
ਲੌਕਡਾਊਨ: ਮੁਹਾਲੀ ਦੇ ਫੇਜ਼-7 ਵਿੱਚ ਦੁਕਾਨਾਂ ਖੁੱਲ੍ਹੀਆਂ, ਪੁਲੀਸ ਨੂੰ ਵਾਪਸ ਬੇਰੰਗ ਮੋੜਿਆ
ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦੇ ਮੂੜ ’ਚ ਹਨ ਦੁਕਾਨਦਾਰ
ਮਾਰਕੀਟ ਵਿੱਚ ਦੁਕਾਨਾਂ ਬੰਦ ਕਰਵਾਉਣ ਪਹੁੰਚੇ ਪੁਲੀਸ ਕਰਮਚਾਰੀਆਂ ਨੂੰ ਵਾਪਸ ਬੇਰੰਗ ਮੋੜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਹਫ਼ਤੇ ਵਿੱਚ ਦੋ ਦਿਨ ਸਨਿੱਚਰਵਾਰ ਅਤੇ ਐਤਵਾਰ ਨੂੰ ਸਖ਼ਤੀ ਨਾਲ ਲੌਕਡਾਊਨ ਲਾਗੂ ਦੇ ਹੁਕਮਾਂ ਜਾਰੀ ਕੀਤੇ ਗਏ ਹਨ ਪ੍ਰੰਤੂ ਮੁਹਾਲੀ ਦੇ ਕੁੱਝ ਦੁਕਾਨਦਾਰ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹਨ। ਇੱਥੋਂ ਦੇ ਫੇਜ਼-7 ਸਥਿਤ ਫੈਸ਼ਨ ਮਾਰਕੀਟ ਦੇ ਦੁਕਾਨਦਾਰਾਂ ਨੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਦੀ ਅਗਵਾਈ ਹੇਠ ਅੱਜ ਆਪਣੀਆਂ ਦੁਕਾਨਾਂ ਖੋਲ੍ਹ ਕੇ ਰੱਖੀਆਂ ਗਈਆਂ ਪ੍ਰੰਤੂ ਦੁਕਾਨਾਂ ਖੁੱਲ੍ਹੀਆਂ ਦੇਖ ਕੇ ਉੱਥੇ ਪੁਲੀਸ ਕਰਮਚਾਰੀ ਪਹੁੰਚ ਗਏ ਅਤੇ ਮਾਰਕੀਟ ਬੰਦ ਕਰਵਾਉਣ ਦਾ ਯਤਨ ਕੀਤਾ ਲੇਕਿਨ ਦੁਕਾਨਦਾਰਾਂ ਦੇ ਤਿੱਖੇ ਵਿਰੋਧ ਕਾਰਨ ਪੁਲੀਸ ਟੀਮ ਨੂੰ ਉੱਥੋਂ ਵਾਪਸ ਬੇਰੰਗ ਮੋੜਨਾ ਪਿਆ।
ਇਸ ਮੌਕੇ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਕਰੋਨਾ ਸੰਕਟ ਕਾਰਨ ਪਿਛਲੇ ਛੇ ਮਹੀਨੇ ਤੋਂ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਲਈ ਦੁਕਾਨਾਂ ਖੋਲ੍ਹਣੀਆਂ ਉਨ੍ਹਾਂ ਦਾ ਹੱਕ ਹੈ ਕਿਉਂਕਿ ਜ਼ਿਆਦਾਤਰ ਦੁਕਾਨਦਾਰਾਂ ਨੇ ਦੁਕਾਨਾਂ ਕਿਰਾਏ ’ਤੇ ਲਈਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਸੋਅਰੂਮਾਂ ਦਾ ਕਿਰਾਇਆ ਅਤੇ ਹੋਰ ਖਰਚੇ ਕੱਢਣੇ ਮੁਸ਼ਕਲ ਹੋ ਗਏ ਹਨ ਜਦੋਂਕਿ ਸਰਕਾਰ ਦੀ ਦੁਕਾਨਾਂ ਬੰਦ ਕਰਵਾਉਣ ਦੀ ਕਾਰਵਾਈ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਕਾਰੋਬਾਰ ਕਰਨ ਤੋਂ ਨਹੀਂ ਰੋਕ ਸਕਦਾ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਦੁਕਾਨਦਾਰਾਂ ਨੂੰ ਸੜਕਾਂ ’ਤੇ ਆ ਕੇ ਧਰਨੇ ਦੇਣ ਲਈ ਮਜਬੂਰ ਨਾ ਕਰੇ।
ਉਧਰ, ਇਸ ਸਬੰਧੀ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ ਅਤੇ ਹੁਣ ਪਾਣੀ ਸਿਰ ਤੋਂ ਉੱਪਰ ਚਲਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਦੁਕਾਨਦਾਰ ਰਾਜ ਸਰਕਾਰ ਦੇ ਹੁਕਮਾਂ ਖ਼ਿਲਾਫ਼ ਜਾਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਦਾ ਸਬਰ ਹੁਣ ਖ਼ਤਮ ਹੋ ਗਿਆ ਹੈ ਅਤੇ ਵਪਾਰੀ ਲੋਕ ਹੁਣ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਤਿਆਰ ਹਨ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਹੁਕਮਰਾਨ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।