ਲੋਕ ਸਭਾ ਚੋਣਾਂ: ਸਿਆਸੀ ਪਾਰਟੀਆਂ ਵੱਲੋਂ ਅੌਰਤਾਂ ਦੀ ਅਣਦੇਖੀ ਦਾ ਮੁੱਦਾ ਭਖਿਆ

ਬਦਲਾਓ ਲਿਆਉਣ ਦੇ ਮੁੱਦੇ ’ਤੇ ਜਿੱਤੀ ‘ਆਪ’ ਅੌਰਤਾਂ ਨੂੰ ਟਿਕਟ ਤੇ ਹਜ਼ਾਰ ਰੁਪਏ ਦੇਣ ਦੀ ਗਰੰਟੀ ਤੋਂ ਭੱਜੀ: ਕੁੰਭੜਾ

ਨਬਜ਼-ਏ-ਪੰਜਾਬ, ਮੁਹਾਲੀ, 17 ਅਪਰੈਲ:
ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਸਬੰਧੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਅੌਰਤਾਂ ਨੂੰ ਅਣਗੌਲਿਆ ਕਰਨ ਦਾ ਮਾਮਲਾ ਵੀ ਕਾਫ਼ੀ ਭਖ ਗਿਆ ਹੈ। ਅੌਰਤਾਂ ਦਾ 50 ਫੀਸਦੀ ਰਾਖਵਾਂਕਰਨ ਕਿੱਧਰੇ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਵਿੱਚ ਭਾਜਪਾ ਵੱਲੋਂ 9 ਉਮੀਦਵਾਰ ਐਲਾਨੇ ਗਏ ਹਨ, ਜਿਨ੍ਹਾਂ ਵਿੱਚ ਤਿੰਨ ਅੌਰਤਾਂ ਪਟਿਆਲਾ ਤੋਂ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਬਠਿੰਡਾ ਤੋਂ ਸਾਬਕਾ ਆਈਏਐਸ ਪਰਮਪਾਲ ਕੌਰ ਅਤੇ ਹੁਸ਼ਿਆਰਪੁਰ ਤੋਂ ਮੌਜੂਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਸ਼ਾਮਲ ਹਨ। ਅਕਾਲੀ ਦਲ 7 ਉਮੀਦਵਾਰ ਅਤੇ ਕਾਂਗਰਸ 6 ਉਮੀਦਵਾਰ ਐਲਾਨ ਚੁੱਕੀ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ 13 ਸੀਟਾਂ ’ਤੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ।
ਅੱਜ ਇੱਥੇ ਮੀਡੀਆ ਦੇ ਰੂਬਰੂ ਹੁੰਦਿਆਂ ਸਾਬਕਾ ਬਲਾਕ ਸਮਿਤੀ ਮੈਂਬਰ ਬੀਬੀ ਗੁਰਨਾਮ ਕੌਰ ਕੁੰਭੜਾ, ਇੰਦਰਜੀਤ ਕੌਰ, ਕਰਮਜੀਤ ਕੌਰ ਅਤੇ ਮਨਦੀਪ ਕੌਰ ਨੇ ਕਿਹਾ ਕਿ ਭਾਜਪਾ ਨੂੰ ਛੱਡ ਕੇ ਬਾਕੀ ਹਾਲੇ ਕਿਸੇ ਪਾਰਟੀ ਨੇ ਕਿਸੇ ਅੌਰਤ ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਹੈ। ਖ਼ੁਦ ਨੂੰ ਕ੍ਰਾਂਤੀਕਾਰੀ ਪਾਰਟੀ ਦੱਸਣ ਵਾਲੀ ‘ਆਪ’ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਸਾਰੀਆਂ ਸੀਟਾਂ ’ਤੇ ਪੁਰਸ਼ਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਦੋਂਕਿ ਪਾਰਟੀਆਂ ਨੂੰ ਅੌਰਤਾਂ ਦੇ 50 ਫੀਸਦੀ ਰਾਖਵੇਂਕਰਨ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਸਮੇਤ ਹੁਣ ਆਪ ਵੀ ਅੌਰਤਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਹੀ ਇਸਤੇਮਾਲ ਕਰਦੀ ਹੈ। ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਨਾਅਰਾ ਅਤੇ ਅੌਰਤਾਂ ਨੂੰ ਬਰਾਬਰੀ ਦੇ ਹੱਕ ਦੇਣ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਹਨ। ਇਹੀ ਨਹੀਂ 18 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਅਤੇ ਅੌਰਤਾਂ ਨੂੰ 1000-1000 ਰੁਪਏ ਦੀ ਗਰੰਟੀ ਤੋਂ ਸਰਕਾਰ ਮੁੱਕਰ ਗਈ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਆਮ ਆਦਮੀ ਪਾਰਟੀ ਨੇ ਅੌਰਤਾਂ ਦੇ 50 ਫੀਸਦੀ ਰਾਖਵੇਂਕਰਨ ਦਾ ਹੱਕ ਵੀ ਖੋਹ ਲਿਆ ਹੈ। ਕਿਸੇ ਹਲਕੇ ’ਚੋਂ ਅੌਰਤ ਨੂੰ ਉਮੀਦਵਾਰ ਨਾ ਬਣਾਏ ਜਾਣ ਕਾਰਨ ਬੀਬੀਆਂ ਵਿੱਚ ਭਾਰੀ ਰੋਸ ਹੈ। ਜਿਸ ਦਾ ਖ਼ਮਿਆਜ਼ਾ ਹੁਕਮਰਾਨ ਪਾਰਟੀ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…