nabaz-e-punjab.com

ਲੋਕ ਸਭਾ ਚੋਣਾਂ: ਇਸ ਵਾਰ ਘੱਟ ਮਤਦਾਨ ਹੋਣ ਕਾਰਨ ਵੱਖ ਵੱਖ ਉਮੀਦਵਾਰਾਂ ਦਾ ਗਣਿਤ ਪੁੱਠਾ ਪੈਣ ਦੇ ਆਸਾਰ

ਲੋਕ ਸਭਾ ਚੋਣਾਂ ਸਬੰਧੀ ਕਈ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਿਆਸੀ ਆਗੂ ਵੋਟਾਂ ਦੇ ਅੰਕੜੇ ਜੋੜਨ ’ਚ ਜੁਟੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਅਧੀਨ ਆਉਂਦੇ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਐਤਕੀਂ ਪਿਛਲੀ ਵਾਰ ਨਾਲੋਂ ਮਤਦਾਨ ਘੱਟ ਹੋਣ ਕਾਰਨ ਚੋਣ ਲੜਨ ਵਾਲੇ ਵੱਖ ਵੱਖ ਉਮੀਦਵਾਰਾਂ ਦਾ ਗਣਿਤ ਵਿਗੜ ਸਕਦਾ ਹੈ। ਪਿਛਲੀ ਵਾਰ 2014 ਵਿੱਚ ਹੋਈਆਂ ਚੋਣਾਂ ਦੌਰਾਨ ਸਮੁੱਚੇ ਹਲਕੇ ਵਿੱਚ ਕੁੱਲ 1557188 ਵੋਟਰ ਸਨ। ਜਿਨ੍ਹਾਂ ’ਚੋਂ ਕੁੱਲ 1087022 (69.81ਫੀਸਦੀ) ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਇਸ ਵਾਰ ਹਾਲਾਂਕਿ ਵੋਟਰਾਂ ਦੀ ਕੁੱਲ ਗਿਣਤੀ ਪਿਛਲੀ ਵਾਰ ਤੋਂ ਵੱਧ ਕੇ 1698875 ਹੋ ਗਈ ਹੈ ਪ੍ਰੰਤੂ ਐਤਕੀਂ ਮਤਦਾਨ ਘੱਟ ਹੋਇਆ। ਪਿਛਲੀ ਵਾਰ ਜ਼ਿਲ੍ਹਾ ਮੁਹਾਲੀ ਵਿੱਚ 70.17 ਫੀਸਦੀ ਮਤਦਾਨ ਹੋਇਆ ਸੀ ਲੇਕਿਨ ਇਸ ਵਾਰ 63.45 ਫੀਸਦੀ ਵੋਟਾਂ ਪਈਆਂ ਹਨ। ਮੁਹਾਲੀ ਵਿੱਚ 60.10 ਫੀਸਦੀ, ਖਰੜ ਵਿੱਚ 60.63 ਫੀਸਦੀ ਅਤੇ ਡੇਰਾਬੱਸੀ ਵਿੱਚ 69.02 ਫੀਸਦੀ ਮਤਦਾਨ ਹੋਇਆ ਹੈ।
ਪਿਛਲੀ ਵਾਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ 347394 ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਕਾਂਗਰਸ ਦੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਨੂੰ 23697 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਬੀਬੀ ਸੋਨੀ ਨੂੰ 323697 ਵੋਟਾਂ ਮਿਲੀਆ ਸਨ ਜਦੋਂਕਿ ਤੀਜੇ ਨੰਬਰ ’ਤੇ ਆਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ 306008 ਵੋਟਾਂ ਮਿਲੀਆਂ ਸਨ। ਵੋਟਾਂ ਦੇ ਇਨ੍ਹਾਂ ਅੰਕੜਿਆਂ ਨੂੰ ਲੈ ਕੇ ਵੱਖ ਵੱਖ ਉਮੀਦਵਾਰ ਆਪਣੀ ਜਿੱਤ ਹਾਰ ਦਾ ਹਿਸਾਬ ਕਿਤਾਬ ਲਗਾ ਰਹੇ ਸਨ ਪ੍ਰੰਤੂ ਐਤਕੀਂ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਦੇ ਮੱਠੇ ਹੁੰਗਾਰੇ ਨੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਜਿਵੇਂ ਜਿਵੇਂ 23 ਮਈ ਨੇੜੇ ਆ ਰਹੀ ਹੈ ਤਾਂ ਉਮੀਦਵਾਰਾਂ ਦੀਆਂ ਧੜਕਨਾਂ ਵਧਦੀਆਂ ਜਾ ਰਹੀਆਂ ਹਨ।
ਸੱਤਾਧਾਰੀ ਕਾਂਗਰਸ ਪਾਰਟੀ ਦੇ ਸਮਰਥਕ ਘੱਟ ਮਤਦਾਨ ਨੂੰ ਆਪਣੇ ਹੱਕ ਵਿੱਚ ਦੱਸ ਰਹੇ ਹਨ। ਕਾਂਗਰਸੀ ਸਮਰਥਕਾਂ ਦੇ ਇਹ ਤਰਕ ਦੇ ਰਹੇ ਹਨ ਕਿ ਜਦੋਂ ਵੀ ਵੋਟਿੰਗ ਆਮ ਨਾਲੋਂ ਵੱਧ ਹੁੰਦੀ ਹੈ ਤਾਂ ਉਸ ਦਾ ਨੁਕਸਾਨ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਹੁੰਦਾ ਹੈ। ਇਸ ਵਾਰ ਅੌਸਤ ਤੋਂ ਘੱਟ ਵੋਟਿੰਗ ਦਾ ਸਿੱਧਾ ਫਾਇਦਾ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਮਿਲ ਸਕਦਾ ਹੈ। ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਹਿਲਾਂ ਹੀ ਇਹ ਦਾਅਵਾ ਕਰ ਰਹੇ ਹਨ ਕਿ ਸ੍ਰੀ ਤਿਵਾੜੀ ਡੇਢ ਤੋਂ ਦੋ ਲੱਖ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤਣਗੇ।
ਅਕਾਲੀ-ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਮਰਥਕ ਇਸ ਰੁਝਾਨ ਨੂੰ ਆਪਣੇ ਹੱਕ ਵਿੱਚ ਦੱਸ ਰਹੇ ਹਨ। ਉਨ੍ਹਾਂ ਦੀਆਂ ਪੱਕੀਆਂ ਵੋਟਾਂ ਤਾਂ ਉਨ੍ਹਾਂ ਨੂੰ ਮਿਲਣੀਆਂ ਹੀ ਹਨ ਅਤੇ ਆਪ ਦੇ ਦੁਫਾੜ ਹੋਣ ਕਾਰਨ ਇਸ ਵਾਰ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਸਮਰਥਕ (ਜਿਨ੍ਹਾਂ ’ਚੋਂ ਜ਼ਿਆਦਾਤਰ ਕਾਂਗਰਸ ਦੇ ਹੱਕ ਵਿੱਚ ਭੁਗਤਣੇ ਸਨ) ਵੋਟਾਂ ਪਾਉਣ ਲਈ ਘਰਾਂ ਤੋਂ ਬਾਹਰ ਹੀ ਨਹੀਂ ਆਏ। ਜਿਸ ਕਾਰਨ ਉਨ੍ਹਾਂ ਨੂੰ ਇਸ ਦਾ ਸਿੱਧਾ ਫਾਇਦਾ ਹੋ ਸਕਦਾ ਹੈ। ਉਂਜ ਵੀ ਦੇਸ਼ ਵਿੱਚ ਮੋਦੀ ਦੀ ਲਹਿਰ ਚਲ ਰਹੀ ਹੈ। ਇਸ ਦਾ ਲਾਭ ਵੀ ਅਕਾਲੀ ਉਮੀਦਵਾਰ ਨੂੰ ਮਿਲਣਾ ਦੱਸਿਆ ਜਾ ਰਿਹਾ ਹੈ। ਉਧਰ, ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਨਾਲੋਂ ਵੱਖਰੇ ਹੋਏ ਸੀਨੀਅਰ ਆਗੂਆਂ ਵੱਲੋਂ ਬਣਾਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਦੇ ਸਮਰਥਕ ਅਤੇ ਟਕਸਾਲੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਸਾਹਿਬ ਸਿੰਘ ਬਡਾਲੀ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਅਕਾਲੀ ਦਲ ਦੇ ਖ਼ਿਲਾਫ਼ ਲਹਿਰ ਦਾ ਉਨ੍ਹਾਂ ਦੀ ਪਾਰਟੀ ਨੂੰ ਸਿੱਧਾ ਲਾਭ ਮਿਲੇਗਾ।
ਜਮਹੂਰੀ ਗੱਠਜੋੜ ਤੋਂ ਬਸਪਾ ਦੇ ਉਮੀਦਵਾਰ ਬਿਕਰਮ ਸਿੰਘ ਸੋਢੀ ਦੇ ਸਮਰਥਕਾਂ ਨੂੰ ਵੀ ਪਿਛਲੀ ਵਾਰ ਨਾਲੋਂ ਐਤਕੀਂ ਵੱਧ ਵੋਟਾਂ ਮਿਲਣ ਦੀ ਆਸ ਹੈ। ਇੰਝ ਹੀ ਆਪ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਵੀ ਜਿੱਤ ਦੀ ਆਸ ਲਾਈ ਬੈਠੇ ਹਨ। ਸਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ ਡਾ. ਪਰਮਜੀਤ ਸਿੰਘ ਰਾਣੂ ਦਾ ਕਹਿਣਾ ਹੈ ਕਿ ਐਤਕੀਂ ਚੋਣਾਂ ਦੇ ਨਤੀਜੇ ਬੜੀ ਹੈਰਾਨੀਜਨਕ ਹੋਣਗੇ। ਇਸ ਵਾਰ ਸਾਈਲੈਂਟ ਵੋਟਰ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਲੋਕ ਸਭਾ ਚੋਣਾਂ ਦਾ ਨਤੀਜਾ ਭਾਵੇਂ 23 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਪ੍ਰੰਤੂ ਇਸ ਸਬੰਧੀ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ। ਉਧਰ, ਵੱਖ ਵੱਖ ਉਮੀਦਵਾਰਾਂ ਵੱਲੋਂ ਪਾਰਟੀ ਵਰਕਰਾਂ ਅਤੇ ਚੋਣ ਏਜੰਟਾਂ ਨਾਲ ਇਕੱਠੇ ਬੈਠ ਕੇ ਬੂਥ ਵਾਈਜ਼ ਪਈਆਂ ਵੋਟਾਂ ਦਾ ਹਿਸਾਬ ਕਿਤਾਬ ਲਗਾਇਆ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਆਪਣੇ ਸਮਰਥਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਬੂਥ ’ਤੇ ਉਨ੍ਹਾਂ ਨੂੰ ਕਿੰਨੀਆਂ ਵੋਟਾਂ ਪੈ ਸਕਦੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…