Nabaz-e-punjab.com

ਲੋਕ ਸਭਾ ਚੋਣਾਂ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਖਡੂਰ ਸਾਹਿਬ ਵਿੱਚ ਬੀਬੀ ਖਾਲੜਾ ਨੂੰ ਸਮਰਥਨ ਦੇਣ ਦਾ ਐਲਾਨ

ਅਕਾਲੀ ਦਲ (ਟਕਸਾਲੀ) ਨੇ ਆਪਣੇ ਉਮੀਦਵਾਰ ਜਨਰਲ ਜੇਜੇ ਸਿੰਘ ਨੂੰ ਚੋਣ ਮੈਦਾਨ ’ਚੋਂ ਹਟਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ (ਪਤਨੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ) ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਟਕਸਾਲੀ ਦਲ ਦੇ ਇਸ ਫੈਸਲੇ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਨਵੇਂ ਸਿਆਸੀ ਸਮੀਕਰਨ ਪੈਦਾ ਹੋ ਗਏ ਹਨ। ਟਕਸਾਲੀਆਂ ਨੇ ਬੀਬੀ ਖਾਲੜਾ ਦੇ ਹੱਕ ਵਿੱਚ ਫੈਸਲਾ ਲੈ ਕੇ ਹੁਕਮਰਾਨ ਕਾਂਗਰਸ ਪਾਰਟੀ ਅਤੇ ਬਾਦਲ ਦਲ ਨੂੰ ਧਾਰਮਿਕ ਸ਼ੰਕਟ ਵਿੱਚ ਪਾ ਦਿੱਤਾ ਹੈ।
ਜਥੇਦਾਰ ਬ੍ਰਹਮਪੁਰਾ ਨੇ ਐਤਵਾਰ ਨੂੰ ਦੇਰ ਸ਼ਾਮ ਇਹ ਐਲਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਇੱਥੋਂ ਦੇ ਫੇਜ਼-11 ਦੇ ਪਬਲਿਕ ਪਾਰਕ ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਦੇ ਹੱਕ ਵਿੱਚ ਕੀਤੀ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਂਜ ਉਨ੍ਹਾਂ ਬੀਬੀ ਖਾਲੜਾ ਨੂੰ ਵੀ ਮੰਚ ਤੋਂ ਅਪੀਲ ਕੀਤੀ ਕਿ ਉਹ ਸੁਖਪਾਲ ਖਹਿਰਾ ਦੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਦੀ ਬਜਾਏ ਆਜ਼ਾਦ ਉਮੀਦਵਾਰ ਚੋਣ ਲੜਨ ਤਾਂ ਜੋ ਹੋਰਨਾਂ ਪਾਰਟੀਆਂ ਅਤੇ ਸੰਸਥਾਵਾਂ ਨੂੰ ਵੀ ਉਨ੍ਹਾਂ ਦੀ ਖੁੱਲ੍ਹ ਕੇ ਮਦਦ ਕਰਨ ਲਈ ਪ੍ਰੇਰਿਆ ਜਾ ਸਕੇ। ਇਸ ਤੋਂ ਪਹਿਲਾਂ ਜਥੇਦਾਰ ਬ੍ਰਹਮਪੁਰਾ ਨੇ ਮੀਡੀਆ ਵਿੱਚ ਇਹ ਦਾਅਵਾ ਕੀਤਾ ਸੀ ਕਿ ਉਹ ਖਡੂਰ ਸਾਹਿਬ ਸੀਟ ’ਤੇ ਕੋਈ ਸਮਝੌਤਾ ਨਹੀਂ ਕਰਨਗੇ ਪ੍ਰੰਤੂ ਹੁਣ ਉਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਖਡੂਰ ਸਾਹਿਬ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਜੇਜੇ ਸਿੰਘ ਨੂੰ ਬੀਬੀ ਖਾਲੜਾ ਦੇ ਹੱਕ ਵਿੱਚ ਬੈਠਣ ਲਈ ਰਜ਼ਾਮੰਦ ਕਰ ਲਿਆ ਹੈ। ਸ੍ਰੀ ਬ੍ਰਹਮਪੁਰਾ ਨੇ ਬੀਬੀ ਖਾਲੜਾ ਦੇ ਹੱਕ ਵਿੱਚ ਜਨਰਲ ਜੇਜੇ ਸਿੰਘ ਨੂੰ ਮੰਚ ਤੋਂ ਚੋਣ ਮੈਦਾਨ ’ਚੋਂ ਹਟਾਉਣ ਦਾ ਰਸਮੀ ਐਲਾਨ ਪਾਰਟੀ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ, ਰਤਨ ਸਿੰਘ ਅਜਨਾਲਾ, ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦ ਅਤੇ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਦੀ ਮੌਜੂਦਗੀ ਵਿੱਚ ਕੀਤਾ। ਜਿਵੇਂ ਹੀ ਇਹ ਐਲਾਨ ਹੋਇਆ ਤਾਂ ਪੂਰਾ ਪੰਡਾਲ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਜਥੇਦਾਰ ਬ੍ਰਹਮਪੁਰਾ ਨੇ ਮੁੜ ਦੁਹਰਾਇਆ ਕਿ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸੀਨੀਅਰ ਅਕਾਲੀ ਆਗੂ ਰਤਨ ਸਿੰਘ ਅਜਨਾਲਾ ਦੇ ਸਪੁੱਤਰ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੌਨੀ ਅਜਨਾਲਾ ਦੇ ਰਾਹੀਂ ਬੀਬੀ ਖਾਲੜਾ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਟਕਸਾਲੀ ਦਲ ਵੱਲੋਂ ਲੋਕ ਸਭਾ ਦੀ ਚੋਣ ਲੜਾਉਣ ਦੀ ਪੇਸ਼ਕੇਸ਼ ਕੀਤੀ ਸੀ ਲੇਕਿਨ ਉਦੋਂ ਬੀਬੀ ਖਾਲੜਾ ਨੇ ਉਨ੍ਹਾਂ ਦੀ ਅਪੀਲ ਇਹ ਕਹਿ ਕੇ ਠੁਕਰਾ ਦਿੱਤੀ ਸੀ ਕਿ ਉਹ ਚੋਣਾਂ ਦੇ ਝੰਝਟ ਵਿੱਚ ਨਹੀਂ ਪੈਣਾ ਚਾਹੁੰਦੇ ਪ੍ਰੰਤੂ ਬਾਅਦ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਬੀਬੀ ਖਾਲੜਾ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਜਦੋਂ ਜਥੇਦਾਰ ਬ੍ਰਹਮਪੁਰਾ ਨੂੰ ਇਹ ਪੁੱਛਿਆ ਗਿਆ ਕਿ ਜੇਕਰ ਬੀਬੀ ਖਾਲੜਾ ਨੇ ਉਨ੍ਹਾਂ ਦੀ ਅਪੀਲ ’ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਨਹੀਂ ਲਿਆ ਤਾਂ ਕੀ ਫਿਰ ਵੀ ਟਕਸਾਲੀ ਦਲ ਬੀਬੀ ਖਾਲੜਾ ਦਾ ਸਮਰਥਨ ਕਰੇਗਾ ਤਾਂ ਇਸ ਬਾਰੇ ਸ੍ਰੀ ਬ੍ਰਹਮਪੁਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਸਾਥੀਆਂ, ਪੰਥ ਦਰਦੀਆਂ ਅਤੇ ਸਿੱਖਾਂ ਦੇ ਕਹਿਣ ’ਤੇ ਆਪਣਾ ਉਮੀਦਵਾਰ ਚੋਣ ਮੈਦਾਨ ’ਚੋਂ ਹਟਾ ਲਿਆ ਹੈ। ਹੁਣ ਇਹ ਬੀਬੀ ਖਾਲੜਾ ਨੇ ਫੈਸਲਾ ਲੈਣਾ ਹੈ ਕਿ ਉਹ ਆਜ਼ਾਦ ਉਮੀਦਵਾਰ ਚੋਣ ਲੜਨਾ ਚਾਹੁੰਦੇ ਹਨ ਜਾਂ ਨਹੀਂ? ਉਨ੍ਹਾਂ ਨੇ ਤਾਂ ਆਪਣੇ ਸਾਥੀਆਂ ਦੀ ਗੱਲ ਮੰਨ ਕੇ ਬੀਬੀ ਨੂੰ ਸਮਰਥਨ ਦੇਣ ਦਾ ਨਿਰਣਾ ਲੈ ਲਿਆ ਹੈ। ਇਸ ਮੌਕੇ ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਅਮਰੀਕ ਸਿੰਘ ਧਾਲੀਵਾਲ ਅਤੇ ਹੋਰ ਪਾਰਟੀ ਆਗੂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…