ਲੋਕ ਸਭਾ ਚੋਣਾਂ: ਬੀਰਦਵਿੰਦਰ ਸਿੰਘ ਵੱਲੋਂ ਨੁੱਕੜ ਮੀਟਿੰਗਾਂ ਸ਼ੁਰੂ, ਪੁਰਾਣੇ ਸਾਥੀਆਂ ਨਾਲ ਮੇਲ ਜੋਲ ਵਧਾਇਆ

ਟਕਸਾਲੀ ਪਾਰਟੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਵੱਲੋਂ ਸਿਆਸੀ ਸਰਗਰਮੀਆਂ ਤੇਜ਼

ਇੱਕ ਦੋ ਦਿਨਾਂ ਵਿੱਚ ਕੀਤੀਆਂ ਜਾਣਗੀਆਂ ਨਵੇਂ ਓਅਸਡੀ, ਮੀਡੀਆ ਤੇ ਦਫ਼ਤਰੀ ਟੀਮ ਦੀਆਂ ਨਿਯੁਕਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਬੀਰਦਵਿੰਦਰ ਸਿੰਘ ਨੇ ਆਪਣੇ ਪੁਰਾਣੇ ਸਾਥੀਆਂ ਨਾਲ ਮੇਲ ਜੋਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬੀਰਦਵਿੰਦਰ ਸਿੰਘ ਤੀਜੇ ਫਰੰਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਹਨ। ਅੱਜ ਉਨ੍ਹਾਂ ਨੇ ਇੱਥੋਂ ਦੇ ਫੇਜ਼-7 ਵਿੱਚ ਗਗਨਦੀਪ ਸਿੰਘ ਬੈਂਸ ਦੇ ਘਰ ਆਪਣੇ ਪੁਰਾਣੇ ਸਾਥੀਆਂ ਅਤੇ ਸ਼ਹਿਰ ਦੇ ਮੋਹਤਵਰ ਵਿਅਕਤੀਆਂ ਨਾਲ ਮੀਟਿੰਗ ਕੀਤੀ। ਬੀਰਦਵਿੰਦਰ ਸਿੰਘ ਦਾ ਮੁਹਾਲੀ ਅਤੇ ਖਰੜ ਨਾਲ ਪੁਰਾਣਾ ਨਾਤਾ ਹੈ। ਪਿਛਲੀ ਕੈਪਟਨ ਸਰਕਾਰ ਵਿੱਚ ਉਹ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਰਦਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਟਿਕਟ ਮਿਲਣ ਤੋਂ ਬਾਅਦ ਉਹ ਕਾਫੀ ਸ਼ਹਿਰਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਮਿਲ ਚੁੱਕੇ ਹਨ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਗੱਠਜੋੜ ਦੇ ਸਤਾਏ ਲੋਕਾਂ ਅਤੇ ਮੌਜੂਦਾ ਪੰਜਾਬ ਸਰਕਾਰ ਤੋਂ ਨਿਰਾਸ਼ ਲੋਕਾਂ ਸਮੇਤ ਪੁਰਾਣੇ ਕਾਂਗਰਸੀ ਪਰਿਵਾਰਾਂ ਨੂੰ ਵੀ ਮਿਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਦਿਲੋਂ ਚਾਹੁੰਦੇ ਹਨ ਕਿ ਇੱਥੋਂ ਕੋਈ ਸਿੱਖ ਵਿਦਵਾਨ ਹੀ ਪਾਰਲੀਮੈਂਟ ਵਿੱਚ ਜਾਵੇ। ਉਨ੍ਹਾਂ ਕਿਹਾ ਕਿ ਮੀਡੀਆ ਅਤੇ ਆਮ ਲੋਕਾਂ ਦੀ ਸੁਵਿਧਾ ਲਈ ਆਉਂਦੇ ਇੱਕ ਦੋ ਦਿਨਾਂ ਵਿੱਚ ਉਹ ਆਪਣੇ ਨਵੇਂ ਓਐਸਡੀ, ਮੀਡੀਆ ਟੀਮ ਅਤੇ ਦਫ਼ਤਰੀ ਟੀਮ ਦਾ ਐਲਾਨ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਖੇਤਰਫਲ ਬਹੁਤ ਲੰਮਾ ਹੈ। ਇਸ ਲਈ ਇੱਥੇ ਯੋਜਨਾਬੱਧ ਤਰੀਕੇ ਨਾਲ ਚੋਣ ਲੜੀ ਜਾਵੇਗੀ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਬਜਾਏ ਸਿਰਫ਼ ਉਹੀ ਵਾਅਦੇ ਕੀਤੇ ਜਾਣਗੇ, ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸਿਆਸੀ ਆਗੂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਤਾਂ ਲੈ ਲੈਂਦੇ ਹਨ ਪ੍ਰੰਤੂ ਚੋਣ ਜਿੱਤਣ ਤੋਂ ਬਾਅਦ ਆਪਣੇ ਵਾਅਦੇ ਭੁੱਲ ਜਾਂਦੇ ਹਨ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਘਰ ਘਰ ਰੁਜ਼ਗਾਰ ਦੇਣ, ਨੌਜਵਾਨਾਂ ਨੂੰ ਸਮਾਰਟ ਫੋਨ, ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਹੋਰ ਪਤਾ ਨਹੀਂ ਕੀਤੇ ਝੂਠੇ ਵਾਅਦੇ ਕਰਕੇ ਸੱਤਾ ਉੱਤੇ ਤਾਂ ਕਬਜ਼ਾ ਕਰ ਲਿਆ ਪ੍ਰੰਤੂ ਚੋਣ ਵਾਅਦਿਆਂ ਤੋਂ ਮੂੰਹ ਫੇਰ ਲਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਰਜ਼ਾ ਮੁਆਫ਼ੀ ਬਾਰੇ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਲੱਖਾਂ ਹੀ ਨੌਜਵਾਨ ਉੱਚ ਸਿੱਖਿਆ ਦੀ ਡਿਗਰੀਆਂ ਚੁੱਕੀ ਫਿਰਦੇ ਹਨ ਲੇਕਿਨ ਰੁਜ਼ਗਾਰ ਦੇ ਨਾਂ ’ਤੇ ਠੋਕਰਾਂ ਹੀ ਪੱਲੇ ਪੈ ਰਹੀਆਂ ਹਨ। ਰੁਜ਼ਗਾਰ ਮੇਲਿਆਂ ਬਾਰੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰਾਈਵੇਟ ਕਾਲਜਾਂ ਦਾ ਈਵੈਂਟ ਹੈ। ਪਹਿਲਾਂ ਕਾਲਜ ਜਾਂ ਯੂਨੀਵਰਸਿਟੀਆਂ ਆਪਣੇ ਵਿਦਿਆਰਥੀਆਂ ਲਈ ਪਲੇਸਮੈਂਟ ਕੈਂਪ ਲਗਾਉਂਦੇ ਸਨ ਲੇਕਿਨ ਹੁਣ ਸਰਕਾਰ ਨੇ ਇਹ ਪਲੇਸਮੈਂਟ ਕੈਂਪਾਂ ਨੂੰ ਘਰ ਘਰ ਰੁਜ਼ਗਾਰ ਦਾ ਨਾਂ ਦੇ ਕੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਗਗਨਦੀਪ ਸਿੰਘ ਬੈਂਸ, ਕਰਨਲ ਬਰਜਿੰਦਰਪਾਲ ਸਿੰਘ, ਹਰਭਜਨ ਸਿੰਘ, ਦਰਸ਼ਨ ਸਿੰਘ, ਮਲਵਿੰਦਰ ਸਿੰਘ, ਪਵਿੱਤਰ ਸਿੰਘ, ਜੀਪੀਐਸ ਗਿੱਲ, ਗੁਰਦੀਪ ਸਿੰਘ, ਅਮਰਜੀਤ ਸਿੰਘ ਭੰਗੂ, ਮਨਮੋਹਨ ਸਿੰਘ ਮਾਨ, ਪ੍ਰੀਤਪਾਲ ਸਿੰਘ, ਸੁਖਜੀਤ ਸਿੰਘ ਗਿੱਲ, ਬੈਨੀਪਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …