nabaz-e-punjab.com

ਲੋਕ ਸਭਾ ਚੋਣਾਂ: ਜ਼ਿਲ੍ਹਾ ਮੁਹਾਲੀ ਵਿੱਚ 64 ਫੀਸਦੀ ਮਤਦਾਨ, ਪੁਰਅਮਨ ਅਮਾਨ ਨਾਲ ਨੇਪਰੇ ਚੜ੍ਹਿਆਂ ਚੋਣਾਂ ਦਾ ਕੰਮ

ਸ਼ਹਿਰਾਂ ਵਿੱਚ ਮੱਠਾ ਹੁੰਗਾਰਾ ਤੇ ਪਿੰਡਾਂ ਵਿੱਚ ਹੋਇਆ ਭਾਰੀ ਉਤਸ਼ਾਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਆਨੰਦਪੁਰ ਸਾਹਿਬ ਲੋਕ ਸਭਾ ਚੋਣਾਂ ਲਈ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਐਤਵਾਰ ਹੋਈਆਂ ਲੋਕ ਸਭਾ ਦੀਆਂ ਚੋਣਾਂ ਮਾਮੂਲੀ ਧੱਕਾ-ਮੁੱਕੀ ਦੀਆਂ ਘਟਨਾਵਾਂ ਨੂੰ ਛੱਡ ਕੇ ਬਾਕੀ ਸਮੁੱਚੇ ਜ਼ਿਲ੍ਹੇ ਅੰਦਰ ਪੁਰਅਮਨ ਅਮਾਨ ਨਾਲ ਸਿਰੇ ਚੜ੍ਹ ਗਈਆਂ। ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੋਂ ਬਾਅਦ ਤੱਕ ਵੋਟਾਂ ਪਈਆਂ। ਇਸ ਵਾਰ ਖਰੜ ’ਚ ਇੱਕ ਅਤਿ ਸੰਵੇਦਨਸ਼ੀਲ ਅਤੇ 271 ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ ਕੀਤੀ ਗਈ ਸੀ। ਜਿਨ੍ਹਾਂ ਵਿੱਚ ਮੁਹਾਲੀ ਦੇ 84, ਖਰੜ ਦੇ 75 ਅਤੇ ਡੇਰਾਬੱਸੀ ਦੇ 112 ਪੋਲਿੰਗ ਬੂਥ ਸ਼ਾਮਲ ਹਨ ਪ੍ਰੰਤੂ ਇਸ ਦੇ ਬਾਵਜੂਦ ਲੋਕਾਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਚੋਣ ਅਮਲੇ ਨੂੰ ਪੂਰਾ ਸਹਿਯੋਗ ਦਿੱਤਾ। ਦੇਰ ਰਾਤ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਮੁਹਾਲੀ ਵਿੱਚ ਕਰੀਬ 64 ਫੀਸਦੀ ਮਤਦਾਨ ਹੋਇਆ ਹੈ।
ਉਂਜ ਇੱਥੋਂ ਦੇ ਨੇੜਲੇ ਪਿੰਡ ਬੜੀ ਵਿੱਚ ਅਕਾਲੀ ਅਤੇ ਕਾਂਗਰਸੀਆਂ ਦੇ ਆਪਸ ਵਿੱਚ ਗੁੱਥਮ ਗੁੱਥਾ ਹੋਣ ਬਾਰੇ ਪਤਾ ਲੱਗਾ ਹੈ। ਇਸ ਸਬੰਧੀ ਆਪਸ ਵਿੱਚ ਝਗਦੇ ਹੋਏ ਵਿਅਕਤੀਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕੀਤੀ ਗਈ। ਸੂਚਨਾ ਮਿਲਦੇ ਹੀ ਥਾਣਾ ਸੋਹਾਣਾ ਦੀ ਐਸਐਚਓ ਖ਼ੁਸ਼ਪ੍ਰੀਤ ਕੌਰ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਲੇਕਿਨ ਉਦੋਂ ਤੱਕ ਮਾਹੌਲ ਸ਼ਾਂਤ ਹੋ ਚੁੱਕਾ ਸੀ। ਇਸ ਸਬੰਧੀ ਇਕ ਧਿਰ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ ਪ੍ਰੰਤੂ ਪੋਲਿੰਗ ਬੂਥ ’ਤੇ ਕੋਈ ਵੱਡਾ ਝਗੜਾ ਨਹੀਂ ਹੋਇਆ ਹੈ। ਕੁਝ ਵਿਅਕਤੀਆਂ ਵਿੱਚ ਮਾਮੂਲੀ ਤਕਰਾਰ ਜ਼ਰੂਰ ਹੋਈ ਹੈ। ਇੰਝ ਹੀ ਫੇਜ਼-11 ਥਾਣੇ ਅਧੀਨ ਆਉਂਦੇ ਏਰੀਆ ਵਿੱਚ ਵੋਟਾਂ ਨੂੰ ਲੈ ਕੇ ਰੌਲਾ ਪਿਆ ਹੈ।
ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਲਗਭਗ 64 ਫੀਸਦੀ ਮਤਦਾਨ ਹੋਇਆ ਹੈ ਜਦੋਂ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ 70.17 ਫੀਸਦੀ ਮਤਦਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ 60.68 ਫੀਸਦੀ, ਖਰੜ ਵਿੱਚ 61.4 ਫੀਸਦੀ ਅਤੇ ਡੇਰਾਬੱਸੀ ਵਿੱਚ 69.02 ਫੀਸਦੀ ਵੋਟਾਂ ਪਈਆਂ ਹਨ। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਅਤੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਤੂਫ਼ਾਨੀ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਨੇ ਵੋਟ ਪਾਉਣ ਲਈ ਲਾਈਨਾਂ ਵਿੱਚ ਖੜ੍ਹੇ ਵੋਟਰਾਂ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਅਤੇ ਕਿਸੇ ਵੀ ਪ੍ਰਕਾਰ ਦੀ ਸਮੱਸਿਆਵਾਂ ਸਬੰਧੀ ਉਨ੍ਹਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੁਹਾਲੀ, ਖਰੜ ਅਤੇ ਲੋਕ ਸਭਾ ਹਲਕਾ ਪਟਿਆਲਾ ਅਧੀਨ ਆਉਂਦੇ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਵਿੱਚ ਕੁੱਲ 749 ਪੋਲਿੰਗ ਬੂਥਾਂ ’ਤੇ ਬਣਾਏ ਗਏ ਸਨ। ਲੋਕਤੰਤਰ ਦੇ ਇਸ ਮਹਾਂ ਤਿਉਹਾਰ ਲਈ ਪੋਲਿੰਗ ਬੂਥਾਂ ’ਤੇ 2996 ਮੁਲਾਜ਼ਮ (20 ਫੀਸਦੀ ਵਾਧੂ ਰਿਜ਼ਰਵ ਸਟਾਫ਼) ਅਤੇ 2900 ਪੁਲੀਸ ਜਵਾਨ ਤਾਇਨਾਤ ਕੀਤੇ ਗਏ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 7,26,482 ਵੋਟਰ ਹਨ। ਜਿਨ੍ਹਾਂ ’ਚ 12 ਹਜ਼ਾਰ 842 ਨਵੇਂ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 749 ਪੋਲਿੰਗ ਸਟੇਸ਼ਨ ਬਣਾਏ ਗਏ ਅਤੇ 929 ਈਵੀਐਮਜ ਅਤੇ ਵੀਵੀਪੈਟ ਦੀ ਵਰਤੋਂ ਹੋਈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲਿਆਉਣ ਅਤੇ ਘਰ ਛੱਡਣ ਲਈ ਵਾਹਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ। ਸ਼ਹਿਰੀ ਲੋਕ ਘੱਟ ਹੀ ਘਰਾਂ ’ਚੋਂ ਬਾਹਰ ਨਿਕਲੇ ਹਨ ਜਦੋਂਕਿ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇੱਥੋਂ ਤੱਕ ਚੱਲਣ ਫਿਰਨ ਤੋਂ ਲਾਚਾਰ ਬਜ਼ੁਰਗ ਅਤੇ ਅੌਰਤਾਂ ਨੇ ਵੀ ਵੋਟਾਂ ਪਾਉਣ ਵਿੱਚ ਕਾਫੀ ਦਿਲਚਸਪੀ ਦਿਖਾਈ। ਪਿੰਡਾਂ ’ਚ ਲੋਕ ਆਪ ਮੁਹਾਰੇ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਆ ਰਹੇ ਸਨ ਅਤੇ ਕਈ ਥਾਵਾਂ ’ਤੇ ਉਮੀਦਵਾਰਾਂ ਦੇ ਸਮਰਥਕ ਵੋਟਰਾਂ ਨੂੰ ਆਪਣੇ ਵਾਹਨਾਂ ਵਿੱਚ ਲੈ ਕੇ ਆਉਂਦੇ ਦੇਖੇ ਗਏ। ਪੋਲਿੰਗ ਬੂਥਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਬਜ਼ੁਰਗ ਦੇ ਬੈਠਣ ਲਈ ਕੁਰਸੀਆਂ, ਪੀਣ ਵਾਲਾ ਪਾਣੀ ਅਤੇ ਟੈਂਟ ਲਗਾ ਕੇ ਛਾਂ ਦੀ ਵਿਵਸਥਾ ਕੀਤੀ ਗਈ ਸੀ। ਜਿਸ ਦੀ ਇਲਾਕੇ ਦੇ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਪ੍ਰਸੰਸਾ ਪੱਤਰ ਅਤੇ ਇਕ ਇਕ ਮੱਗ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੇ ਜ਼ਿਲ੍ਹੇ ਵਿੱਚ 749 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ। ਜਿਨ੍ਹਾਂ ’ਤੇ ਚੋਣ ਅਮਲੇ ਦੇ 2900 ਕਰਮਚਾਰੀਆਂ ਨੇ ਪੂਰੀ ਲਗਨ, ਤਨਦੇਹੀ ਅਤੇ ਨਿਰਪੱਖ ਹੋ ਕਿ ਆਪਣੀ ਡਿਊਟੀ ਨਿਭਾਈ। ਇਸ ਤੋਂ ਇਲਾਵਾ 377 ਪੋਲਿੰਗ ਬੂਥਾਂ ਦੀ ਵੈਲਬਕਾਸਟਿੰਗ ਕਰਵਾਈ ਗਈ। ਜਿਨ੍ਹਾਂ ਵਿੱਚ ਮੁਹਾਲੀ ਦੇ 119, ਡੇਰਾਬੱਸੀ 130 ਅਤੇ ਖਰੜ ਦੇ 128 ਬੂਥ ਸ਼ਾਮਲ ਹਨ। ਮਤਦਾਨ ਤੋਂ ਬਾਅਦ ਦੇਰ ਸ਼ਾਮ ਪੋਲਿੰਗ ਪਾਰਟੀਆਂ ਵੱਲੋਂ ਈਵੀਐਮ ਮਸ਼ੀਨਾਂ ਅਤੇ ਹੋਰ ਚੋਣ ਸਮੱਗਰੀ ਸਟਰਾਂਗ ਰੂਮ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਅਤੇ ਖਰੜ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ 23 ਮਈ ਨੂੰ ਸਰਕਾਰੀ ਪੋਲੀਟੈਕਨਿਕ ਕਾਲਜ ਪਿੰਡ ਖੂਨੀਮਾਜਰਾ ਵਿੱਚ ਕੀਤੀ ਜਾਵੇਗੀ ਜਦੋਂਕਿ ਲੋਕ ਸਭਾ ਹਲਕਾ ਪਟਿਆਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਡੇਰਾਬੱਸੀ ਦੀਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਵੇਗੀ। ਜਿੱਥੇ ਕਿ ਈਵੀਐਮ ਮਸ਼ੀਨਾਂ ਅਤੇ ਚੋਣ ਸਮੱਗਰੀ ਨੂੰ ਸਟਰਾਂਗ ਰੂਮ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਥਾਵਾਂ ’ਤੇ 24 ਘੰਟੇ ਸੁਰੱਖਿਆ ਕਰਮਚਾਰੀ ਡਿਊਟੀ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਦੇ ਅਧਿਕਾਰਤ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸੀਲ ਕੀਤੇ ਗਏ ਹਨ।
ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 2900 ਪੁਲੀਸ ਜਵਾਨ ਤਾਇਨਾਤ ਕੀਤੇ ਗਏ ਸਨ। ਜਿਨ੍ਹਾਂ ਵਿੱਚ ਪੈਰਾ ਮਿਲਟਰੀ ਫੋਰਸਜ਼ ਦੀਆਂ 7 ਕੰਪਨੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਸਮੇਤ ਖਰੜ ਅਤੇ ਡੇਰਾਬੱਸੀ ਵਿਧਾਨ ਸਭਾ ਹਲਕਿਆਂ ਦੀ ਸੁਰੱਖਿਆ ਵਿੱਚ ਇਕ ਇਕ ਐਸਪੀ ਰੈਂਕ ਦਾ ਅਫ਼ਸਰ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ 36 ਸਟੈਟਿਕ ਸਰਵੇਲੈਂਸ ਟੀਮਾਂ ਅਤੇ 18 ਫਲਾਇੰਗ ਸਕੂਐਡ ਟੀਮਾਂ ਦੀ ਵਿਵਸਥਾ ਕੀਤੀ ਗਈ ਅਤੇ ਸੱਤ ਟੀਮਾਂ (147 ਪੁਲੀਸ ਮੁਲਾਜ਼ਮ) ਨੂੰ ਐਮਰਜੈਂਸੀ ਡਿਊਟੀ ਲਈ ਰਿਜ਼ਰਵ ਰੱਖਿਆ ਗਿਆ ਸੀ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…