ਪੰਜਾਬ ਵਿੱਚ ਭ੍ਰਿਸ਼ਟਚਾਰੀ ਨਿਜਾਮ ਬਦਲਣ ਲਈ ਵੋਟਰਾਂ ਨੂੰ ਲਾਮਬੰਦ ਕਰੇਗੀ ਲੋਕ ਅਧਿਕਾਰ ਲਹਿਰ

ਲੋਕ ਅਧਿਕਾਰ ਲਹਿਰ ਨੇ ਚੋਣ ਮਨੋਰਥ ਪੱਤਰ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਲੋਕ ਅਧਿਕਾਰ ਲਹਿਰ ਨੇ ਭ੍ਰਿਸ਼ਟਾਚਾਰ ਦੇ ਖ਼ਾਤਮੇ, ਵਿੱਦਿਅਕ ਢਾਂਚੇ ਵਿੱਚ ਸੁਧਾਰ, ਕਿਸਾਨੀ ਮਸਲਿਆਂ ਦੇ ਸਦੀਵੀ ਹੱਲ, ਪੰਚਾਇਤਾਂ ਅਤੇ ਨਗਰ ਨਿਗਮਾਂ ਦੀ ਕਾਰਗੁਜ਼ਾਰੀ ’ਚ ਸੁਧਾਰ, ਕਾਰਖਾਨਿਆਂ ਦੀ ਪ੍ਰਫੁੱਲਤਾ, ਨਾਗਰਿਕਾਂ ਲਈ ਰੁਜ਼ਗਾਰ, ਸਿੱਖਿਆ ਤੇ ਸਿਹਤ ਸਹੂਲਤਾਂ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਸਮਾਜਿਕ ਸੁਰੱਖਿਆ, ਵਾਤਵਾਰਨ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਠੋਸ ਕੰਮ ਕਰਨ ਦਾ ਫੈਸਲਾ ਕੀਤਾ ਹੈ।
ਇਸ ਗੱਲ ਦਾ ਖੁਲਾਸਾ ਅੱਜ ਇੱਥੇ ਗੁਰਦੁਆਰਾ ਸਾਧਾ ਧੰਨ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਡਾ. ਰਣਜੀਤ ਸਿੰਘ ਘੂੰਮਣ, ਕਰਨਲ ਐਸਐਸ ਬਾਜਵਾ, ਸੂਬੇਦਾਰ ਚਰਨ ਸਿੰਘ ਲਾਲ, ਰੁਪਿੰਦਰਜੀਤ ਸਿੰਘ ਅਤੇ ਬੀਬੀ ਕਰਨਜੀਤ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਚੰਗੇ ਕਿਰਦਾਰ ਵਾਲੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਇਸ ਸਬੰਧੀ 121 ਮੈਂਬਰੀ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਪਿਛੋਕੜ ਅਤੇ ਮੌਜੂਦਾ ਕਾਰਗੁਜ਼ਾਰੀ ਦੀ ਸਮੀਖਿਆ ਕਰਕੇ ਆਪਣੀ ਰਿਪੋਰਟ ਦੇਵੇਗੀ। ਜਿਸ ਦੇ ਆਧਾਰ ’ਤੇ ਸਬੰਧਤ ਵਿਅਕਤੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇਸ ਮੌਕੇ ਉਨ੍ਹਾਂ ਲੋਕ ਅਧਿਕਾਰ ਲਹਿਰ ਦਾ ਮਨੋਰਥ ਪੱਤਰ ਵੀ ਜਾਰੀ ਕਰਦਿਆਂ ਅਕਤੂਬਰ ਦੇ ਪਹਿਲੇ ਹਫ਼ਤੇ ਪੰਜਾਬ ਭਰ ਵਿੱਚ ਪੁਰਾਣੀ ਰਿਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਕੇ ਬਿਲਕੁਲ ਨਵੇਂ ਚਿਹਰੇ ਅੱਗੇ ਲਿਆਉਣ ਲਈ ਪਿੰਡਾਂ ਵਿੱਚ ਜਾਗਰੂਕਤਾ ਦਾ ਹੋਕਾ ਦੇਣ ਦਾ ਐਲਾਨ ਕੀਤਾ। ਇਸ ਕਾਰਜ ਵਿੱਚ ਅੌਰਤਾਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇਗਾ।
ਡਾ. ਘੂੰਮਣ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਵੱਖ-ਵੱਖ ਯੂਨੀਵਰਸਿਟੀਆਂ ਦੇ ਸਾਬਕਾ ਉੱਪ-ਕੁਲਪਤੀਆਂ ਸਮੇਤ ਉੱਘੀਆਂ ਗੈਰ ਸਿਆਸੀ, ਅਕਾਦਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਅਧਿਕਾਰ ਲਹਿਰ ਦਾ ਮਨੋਰਥ ਪੱਤਰ ਭੂਤਕਾਲ ਵਿੱਚ ਸਿਆਸੀ ਪਾਰਟੀਆਂ ਵੱਲੋਂ ਜਾਰੀ ਕੀਤੇ ਜਾਂਦੇ ਚੋਣ ਮੈਨੀਫੈਸਟੋ ਵਾਂਗ ਵੋਟਾਂ ਦੀ ਰਾਜਨੀਤੀ ਨਹੀਂ ਹੈ ਸਗੋਂ ਇਹ ਲੋਕਾਂ ਨਾਲ ਇਕ ਕਿਸਮ ਦਾ ਐਗਰੀਮੈਂਟ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਸਿਆਸੀ ਆਗੂਆਂ ਵੱਲੋਂ ਲਈਆਂ ਜਾਂਦੀਆਂ 9-9 ਪੈਨਸ਼ਨਾਂ ਬੰਦ ਕੀਤੀਆਂ ਜਾਣਗੀਆਂ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਇੱਕ ਤੋਂ ਵੱਧ ਪੈਨਸ਼ਨ ਲੈਣ ਦੀ ਆਗਿਆ ਨਹੀਂ ਹੋਵੇਗੀ।
ਰੁਪਿੰਦਰਜੀਤ ਸਿੰਘ ਅਤੇ ਬੀਬੀ ਕਰਨਜੀਤ ਕੌਰ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਨਿਸ਼ਾਨ ’ਤੇ ਚੋਣ ਲੜ ਚੁੱਕੇ ਕਿਸੇ ਵੀ ਆਗੂ ਨੂੰ ਲੋਕ ਅਧਿਕਾਰ ਲਹਿਰ ਆਪਣਾ ਉਮੀਦਵਾਰ ਨਹੀਂ ਬਣਾਏਗੀ ਅਤੇ ਸਾਰੇ ਉਮੀਦਵਾਰ ਬਿਲਕੁਲ ਨਵੇਂ ਚਿਹਰੇ ਹੋਣਗੇ ਅਤੇ ਉਨ੍ਹਾਂ ਦੇ ਉਮੀਦਵਾਰ ਸਰਕਾਰੀ ਖਜਾਨੇ ’ਚੋਂ ਕੋਈ ਤਨਖ਼ਾਹ ਵੀ ਨਹੀਂ ਲੈਣਗੇ। ਇਸ ਮੌਕੇ ਕੈਪਟਨ ਕੁਲਵੰਤ ਸਿੰਘ, ਸਰਪੰਚ ਵਾਹਿਗੁਰੂ ਸਿੰਘ, ਕੈਪਟਨ ਅਵਤਾਰ ਸਿੰਘ, ਰੇਸ਼ਮ ਸਿੰਘ ਪ੍ਰਧਾਨ ਮਗਨਰੇਗਾ ਫਰੰਟ, ਰਾਜਦੀਪ ਸਿੰਘ, ਸੁੱਚਾ ਸਿੰਘ ਅਤੇ ਸਾਬਕਾ ਐਸਪੀ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…