
ਲੋਕ ਅਦਾਲਤ: 25 ਸਾਲਾਂ ਬਾਅਦ ਮੁੜ ਇਕੱਠੇ ਰਹਿਣ ਲਈ ਰਾਜੀ ਹੋਏ ਪਤੀ-ਪਤਨੀ
ਕੌਮੀ ਲੋਕ ਅਦਾਲਤ ਵਿੱਚ 1272 ਕੇਸਾਂ ਦਾ ਨਿਪਟਾਰਾ, 40,31,55,946 ਕੀਮਤ ਦੇ ਐਵਾਰਡ ਪਾਸ
ਤਿੰਨ ਪਰਿਵਾਰਾਂ ਨੇ ਮੁੜ ਇਕ ਛੱਤ ਥੱਲੇ ਰਹਿਣ ਲਈ ਆਪਸੀ ਸਹਿਮਤੀ ਨਾਲ ਹਾਮੀ ਭਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਵੱਲੋਂ ਭੇਜੇ ਪ੍ਰੋਗਰਾਮ ਅਨੁਸਾਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਅਤੇ ਹਾਈ ਕੋਰਟ ਦੇ ਜਸਟਿਸ ਅਜੈ ਤਿਵਾੜੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਕੌਮੀ ਲੋਕ ਅਦਾਲਤ ਵਿੱਚ 4050 ਕੇਸ ਸੁਣਵਾਈ ਲਈ ਰੱਖੇ ਗਏ। ਜਿਨ੍ਹਾਂ ’ਚੋਂ 1272 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ ’ਤੇ ਹੀ ਨਿਪਟਾਰਾ ਕਰਕੇ 40,31,55,946 ਕੀਮਤ ਦੇ ਐਵਾਰਡ ਪਾਸ ਕੀਤੇ ਗਏ।
ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ 19 ਬੈਂਚਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਬੈਂਚਾਂ ਦੀ ਪ੍ਰਧਾਨਗੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ, ਸ੍ਰੀਮਤੀ ਹਰਰੀਤ ਕੌਰ ਕਾਲੇਕਾ, ਪਰਮਿੰਦਰ ਸਿੰਘ ਗਰੇਵਾਲ, ਦਵਿੰਦਰ ਕੁਮਾਰ ਗੁਪਤਾ, ਅਵਤਾਰ ਸਿੰਘ ਬਾਰਦਾ, ਸ੍ਰੀਮਤੀ ਸ਼ਿਖਾ ਗੋਇਲ, ਸ੍ਰੀਮਤੀ ਦੀਪਿਕਾ ਸਿੰਘ, ਜੇਐਸ ਸੇਖੋਂ, ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀਮਤੀ ਪਮੇਲਪ੍ਰੀਤ ਗਰੇਵਾਲ ਕਾਹਲ, ਚੀਫ਼ ਜੁਡੀਸ਼ਲ ਮੈਜਿਸਟਰੇਟ ਸ੍ਰੀਮਤੀ ਰੁਚੀ ਸਵਪਨ ਸ਼ਰਮਾ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਜਗਜੀਤ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਦੇਵਨੂਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਰਵਤੇਸ਼ ਇੰਦਰਜੀਤ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸ੍ਰੀਮਤੀ ਵਿਸ਼ਵਾਜੋਤੀ, ਸ੍ਰੀਮਤੀ ਪਪਨੀਤ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸ੍ਰੀਮਤੀ ਖਯਾਤੀ ਗੋਇਲ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸ੍ਰੀਮਤੀ ਵੈਸ਼ਨਵੀ ਸਿੱਕਾ ਤੇ ਜੀਐਸ ਮਠਾੜੂ, ਸਥਾਈ ਲੋਕ ਅਦਾਲਤ ਦੇ ਚੇਅਰਮੈਨ ਕਰਮਜੀਤ ਸਿੰਘ ਸੁੱਲਰ ਪ੍ਰਜਾਈਡਿੰਗ ਅਫ਼ਸਰ ਇੰਡਸਟਰੀਅਲ ਟ੍ਰਿਬਿਊਨਲ ਨੇ ਕੀਤੀ।
ਇੰਜ ਹੀ ਸਬ-ਡਵੀਜ਼ਨ ਡੇਰਾਬੱਸੀ ਵਿਖੇ 3 ਬੈਂਚ ਸਿਵਲ ਜੱਜ (ਜੂਨੀਅਰ ਡਵੀਜ਼ਨ) ਸ੍ਰੀਮਤੀ ਪਵਲੀਨ ਸਿੰਘ, ਵਧੀਕ ਸਿਵਲ ਜੱਜ (ਜੂਨੀਅਰ ਡਵੀਜ਼ਨ) ਜਗਮੀਤ ਸਿੰਘ ਅਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਗੌਰਵ ਦੱਤਾ ਅਤੇ ਸਬ-ਡਵੀਜ਼ਨ ਖਰੜ ਵਿਖੇ 4 ਬੈਂਚ ਅਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀਮਤੀ ਸ਼ਿਲਪੀ ਗੁਪਤਾ, ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀਮਤੀ ਕ੍ਰਿਸ਼ਨਨੁਜਾ ਮਿੱਤਲ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸ੍ਰੀਮਤੀ ਅੰਕਿਤਾ ਗੁਪਤਾ ਅਤੇ ਸ੍ਰੀਮਤੀ ਨਿਧੀ ਸੈਣੀ ਦੀ ਅਗਵਾਈ ਵਿੱਚ ਗਠਿਤ ਕੀਤੇ ਗਏ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਸ਼ਿਖਾ ਗੋਇਲ ਦੀ ਅਦਾਲਤ ਵਿੱਚ ਲੰਮੇ ਸਮੇਂ ਤੋਂ ਲੰਬਿਤ 3 ਕੇਸਾਂ ਵਿੱਚ ਨਿਆਂ ਪਾਲਿਕਾ ਅਧਿਕਾਰੀ ਦੇ ਸਮਝਾਉਣ ਨਾਲ ਪਤੀ-ਪਤਨੀ ਵਿੱਚ ਆਪਸੀ ਸਹਿਮਤੀ ਨਾਲ ਮੁੜ ਵਸੇਬਾ ਕਰਵਾਉਣਾ ਦਾ ਫੈਸਲਾ ਲਿਆ। ਇਨ੍ਹਾਂ ਕੇਸਾਂ ਵਿੱਚ ਸ੍ਰੀਮਤੀ ਨਿਰਮਲਾ ਦੇਵੀ ਨੇ ਆਪਣੇ ਪਤੀ ਰਾਜੇਸ਼ ਕੁਮਾਰ ਖ਼ਿਲਾਫ਼ ਹਿੰਦੂ ਮੈਰਿਜ ਐਕਟ ਦੀ ਧਾਰਾ 13 ਅਧੀਨ 24 ਫਰਵਰੀ 2021 ਨੂੰ ਤਲਾਕ ਦੀ ਅਰਜੀ ਫਾਈਲ ਕੀਤੀ ਹੋਈ ਸੀ। ਦੋਵੇਂ ਧਿਰਾਂ ਜੋ ਕਿ ਪਿਛਲੇ 25 ਸਾਲਾਂ (ਮਈ 1995) ਤੋਂ ਅਲੱਗ ਰਹਿ ਰਹੀਆਂ ਸਨ, ਲੋਕ ਅਦਾਲਤ ਦੌਰਾਨ ਉਨ੍ਹਾਂ ਨੂੰ ਮੁੜ ਇਕੱਠਿਆਂ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਦੋਵੇਂ ਪਾਰਟੀਆਂ 25 ਸਾਲ ਬਾਅਦ ਦੁਬਾਰਾ ਵਿਆਹਤਾ ਜੀਵਨ ਸ਼ੁਰੂ ਕਰਨ ਲਈ ਸਹਿਮਤ ਹੋਈਆਂ।
ਇੰਜ ਹੀ ਨਵਦੀਪ ਕੌਰ ਨੇ ਆਪਣੇ ਪਤੀ ਬਲਜੀਤ ਸਿੰਘ ਵਿਰੁੱਧ ਹਿੰਦੂ ਮੈਰਿਜ ਐਕਟ ਦੀ ਧਾਰਾ 13 ਅਧੀਨ 11 ਸਤੰਬਰ 2020 ਨੂੰ ਕੇਸ ਦਾਇਰ ਕੀਤਾ ਗਿਆ ਸੀ। ਇਸ ਕੇਸ ਵਿੱਚ ਦੋਵੇਂ ਪਾਰਟੀਆਂ ਕੁਝ ਘਰੇਲੂ ਝਗੜਿਆਂ ਕਾਰਨ ਅਗਸਤ 2020 ਤੋਂ ਵੱਖ ਰਹਿ ਰਹੀਆਂ ਸਨ। ਉਨ੍ਹਾਂ ਨੂੰ ਮੁੜ ਇਕੱਠਿਆਂ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਪਤੀ-ਪਤਨੀ ਵਜੋਂ ਇਕੱਠਿਆਂ ਰਹਿਣ ਲਈ ਸਹਿਮਤ ਹੋ ਗਈਆਂ।
ਇੱਕ ਹੋਰ ਕੇਸ ਵਿੱਚ ਓਮ ਬਹਾਦਰ ਨੇ ਆਪਣੇ ਪਰਿਵਾਰ ਨੂੰ ਮੁੜ ਇਕੱਠਾ ਕਰਨ ਲਈ ਆਪਣੀ ਪਤਨੀ ਰੋਹਿਨੀ ਵਿਰੁੱਧ ਫੈਮਲੀ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਇਸ ਕੇਸ ਵਿੱਚ ਵੀ ਪਤੀ-ਪਤਨੀ ਫਰਵਰੀ 2021 ਤੋਂ ਅਲੱਗ ਰਹਿ ਰਹੇ ਸਨ। ਲੋਕ ਅਦਾਲਤ ਦੇ ਯਤਨਾਂ ਸਕਦਾ ਦੋਵੇਂ ਆਪਣੇ ਵਖਰੇਵਿਆਂ ਨੂੰ ਭੁਲਾ ਕੇ ਭਵਿੱਖ ਵਿੱਚ ਇਕੱਠੇ ਰਹਿਣ ਲਈ ਸਹਿਮਤ ਹੋ ਗਏ।