
ਲੋਕ ਸਭਾ ਚੋਣਾਂ-2024: ਗੁਆਂਢੀ ਸੂਬਿਆਂ ਦੀਆਂ ਸਾਂਝੀ ਹੱਦਾਂ ’ਤੇ ਚੌਕਸੀ ਵਧਾਉਣ ’ਤੇ ਜ਼ੋਰ
ਮੁਹਾਲੀ ਵਿੱਚ ਹੋਈ ਪੁਲੀਸ ਦੀ ਅੰਤਰਰਾਜੀ ਰੇਂਜ ਪੱਧਰੀ ਤਾਲਮੇਲ ਮੀਟਿੰਗ
ਨਬਜ਼-ਏ-ਪੰਜਾਬ, ਮੁਹਾਲੀ, 1 ਅਪਰੈਲ:
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪੁਲੀਸ ਹੈੱਡਕਵਾਟਰ ’ਤੇ ਰੇਂਜ ਪੱਧਰੀ ਅੰਤਰਰਾਜੀ ਤਾਲਮੇਲ ਮੀਟਿੰਗ ਰੂਪਨਗਰ ਰੇਂਜ ਦੇ ਡੀਆਈਜੀ ਸ੍ਰੀਮਤੀ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਫਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਸ੍ਰੀਮਤੀ ਰਵਜੋਤ ਕੌਰ ਗਰੇਵਾਲ, ਰੂਪਨਗਰ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ, ਮੁਹਾਲੀ ਦੇ ਐਸਪੀ ਤੁਸ਼ਾਰ ਗੁਪਤਾ, ਐਸਪੀ ਦਿਹਾਤੀ ਮਨਪ੍ਰੀਤ ਸਿੰਘ, ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਗੁਆਢੀ ਸੂਬਿਆਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ, ਬਿਲਾਸਪੁਰ ਅਤੇ ਬੱਦੀ ਦੇ ਸੀਨੀਅਰ ਕਪਤਾਨ ਪੁਲੀਸ ਅਤੇ ਹਰਿਆਣਾ ਅਤੇ ਚੰਡੀਗੜ੍ਹ (ਯੂਟੀ) ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ। ਮੀਟਿੰਗ ਵਿੱਚ ਕਮਾਂਡੈਂਟ ਸੀਏਪੀਐਫ਼, ਏਅਰਪੋਰਟ ਵੀ ਹਾਜ਼ਰ ਸਨ।
ਉਪਰੋਕਤ ਤੋਂ ਇਲਾਵਾ ਆਈਜੀਅੰਬਾਲਾ-ਕਮ-ਕਮਿਸ਼ਨਰ ਪੁਲੀਸ ਪੰਚਕੂਲਾ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲੀਸ ਮੰਡੀ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗ ਦਾ ਹਿੱਸਾ ਬਣੇ। ਮੀਟਿੰਗ ਵਿੱਚ ਗੁਆਂਢੀ ਸੂਬਿਆਂ ਦੀਆਂ ਸਾਂਝੀ ਹੱਦਾਂ ਉੱਤੇ ਅੰਤਰਰਾਜੀ ਸੰਯੁਕਤ ਨਾਕਿਆਂ, ਕਾਨੂੰਨ ਵਿਵਸਥਾ ਦੇ ਮੁੱਦੇ, ਰੇਂਜ/ਜ਼ਿਲ੍ਹਾ ਪੱਧਰੀ ਸੁਰੱਖਿਆ ਤਾਲਮੇਲ, ਗੈਂਗਸਟਰਾਂ, ਨਸ਼ੀਲੇ ਪਦਾਰਥਾਂ/ਸ਼ਰਾਬ ਅਤੇ ਹਥਿਆਰਾਂ ਦੀ ਤਸਕਰੀ ਸਬੰਧੀ ਤਾਜ਼ਾ ਖ਼ੁਫ਼ੀਆ ਜਾਣਕਾਰੀ, ਸ਼ਰਾਬ/ਡਰੱਗ ਅਤੇ ਕੈਸ਼ ਦੀ ਅਦਲਾ-ਬਦਲੀ ਨੂੰ ਰੋਕਣ ਲਈ ਇੰਟਰ-ਸਟੇਟ ਸਰਹੱਦਾਂ ’ਤੇ ਸਖ਼ਤ ਨਾਕੇ ਲਗਾਉਣ ਅਤੇ ਲੋਕ ਸਭਾ ਚੋਣ-2024 ਨਾਲ ਸਬੰਧਤ ਹੋਰ ਮੱੁਦਿਆਂ ਬਾਰੇ ਵਿਸਥਾਰ ਚਰਚਾ ਕੀਤੀ ਗਈ।
ਸ੍ਰੀਮਤੀ ਨਿਲਾਂਬਰੀ ਜਗਦਲੇ ਨੇ ਸਮੂਹ ਪੁਲੀਸ ਅਫ਼ਸਰਾਂ ਨੂੰ ਆਪਸੀ ਸਹਿਯੋਗ ਬਿਹਤਰ ਬਣਾਉਣ ’ਤੇ ਜ਼ੋਰ ਦਿੰਦਿਆਂ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਅਤੇ ਪੀਓਜ਼, ਭਗੌੜੇ, ਪੈਰੋਲ ਜੰਪਰਾਂ ਅਤੇ ਸ਼ਰਾਰਤੀ ਅਨਸਰਾਂ ਬਾਰੇ ਜਾਣਕਾਰੀ ਸਬੰਧਤ ਰਾਜ ਦੇ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ। ਇੰਟਰ ਸਟੇਟ ਬਾਰਡਰਾਂ ’ਤੇ ਨਸ਼ੀਲੇ ਪਦਾਰਥਾਂ/ਸ਼ਰਾਬ ਦੀ ਤਸਕਰੀ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਵਰਤੇ ਜਾਂਦੇ ਸੋਖੇ ਰਸਤਿਆਂ ਦੀ ਪਛਾਣ ਕਰਕੇ ਉਨ੍ਹਾਂ ਲਾਂਘਿਆਂ ’ਤੇ ਵੀ ਸਖ਼ਤ ਨਾਕਾਬੰਦੀ ਅਤੇ ਪੈਟਰੋਲਿੰਗ ਰਾਹੀਂ ਕਵਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।