Nabaz-e-punjab.com

ਲੋਕ ਸਭਾ ਚੋਣਾਂ: ਕਾਂਗਰਸ ਨੇ ਆਯੋਗ ਅਤੇ ਪਹਿਲਾਂ ਲੋਕਾਂ ਵੱਲੋਂ ਨਕਾਰੇ ਹੋਏ ਆਗੂਆਂ ਨੂੰ ਟਿਕਟਾਂ ਦਿੱਤੀਆਂ: ਗੁਰਵਿੰਦਰ ਬਾਲੀ

ਤਿੰਨ ਵਾਰੀ ਟਿਕਟ ਛੱਡ ਕੇ ਭੱਜਣ ਵਾਲੇ ਮਨੀਸ਼ ਤਿਵਾੜੀ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਟਿਕਟ ਦਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਕਾਂਗਰਸ ਪਾਰਟੀ ਨੇ ਐਤਕੀਂ ਲੋਕ ਸਭਾ ਚੋਣਾਂ ਲਈ ਵਫ਼ਾਦਾਰ ਵਰਕਰਾਂ ਅਤੇ ਯੋਗ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੀ ਬਜਾਏ ਹਾਰੇ ਹੋਏ ਉਮੀਦਵਾਰਾਂ ਨੂੰ ਟਿਕਟਾਂ ਵੰਡੀਆਂ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਬੁੱਝ ਕੇ ਅਤੇ ਵਿਦੇਸ਼ੀ ਲੋਕਾਂ ਦੇ ਕਹਿਣ ’ਤੇ ਅਜਿਹਾ ਕੁਝ ਕਰ ਰਹੇ ਹਨ। ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਇਹ ਦੋਸ਼ ਕਾਂਗਰਸ ਪਾਰਟੀ ਛੱਡ ਚੁੱਕੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੇ ਲਗਾਏ ਹਨ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੂੰ ਟਿਕਟ ਦੇਣ ’ਤੇ ਤਿੱਖਾ ਰੋਸ ਪ੍ਰਗਟ ਕਰਦਿਆਂ ਸ੍ਰੀ ਬਾਲੀ ਨੇ ਕਿਹਾ ਕਿ ਕੈਪਟਨ ਨੇ ਤਿਵਾੜੀ ਨੂੰ ਟਿਕਟ ਦਿਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਵਿੱਚ ਧੋਖੇਬਾਜ਼ਾਂ ਅਤੇ ਲੋਕਾਂ ਦੇ ਨਕਾਰੇ ਹੋਏ ਆਗੂਆਂ ਦੀ ਹੀ ਪੁੱਛ ਪ੍ਰਤੀਤ ਹੈ।
ਸ੍ਰੀ ਬਾਲੀ ਨੇ ਕਿਹਾ ਕਿ ਪਾਰਟੀ ਦੇ ਟਕਸਾਲੀ ਆਗੂਆਂ ਅਤੇ ਵਰਕਰਾਂ ਨਾਲ ਧੋਖੇਬਾਜ਼ੀ ਕਰਨ ਵਾਲੇ ਕੈਪਟਨ ਪੰਜਾਬ ਵਿੱਚ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਸੁਪਨਾ ਸਾਕਾਰ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਸਨੀਕ ਮੁਨੀਸ਼ ਤਿਵਾੜੀ ਨੇ ਪਿਛਲੇ ਦਸ ਸਾਲ ਕਦੇ ਹਲਕਾ ਅਨੰਦਪੁਰ ਸਾਹਿਬ ਵਿਚ ਗੇੜਾ ਨਹੀਂ ਲਾਇਆ ਅਤੇ ਉਸ ਨੂੰ ਉਮੀਦਵਾਰ ਵਜੋਂ ਉਤਾਰ ਦਿੱਤਾ ਗਿਆ ਹੈ। ਸ੍ਰੀ ਬਾਲੀ ਨੂੰ ਦਿੱਤੀ ਜਾ ਰਹੀ ਟਿਕਟ ਦੇ ਵਿਰੁੱਧ ਕੈਪਟਨ ਨੇ ਹਾਈ ਕਮਾਂਡ ਨੂੰ ਦਲੀਲ ਦਿੱਤੀ ਕਿ ਉਸ ਨੇ ਤਾਂ ਕਦੇ ਕੌਂਸਲਰ ਦੀ ਚੋਣ ਵੀ ਨਹੀਂ ਲੜੀ ਜਦਕਿ ਉਹ 37 ਸਾਲ ਤੋਂ ਲਗਾਤਾਰ ਪਾਰਟੀ ਦੇ ਵਫ਼ਦਾਰ ਵਰਕਰ ਵਜੋਂ ਕੰਮ ਕਰਦੇ ਆ ਰਹੇ ਹਨ ਅਤੇ ਪਾਰਟੀ ਦੇ ਬੁਲਾਰੇ ਵਜੋਂ ਹੁਣ ਤੱਕ ਸਰਕਾਰ ਨੂੰ ਬਚਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਵਿਦੇਸ਼ੀ ਲੋਕਾਂ ਦੇ ਹੱਥ ਠੋਕੇ ਬਣ ਚੁੱਕੇ ਕੈਪਟਨ ਸਿਆਸੀ ਪੱਖੋਂ ਕਾਫੀ ਲਾਚਾਰ ਹੋ ਚੁੱਕੇ ਹਨ। ਪਾਰਟੀ ਵਿੱਚ ਚੇਅਰਮੈਨੀਆਂ ਵੀ ਬਾਹਰੀ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਸਲਾਹਕਾਰ ਵੀ ਬਾਹਰੀ ਲੋਕਾਂ ਨੂੰ ਲਗਾਇਆ ਜਾ ਰਿਹਾ ਹੈ ਅਤੇ ਓਐਸਡੀ ਦੇ ਅਹੁਦਿਆਂ ’ਤੇ ਛੋਟੀ ਉਮਰ ਦੇ ਮੁੰਡਿਆਂ ਨੂੰ ਲਗਾਇਆ ਜਾ ਰਿਹਾ ਹੈ।
ਪੱਤਰਕਾਰਾਂ ਵੱਲੋਂ ਕਿਸੇ ਹੋਰ ਪਾਰਟੀ ਵਿਚ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਗੁਰਵਿੰਦਰ ਸਿੰਘ ਬਾਲੀ ਨੇ ਕਿਹਾ ਕਿ ਉਹ ਨਾ ਤਾਂ ਕਿਸੇ ਹੋਰ ਪਾਰਟੀ ਨੂੰ ਸਮਰਥਨ ਦੇਣਗੇ ਅਤੇ ਨਾ ਹੀ ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ ਅਤੇ ਨਾ ਹੀ ਕਿਸੇ ਬਾਗੀਆਂ ਦੇ ਪਲੇਟਫਾਰਮ ’ਤੇ ਜਾਣਗੇ। ਉਹ ਲੋਕ ਸਭਾ ਚੋਣਾਂ ਤੱਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਖੁੱਲ੍ਹ ਕੇ ਪ੍ਰਚਾਰ ਕਰਨਗੇ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…