Nabaz-e-punjab.com

ਲੋਕ ਸਭਾ ਚੋਣਾਂ: ਮਨੀਸ਼ ਕੁਮਾਰ ਦਿਵਿਆਂਗ ਵੋਟਰਾਂ ਲਈ ਬਣੇ ਆਈਕਨ

ਚੋਣ ਪ੍ਰਕਿਰਿਆ ਵਿੱਚ ਦਿਵਿਆਂਗਾਂ ਦੀ ਵਧੇਰੇ ਭਾਈਵਾਲੀ ਯਕੀਨੀ ਬਣਾਉਣ ਲਈ ਕੀਤੇ ਖਾਸ ਪ੍ਰਬੰਧ: ਜ਼ਿਲ੍ਹਾ ਚੋਣ ਅਫ਼ਸਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਚੋਣ ਪ੍ਰਕਿਰਿਆ ਵਿੱਚ ਦਿਵਿਆਂਗਾਂ ਦੀ ਵਧੇਰੇ ਭਾਈਵਾਲੀ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਕੌਰ ਸਪਰਾ ਨੇ ਮਨੀਸ਼ ਕੁਮਾਰ ਨੂੰ ਦਿਵਿਆਂਗ ਅਤੇ ਨੌਜਵਾਨ ਵੋਟਰਾਂ ਦੇ ਆਈਕਨ ਵਜੋਂ ਨਿਯੁਕਤ ਕੀਤਾ। ਮਨੀਸ਼ ਕੁਮਾਰ ਨੇ ‘ਸਰਵ ਹਿਊਮੈਨਿਟੀ, ਸਰਵ ਗੋਡ ਚੈਰੀਟੇਬਲ ਟਰੱਸਟ’ ਨਾਲ ਜੁੜ ਕੇ ਸਮਾਜ ਸੇਵੀ ਕੰਮਾਂ ਰਾਹੀਂ ਖੂਬ ਨਾਮਣਾ ਖੱਟਿਆ ਹੈ। ਸ੍ਰੀਮਤੀ ਸਪਰਾ ਨੇ ਕਿਹਾ ਕਿ ਸਾਰੇ ਮਨੀਸ਼ ਕੁਮਾਰ ਵਰਗੇ ਆਈਕਨ, ਦਿਵਿਆਂਗਾਂ ਨੂੰ ਅੱਗੇ ਆਉਣ ਅਤੇ ਚੋਣ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗਾਂ ਲਈ ਬੂਥਾਂ ’ਤੇ ਖ਼ਾਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਵੋਟ ਪਾਉਣ ਸਮੇਂ ਲਾਈਨ ਵਿੱਚ ਖੜਾ ਨਾ ਹੋਣਾ ਪਵੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਮੋਬਾਈਲ ਕੈਂਪ ਲਗਾ ਕੇ ਦਿਵਿਆਂਗਾਂ ਨੂੰ ਸਿੱਖਿਅਤ ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਸਬੰਧ ਵਿੱਚ ਦਿਵਿਆਂਗਾਂ ਨੂੰ ਸਿੱਖਿਅਤ ਕਰਨ ਲਈ ਐਨਐਸਐਸ ਅਤੇ ਐਨਵਾਈਕੇ ਵਰਗੀਆਂ ਸੰਸਥਾਵਾਂ ਤੋਂ ਮਦਦ ਲਈ ਜਾ ਰਹੀ ਹੈ। ਇਸੇ ਤਰਾਂ ਦਿਵਿਆਂਗਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਐਨਜੀਓਜ਼, ਕਮਿਊਨਿਟੀ ਆਧਾਰਤ ਸੰਗਠਨਾਂ, ਦਿਵਿਆਂਗਾਂ ਦੇ ਸੰਗਠਨਾਂ ਅਤੇ ਰੈਜ਼ੀਡੈਂਟਸ ਵੈੱਲਫੇਅਰ ਸੰਸਥਾਵਾਂ ਦੇ ਕਰਮੀਆਂ ਤੋਂ ਵੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਅਧਿਕਾਰੀਆਂ/ਕਰਮਚਾਰੀਆਂ ਅਤੇ ਪੁਲੀਸ ਕਰਮਚਾਰੀਆਂ ਨੂੰ ਦਿਵਿਆਂਗਾਂ ਦੀਆਂ ਵਿਸ਼ੇਸ਼ ਲੋੜਾਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ। ਹਾਵ-ਭਾਵ ਸਮਝਣ ਵਾਲੇ ਅਤੇ ਬਰੇਲ ਮਾਹਰਾਂ ਨੂੰ ਡਿਊਟੀ ’ਤੇ ਲਗਾਇਆ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਦੇਖਣ ਵਿੱਚ ਅਸਮਰੱਥ ਵੋਟਰਾਂ ਦੀ ਸਹੂਲਤ ਲਈ ਵੋਆਇਸ ਐਸਐਮਐਸ ਰਾਹੀਂ ਵੋਟਰ ਦੇ ਨਾਂ ਵਜੋਂ ਰਜਿਸਟਰੇਸ਼ਨ, ਪੋਲਿੰਗ ਸਟੇਸ਼ਨ ਨੰਬਰ, ਪੋਲਿੰਗ ਸਟੇਸ਼ਨ ਦਾ ਸਥਾਨ, ਵੋਟਰ ਸੂਚੀ ਵਿੱਚ ਨੰਬਰ ਆਦਿ ਦੀ ਜਾਣਕਾਰੀ ਦੇਣ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਸਾਰੇ ਪੋਲਿੰਗ ਸਟੇਸ਼ਨ ਗਰਾਊਂਡ ਫਲੋਰ ’ਤੇ ਸਥਾਪਤ ਕੀਤੇ ਜਾਣ, ਜਿੱਥੇ ਰੈਂਪ ਦੀ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਇਸ ਸਬੰਧੀ ਦਿਵਿਆਂਗਾਂ ਦੀ ਸਹਾਇਤਾ ਲਈ ਇਕ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ, ਜਿਸ ਰਾਹੀਂ ਦਿਵਿਆਂਗ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਉਣ ਤੋਂ ਲੈ ਕੇ ਵੋਟ ਪਾਉਣ ਦੀ ਪ੍ਰਕਿਰਿਆ ਤੱਕ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਜੇ ਕਿਸੇ ਦਿਵਿਆਂਗ ਵੋਟਰ ਨੂੰ ਵੋਟ ਪਾਉਣ ਲਈ ਟਰਾਂਸਪੋਰਟ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਇਸ ਐਪ ਰਾਹੀਂ ਮਦਦ ਪ੍ਰਾਪਤ ਕਰਨ ਲਈ ਕਹਿ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …