Nabaz-e-punjab.com

ਆਰਡੀਨੈਂਸ ਵਿਰੁੱਧ ਸ਼ੁੱਕਰਵਾਰ ਨੂੰ ਮੁਹਾਲੀ ਪਹੁੰਚੇਗੀ ਲੋਕ ਇਨਸਾਫ਼ ਪਾਰਟੀ ਦੀ ‘ਸਾਈਕਲ ਯਾਤਰਾ’

ਸੈਕਟਰ-70 ਵਿੱਚ ਦੁਪਹਿਰ 1 ਵਜੇ ਵਿਧਾਇਕ ਬੈਂਸ ਮੀਡੀਆ ਤੇ ਵਰਕਰਾਂ ਕਰਨਗੇ ਗੱਲਬਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਕੇਂਦਰੀ ਸਰਕਾਰ ਦੇ ਪੰਜਾਬੀ ਸੂਬੇ ਅਤੇ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਖੇਤੀਬਾੜੀ, ਸਰਕਾਰੀ ਖਰੀਦ, ਮੰਡੀਕਰਨ ਆਰਡੀਨੈਂਸ ਵਿਰੁੱਧ ਲੋਕ ਇਨਸਾਫ਼ ਪਾਰਟੀ ਵੱਲੋਂ ਰੋਸ ਵਜੋਂ ਕੱਢੀ ਜਾ ਰਹੀ ‘ਸਾਈਕਲ ਯਾਤਰਾ’ ਭਲਕੇ 26 ਜੂਨ ਨੂੰ ਦੁਪਹਿਰ 1 ਵਜੇ ਮੁਹਾਲੀ ਵਿੱਚ ਪਹੁੰਚੇਗੀ। ਇੱਥੋਂ ਦੇ ਸੈਕਟਰ-70 ਵਿੱਚ ਜ਼ਿਲ੍ਹਾ ਪ੍ਰਧਾਨ ਸੰਨ੍ਹੀ ਬਰਾੜ ਦੀ ਅਗਵਾਈ ਹੇਠ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਤੇ ਸਾਈਕਲ ਰੈਲੀ ਵਿੱਚ ਵਲੰਟੀਅਰਾਂ ਦਾ ਸਵਾਗਤ ਕੀਤਾ ਜਾਵੇਗਾ। ਇੱਥੇ ਵਿਧਾਇਕ ਸ੍ਰੀ ਬੈਂਸ ਤੇ ਹੋਰ ਆਗੂ ਪਾਰਟੀ ਵਰਕਰਾਂ ਨੂੰ ਮਿਲਣਗੇ ਅਤੇ ਮੀਡੀਆ ਨਾਲ ਗੱਲ ਸਾਂਝੀ ਕਰਨਗੇ।
ਸ੍ਰੀ ਬਰਾੜ ਨੇ ਦੱਸਿਆ ਕਿ ਇਸ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਇਕ ਵੱਡਾ ਕਾਫ਼ਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦਣ ਅਤੇ ਆਰਡੀਨੈਂਸ ਵਿਰੁੱਧ ਵਿਧਾਨ ਸਭਾ ਵਿੱਚ ਮਤਾ ਪਾਉਣ ਲਈ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਕੂਚ ਕਰਨਗੇ। ਉਨ੍ਹਾਂ ਦੱਸਿਆ ਕਿ ਜੇਕਰ ਪੁਲੀਸ ਨੇ ਕਾਫ਼ਲੇ ਦਾ ਰਾਹ ਡੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜਿੱਥੇ ਪੁਲੀਸ ਰੋਕੇਗੀ, ਉਥੇ ਹੀ ਧਰਨਾ ਲਗਾ ਕੇ ਬੈਠ ਜਾਣਗੇ।
ਸ੍ਰੀ ਬਰਾੜ ਨੇ ਦੱਸਿਆ ਕਿ ਸੋਮਵਾਰ (ਬੀਤੀ 22 ਜੂਨ) ਨੂੰ ਸ੍ਰੀ ਹਰਮਿੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਕੇ ਆਰੰਭ ਹੋਈ ਇਹ ਰੋਸ ਸਾਈਕਲ ਰੈਲੀ 225 ਕਿੱਲੋਮੀਟਰ ਦਾ ਰਸਤਾ ਤੈਅ ਕਰਦੇ ਹੋਏ ਸ਼ੁੱਕਰਵਾਰ ਨੂੰ ਮੁਹਾਲੀ ਪਹੁੰਚੇਗੀ। ਲੋਕ ਇਨਸਾਫ਼ ਪਾਰਟੀ ਇਸ ਆਰਡੀਨੈਂਸ ਦੇ ਵਿਰੁੱਧ ਪੰਜਾਬ ਪੱਧਰੀ ਮੁਹਿੰਮ ਨੂੰ ਹੋਰ ਤਿੱਖਾ ਕਰੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਕੇ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਲਾਮਬੰਦ ਕਰੇਗੀ ਕਿਉਂਕਿ ਇਸ ਆਰਡੀਨੈਂਸ ਨਾਲ ਸਿਰਫ਼ ਕਿਸਾਨੀ ਹੀ ਨਹੀਂ ਤਬਾਹ ਹੋਵੇਗੀ ਸਗੋਂ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋਵੇਗਾ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…