੇਅਰ ਨੇ ਕਿਹਾ ਕਿ ਪਹਿਲਾਂ ਵੀ ਠੇਕੇਦਾਰ ਖ਼ਿਲਾਫ਼ ਖਾਣੇ ਨੂੰ ਲੈ ਕੇ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ ਪਰ ਵਿਭਾਗ ਨੇ ਉਸ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਖੇਡ ਵਿਭਾਗ ਜਾਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਹਾਦਸਾ ਨਾ ਵਾਪਰਦਾ। ਉਨ੍ਹਾਂ ਕਿਹਾ ਕਿ ਠੇਕੇਦਾਰ ਅਤੇ ਵਾਰਡਨ ਦੀ ਲਾਪਰਵਾਹੀ ਸਾਧਾਰਨ ਮੁਆਫ਼ੀ ਦੇ ਯੋਗ ਨਹੀਂ ਹੈ।
ਉਧਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਵਰਮਾ ਨੇ ਵੀ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਪੀੜਤ ਬੱਚਿਆਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਨੇ ਐਸਐਮਓ ਡਾ. ਐਚਐਸ ਚੀਮਾ ਦੀ ਮੌਜੂਦਗੀ ਵਿੱਚ ਡਾਕਟਰਾਂ ਨਾਲ ਗੱਲ ਕਰਕੇ ਬੱਚਿਆਂ ਦੀ ਸਿਹਤ ਜਾਂਚ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਸ੍ਰੀ ਵਰਮਾ ਨੇ ਕਿਹਾ ਕਿ ਉਹ ਅੱਜ ਹੀ ਮੁੱਖ ਮੰਤਰੀ, ਖੇਡ ਮੰਤਰੀ ਅਤੇ ਸਿਹਤ ਮੰਤਰੀ ਨੂੰ ਰਿਪੋਰਟ ਬਣਾ ਕੇ ਭੇਜਣਗੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…